ਜਸਤਰਵਾਲ ਦੇ ਗੁਰਦੁਆਰੇ 'ਚ ਵਾਪਰੀ ਬੇਅਦਬੀ ਦੀ ਘਟਨਾ,  ਗ੍ਰਿਫ਼ਤਾਰ ਮੁਲਜ਼ਮ ਪੱਛਮੀ ਬੰਗਾਲ ਨਾਲ ਸਬੰਧਤ

ਜਸਤਰਵਾਲ ਦੇ ਗੁਰਦੁਆਰੇ 'ਚ ਵਾਪਰੀ ਬੇਅਦਬੀ ਦੀ ਘਟਨਾ,  ਗ੍ਰਿਫ਼ਤਾਰ ਮੁਲਜ਼ਮ ਪੱਛਮੀ ਬੰਗਾਲ ਨਾਲ ਸਬੰਧਤ

ਅੰਮ੍ਰਿਤਸਰ ਟਾਈਮਜ਼ 

ਅੰਮ੍ਰਿਤਸਰਪਿੰਡ ਜਸਤਰਵਾਲ ਦੇ ਗੁਰਦੁਆਰੇ ਨਾਨਕਸਰ ਵਿਖੇ ਬੀਤੇ ਦਿਨ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਹੋ ਗਈ ਹੈ। ਇਹ ਵਿਅਕਤੀ ਪੱਛਮੀ ਬੰਗਾਲ ਦੇ ਪਿੰਡ ਮਾਲ ਦਾ ਰਹਿਣ ਵਾਲਾ ਹੈ, ਜਿਸ ਖ਼ਿਲਾਫ਼  ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਥਾਣਾ ਭਿੰਡੀ ਸੈਦਾ ਵਿੱਚ ਆਈਪੀਸੀ ਦੀ ਧਾਰਾ 295-ਏ ਅਧੀਨ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਰਾਕੇਸ਼ ਕੌਸ਼ਲ ਨੇ  ਇਥੇ ਦੱਸਿਆ ਕਿ ਮੁਲਜ਼ਮ ਜੈਡਾਰੋਲ ਪੁੱਤਰ ਰਫੀਕ ਗਿੱਲ ਵਾਸੀ ਮਾਲਦਾ, ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਪਿੰਡ ਵਾਸੀਆਂ ਨੇ ਬੀਤੇ ਦਿਨ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਹ ਵਿਅਕਤੀ ਪਿੰਡ ਜਸਤਰਵਾਲ ਦੇ ਗੁਰਦੁਆਰੇ ਨਾਨਕਸਰ ਵਿਖੇ ਦੁਪਹਿਰ ਲਗਪਗ ਇਕ ਵਜੇ ਦਾਖਲ ਹੋਇਆ ਅਤੇ ਲਗਪਗ 25 ਮਿੰਟ ਗੁਰਦੁਆਰੇ ਅੰਦਰ ਰਿਹਾ। ਮੁਲਜ਼ਮ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪੀੜੇ ਤੋਂ ਚੁੱਕ ਕੇ ਗੁਰਦੁਆਰੇ ਦੇ ਅੰਦਰ ਹੀ ਕੜਾਹ ਪ੍ਰਸ਼ਾਦਿ ਵਾਲੇ ਮੇਜ਼ ਤੇ ਰੱਖ ਦਿੱਤਾ। ਰੁਮਾਲਾ, ਚੌਰ ਸਾਹਿਬ ਤੇ ਗੁਟਕੇ ਸਮੇਤ ਹੋਰ ਵਸਤਾਂ ਲੈ ਕੇ ਗੁਰਦੁਆਰੇ ਤੋਂ ਬਾਹਰ ਚਲਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਦੇਖ ਲਿਆ ਅਤੇ ਕਾਬੂ ਕਰ ਲਿਆ। ਇਹ ਸਾਰਾ ਮਾਮਲਾ ਗੁਰਦੁਆਰੇ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਰਿਕਾਰਡ ਹੋਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਅਧਿਕਾਰੀ ਮੌਕੇ ਤੇ ਪੁੱਜ ਗਏ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ। ਪੁਲੀਸ ਨੇ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਹੈ। ਮੁਲਜ਼ਮ ਦਾ ਡੋਪ ਟੈਸਟ ਕੀਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਉਸ ਨੇ ਕਾਫ਼ੀ ਗੋਲੀਆਂ ਖਾਧੀਆਂ ਸਨ। ਮੁਲਜ਼਼ਮ ਕੋਲੋਂ ਨਾ ਕੋਈ ਸ਼ਨਾਖਤੀ ਕਾਰਡ ਤੇ ਮੋਬਾਈਲ ਨਹੀਂ ਸੀ। ਪੁਲੀਸ ਵੱਲੋਂ ਇਸ ਦੀ ਬਾਇਓਮੀਟ੍ਰਿਕ ਟੈਸਟ ਰਾਹੀਂ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।