ਲਾਸ ਏਂਜਲਸ ਕਾਊਂਟੀ ਵਿਚ ਮਾਲ ਗੱਡੀਆਂ ਵਿਚੋਂ ਕੰਪਨੀਆਂ ਦੇ ਪਾਰਸਲਾਂ ਦੀ ਚੋਰੀ ਦੀਆਂ ਘਟਨਾਵਾਂ ਵਿਚ ਹੋਇਆ ਵਾਧਾ

ਲਾਸ ਏਂਜਲਸ ਕਾਊਂਟੀ ਵਿਚ ਮਾਲ ਗੱਡੀਆਂ ਵਿਚੋਂ ਕੰਪਨੀਆਂ ਦੇ ਪਾਰਸਲਾਂ ਦੀ ਚੋਰੀ ਦੀਆਂ ਘਟਨਾਵਾਂ ਵਿਚ ਹੋਇਆ ਵਾਧਾ

* ਕੰਪਨੀਆਂ ਰੇਲ ਗੱਡੀਆਂ ਰਾਹੀਂ ਸਮਾਨ ਨਾ ਭੇਜਣ ਬਾਰੇ ਸੋਚਣ ਲੱਗੀਆਂ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ  ( ਹੁਸਨ ਲੜੋਆ ਬੰਗਾ)- ਲਾਸ ਏਂਜਲਸ ਕਾਊਂਟੀ, ਕੈਲੀਫੋਰਨੀਆ, ਵਿਚ ਮਾਲ ਗੱਡੀਆਂ ਵਿਚੋਂ ਪਾਰਸਲਾਂ ਦੀ ਚੋਰੀ ਦੀਆਂ  ਘਟਨਾਵਾਂ ਵਿਚ ਵਾਧਾ ਹੋਇਆ ਹੈ । ਰੇਲ ਪੱਟੜੀਆਂ ਦੇ ਨਾਲ ਪਏ ਖਾਲ੍ਹੀ ਡੱਬਿਆਂ ਦੀਆਂ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼ ਤੋਂ ਇਸ ਦਾ ਅੰਦਾਜਾ ਸਹਿਜੇ ਹੀ ਲੱਗ ਜਾਂਦਾ ਹੈ। ਸ਼ਿੰਪਿੰਗ ਕੰਪਨੀਆਂ ਅਨੁਸਾਰ ਰੇਲ ਗੱਡੀਆਂ ਵਿਚ ਡੱਬਿਆਂ ਤੇ ਪੈਕਟਾਂ ਦੀ ਚੋਰੀ ਦੀਆਂ ਘਟਨਾਵਾਂ ਵਿਚ ਨਾਟਕੀ ਢੰਗ ਨਾਲ ਵਾਧਾ ਹੋਇਆ  ਹੈ। ਜਿਨ੍ਹਾਂ ਕੰਪਨੀਆਂ ਦੇ ਡੱਬੇ ਤੇ ਪੈਕਟ ਚੋਰੀ ਹੋਏ ਹਨ ਉਨ੍ਹਾਂ ਵਿਚ ਯੂ ਪੀ ਐਸ, ਐਮਾਜ਼ੋਨ ਤੇ ਫੈਡਐਕਸ ਵਰਗੀਆਂ ਕੰਪਨੀਆਂ ਵੀ ਸ਼ਾਮਿਲ ਹਨ।  ਰੇਲ ਰਾਹੀਂ ਸਮਾਨ ਭੇਜਣ ਵਾਲੀ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਯੁਨੀਅਨ ਪੈਸੀਫਿਕ ਨੇ ਕਿਹਾ ਹੈ ਕਿ ਵਧੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਉਹ ਲਾਸ ਏਂਜਲਸ ਵਿਚ ਰੇਲ ਗੱਡੀਆਂ ਰਾਹੀਂ ਸਮਾਨ ਭੇਜਣਾ ਬੰਦ ਕਰ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਪਰਾਧੀਆਂ ਵਿਰੁੱਧ ਕਾਰਵਾਈ ਵਿੱਚ ਢਿਲੇਪਣ ਕਾਰਨ ਚੋਰੀ ਦੀਆਂ ਘਟਨਾਵਾਂ ਰੁਕਣ ਦੀ ਬਜਾਏ ਵਧ ਰਹੀਆਂ ਹਨ। ਕੰਪਨੀ ਨੇ ਪਿਛਲੇ ਮਹੀਨੇ ਲਾਸ ਏਂਜਲਸ ਡਿਸਟ੍ਰਿਕਟ ਅਟਾਰਨੀ ਨੂੰ ਲਿੱਖੇ ਇਕ ਪੱਤਰ ਵਿਚ ਕਿਹਾ ਹੈ ਕਿ ਲਾਸ ਏਂਜਲਸ ਕਾਊਂਟੀ ਵਿਚ ਹਰ ਸਾਲ ਚੋਰੀ ਦੀਆਂ ਘਟਨਾਵਾਂ ਵਿਚ 160% ਵਾਧਾ ਹੋਇਆ ਹੈ। ਕੰਪਨੀ ਅਨੁਸਾਰ ਸਾਲ ਦੇ ਆਖਰੀ  ਤਿੰਨ ਮਹੀਨਿਆਂ ਦੌਰਾਨ ਉਸ ਨੇ ਲਾਸ ਏਂਜਲਸ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਗੱਡੀਆਂ ਵਿਚ ਲੁੱਟਮਾਰ ਕਰਦੇ ਸਰਗਰਮ 100 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਸੀ ।

ਯੁਨੀਅਨ ਪੈਸੀਫਿਕ ਜਿਸ ਦਾ ਆਪਣਾ ਪੁਲਿਸ ਵਿਭਾਗ ਹੈ ਜਿਸ ਦੇ ਅਧਿਕਾਰ ਖੇਤਰ ਵਿਚ ਉਸ ਦੀਆਂ ਆਪਣੀਆਂ 32000 ਮੀਲ ਲੰਬੀਆਂ ਪੱਟੜੀਆਂ ਆਉਂਦੀਆਂ ਹਨ, ਨੇ ਕਿਹਾ ਹੈ ਕਿ ਉਸ ਵੱਲੋਂ ਸੁਰੱਖਿਆ ਸਾਧਨ ਵਧਾਉਣ ਤੇ ਸਥਾਨਕ ਲਾਅ ਇਨਫੋਰਸਮੈਂਟ ਏਜੰਸੀ ਨਾਲ ਭਾਈਵਾਲੀ ਪਾਉਣ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋਈ। ਕੰਪਨੀ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ 24 ਘੰਟਿਆਂ ਵਿਚ ਹੀ ਛੱਡ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਡਿਸਟ੍ਰਿਕਟ ਅਟਾਰਨੀ ਗੈਸਕੋਨ ਦੇ ਵਿਸ਼ੇਸ਼ ਸਲਾਹਕਾਰ ਅਲੈਕਸ ਬਸਟੀਅਨ ਨੇ ਇਸ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸਾਡਾ ਦਫਤਰ ਲਾਸ  ਏਂਜਲਸ ਕਾਊਂਟੀ ਵਿਚ ਰੇਲ ਪੱਟੜੀਆਂ ਜਾਂ  ਬੰਦਰਗਾਹਾਂ ਨੂੰ ਸੁਰੱਖਿਅਤ ਕਰਨ ਲਈ ਲਾਅ ਇਨਫੋਰਸਮੈਂਟ ਵਿਭਾਗ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੁਨੀਅਨ ਪੈਸੀਫਿਕ ਵੱਲੋਂ ਚੋਰੀ ਸਬੰਧੀ ਭੇਜੇ ਗਏ ਕੁਝ ਮਾਮਲੇ ਦਰਜ ਕੀਤੇ ਗਏ ਹਨ ਪਰੰਤੂ ਨਾ ਕਾਫੀ ਸਬੂਤਾਂ ਕਾਰਨ ਕੁਝ ਮਾਮਲੇ ਦਰਜ ਨਹੀਂ ਕੀਤੇ ਗਏ ਕਿਉਂਕਿ ਕਾਰਵਾਈ ਸਬੂਤਾਂ ਅਧਾਰਤ ਹੁੰਦੀ ਹੈ।