ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿਚ ਬਂੰਬ ਧਮਾਕਾ; ਇੱਕ ਹਲਾਕ

ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿਚ ਬਂੰਬ ਧਮਾਕਾ; ਇੱਕ ਹਲਾਕ

* ਤਿੰਨ ਔਰਤਾਂ ਸਣੇ 6 ਜ਼ਖ਼ਮੀ

* ਦੂਜੀ ਮੰਜ਼ਿਲ ਸਥਿਤ ਪਖਾਨੇ ਵਿਚ ਹੋਇਆ ਧਮਾਕਾ

* ਮੁੱਖ ਮੰਤਰੀ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ

* ਖਾਲਿਸਤਾਨੀਆਂ ਨੂੰ ਫਸਾਉਣ ਦੀਆਂ ਤਿਆਰੀਆਂ

*ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ

*ਕੇਂਦਰੀ ਮੰਤਰੀ ਰਿਜਿਜੂ ਬੋਲੇ- ਧਮਾਕੇ 'ਤੇ ਸਿਆਸਤ ਨਾ ਕਰਨ ਮੁਖ ਮੰਤਰੀ ਚੰਨੀ, ਡਿਪਟੀ ਸੀਐੱਮ ਰੰਧਾਵਾ ਤੇ ਸਿੱਧੂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ: ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜਿਲ 'ਤੇ ਜੁਡੀਸ਼ੀਅਲ ਮੈਜਿਸਟਰੇਟ ਸ਼ਵੇਤਾ ਦਾਸ ਦੀ ਅਦਾਲਤ ਦੇ ਨੇੜੇ ਰਿਕਾਰਡ ਰੂਮ ਨਾਲ ਲੱਗਦੇ ਬਾਥਰੂਮ ਵਿਚ   ਬੀਤੇ ਦਿਨੀਂ ਦੁਪਹਿਰ ਹੋਏ ਧਮਾਕੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਔਰਤਾਂ ਸਣੇ 6 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਇੱਥੇ ਬੰਬ ਲਾਉਣ ਆਇਆ ਤੇ ਧਮਾਕੇ ਦੀ ਲਪੇਟ ਵਿਚ ਆ ਗਿਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਡੀਜੀਪੀ ਸਿਧਾਰਥ ਚਟੋਪਾਧਿਆ ਮੌਕੇ ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਲੁਧਿਆਣਾ ਪੁੱਜ ਕੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। 

ਧਮਾਕਾ ਇਨ੍ਹਾਂ ਕੁ ਤੇਜ਼ ਸੀ ਕਿ ਬਾਥਰੂਮ ਦੇ ਅੰਦਰ ਦੀਆਂ ਸਾਰੀਆਂ ਕੰਧਾਂ ਡਿੱਗ ਗਈਆਂ। ਉੱਧਰ ਬਾਥਰੂਮ ਦੇ ਬਾਹਰ ਫੋਟੋ ਸਟੇਟ ਮਸ਼ੀਨ ਲਾ ਕੇ ਬੈਠੀ ਔਰਤ ਵੀ ਧਮਾਕੇ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਈ। ਧਮਾਕੇ ਮਗਰੋਂ ਪੂਰੇ ਕੰਪਲੈਕਸ ਵਿਚ ਹਫ਼ਤਾ ਦਫ਼ੜੀ ਮਚ ਗਈ। ਇਸ ਘਟਨਾ ਵਿਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਵੱਖ ਵੱਖ ਹਸਤਪਾਲਾਂ ਵਿਚ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਸੰਦੀਪ ਕੌਰ ਰਾਏਕੋਟ, ਸ਼ਰਨਜੀਤ ਕੌਰ ਜਮਾਲਪੁਰ, ਮਨੀਸ਼ ਕੁਮਾਰ ਵਰਿੰਦਾਵਨ ਰੋਡ ਲੁਧਿਆਣਾ ਅਤੇ ਕ੍ਰਿਸ਼ਨਾ ਖੰਨਾ ਵਾਸੀ ਫੇਜ਼-1 ਦੁੱਗਰੀ ਵਜੋਂ ਹੋਈ ਹੈ। ਜਾਂਚ ਦੌਰਾਨ ਪੁਲੀਸ ਨੂੰ ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ, ਜੋ ਕਿ ਪੂਰੀ ਤਰ੍ਹਾਂ ਖਿੰਡ ਚੁੱਕੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤੇ ਪੁਲੀਸ ਨੂੰ ਸ਼ੱਕ ਹੈ ਕਿ ਇਹੀ ਵਿਅਕਤੀ ਬੰਬ ਨੂੰ ਲਿਆਇਆ ਹੋਵੇਗਾ ਅਤੇ ਬੰਬ ਲਾਉਂਦੇ ਸਮੇਂ ਧਮਾਕਾ ਹੋ ਗਿਆ ਹੋਵੇਗਾ।ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਗ੍ਰਹਿ ਮੰਤਰੀ ਸੁਖਜਿੰਦਰ ਸਿੰੰਘ ਰੰਧਾਵਾ ਨੇ ਘਟਨਾ ਸਥਾਨ ਤੇ ਪੁੱਜੇ। ਉਨ੍ਹਾਂ ਸਿਵਲ ਹਸਪਤਾਲ ਤੇ ਡੀਐੱਮਸੀ ਹਸਪਤਾਲ ਦਾ ਦੌਰਾ ਵੀ ਕੀਤਾ। ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਮਾਕੇ ਪਿੱਛੇ ਬਾਹਰੀ ਤਾਕਤਾਂ ਦੇ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ  ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿਚ ਹੋਏ ਧਮਾਕੇ ਸਬੰਧੀ ਰਿਪੋਰਟ ਮੰਗੀ ਹੈ। ਅਧਿਕਾਰੀਆਂ ਅਨੁਸਾਰ ਮੰਤਰਾਲੇ ਨੇ ਰਾਜ ਸਰਕਾਰ ਨੂੰ ਮੁੱਢਲੀ ਜਾਂਚ ਦੇ ਨਤੀਜਿਆਂ ਬਾਰੇ ਸੂਚਿਤ ਕਰਨ ਅਤੇ ਇਹ ਵੀ ਦੱਸਣ ਨੂੰ ਕਿਹਾ ਕਿ ਧਮਾਕੇ ਵਿਚ ਸੰਭਾਵੀ ਤੌਰ ਤੇ ਕੌਣ ਸ਼ਾਮਲ ਹੋ ਸਕਦਾ ਹੈ। 

 ਬੇਅਦਬੀ ਤੇ ਧਮਾਕਾ ਇਕ ਕੜੀ: ਨਵਜੋਤ ਸਿੱਧੂ

 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਮੁੱਚਾ ਪੰਜਾਬ ਇਕਮੁੱਠ ਹੈ। ਸਿੱਧੂ ਨੇ ਕਿਹਾ ਕਿ ਬੇਅਦਬੀ ਦੀਆਂ ਕੋਸ਼ਿਸ਼ਾਂ ਅਤੇ ਲੁਧਿਆਣਾ ਦੇ ਬੰਬ ਧਮਾਕੇ ਵਿਚਕਾਰ ਇੱਕ ਕੜੀ ਜੁੜਦੀ ਹੈ, ਜਿਸ ਦਾ ਮਕਸਦ ਇੱਕ ਵਿਸ਼ੇਸ਼ ਭਾਈਚਾਰੇ ਦਾ ਧਰੁਵੀਕਰਨ ਕਰਨਾ ਹੈ।

ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇ: ਅਮਰਿੰਦਰ

 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਅਦਾਲਤੀ ਕੰਪਲੈਕਸ ਵਿਚ ਹੋਏ ਧਮਾਕੇ ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਤੇ ਬਹੁਤ ਦੁਖ ਹੋਇਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ।

ਬੰਬ ਧਮਾਕੇ ਤੇ ਦਰਬਾਰ ਸਾਹਿਬ ’ਚ ਵਾਪਰੀ ਘਟਨਾ ਪਿੱਛੇ ਮਾਸਟਰ ਮਾਈਂਡ : ਕੇਜਰੀਵਾਲ

ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ ਘਟਨਾ ਤੇ ਬੰਬ ਧਮਾਕੇ ਪਿੱਛੇ ਕਿਸੇ ਵੱਡੇ ਮਾਸਟਰ ਮਾਈਂਡ ਦੇ ਹੱਥ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਕੇਜਰੀਵਾਲ ਨੇ ਕਿਹਾ, "ਕੁਝ ਦਿਨ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਉਣਾ ਅਤੇ ਫਿਰ ਇਹ ਧਮਾਕਾ ਹੋਣਾ, ਜਨਤਾ ਨੂੰ ਲਗਦਾ ਹੈ ਕਿ ਇਹ ਸਾਰਾ ਕੁਝ ਸਾਜਿਸ਼ ਤਹਿਤ ਹੋ ਰਿਹਾ ਹੈ ਅਤੇ ਇਹ ਸਭ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੀਤੇ ਜਾ ਰਹੇ ਹਨ।" ਪਿਛਲੀਆਂ ਚੋਣਾਂ ਸਮੇਂ ਵੀ ਮੌੜ ਮੰਡੀ ਵਿਚ ਧਮਾਕਾ ਹੋਇਆ ਸੀ, ਬਰਗਾੜੀ ਕਾਂਡ ਵੀ ਚੋਣਾਂ ਸਮੇਂ ਹੀ ਵਾਪਰਿਆ ਜਦਕਿ ਹੁਣ ਫਿਰ ਉਨ੍ਹਾਂ ਲੋਕਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਹੈ।

ਕੇਂਦਰੀ ਮੰਤਰੀ ਰਿਜਿਜੂ ਬੋਲੇ- ਧਮਾਕੇ 'ਤੇ ਸਿਆਸਤ ਨਾ ਕਰੇ ਕਾਂਗਰਸ 

ਲੁਧਿਆਣਾ ਵਿਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੰਜਾਬ ਦੇ ਮੁੱਖਮੰਤਰੀ, ਗ੍ਰਹਿ ਮੰਤਰੀ ਤੇ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਲੁਧਿਆਣਾ ਬਲਾਸਟ 'ਤੇ ਸਿਆਸਤ ਨਾ ਕਰਨ। ਫਿਲਹਾਲ ਕੋਈ ਅਜਿਹਾ ਬਿਆਨ ਨਾ ਦੇਣ। ਇਹ ਸੰਵੇਦਨਸ਼ੀਲ ਮੁੱਦਾ ਹੈ। ਸਾਨੂੰ ਮਿਲ ਕੇ ਲੜਨਾ ਪਵੇਗਾ।  ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਸਿਵਲ ਹਸਪਤਾਲ ਜਾ ਕੇ ਮਰੀਜ਼ਾਂ ਦਾ ਹਾਲ ਜਾਣਿਆ।

 ਖਾਲਿਸਤਾਨੀਆਂ ਨਾਲ ਵੀ ਜੋੜਿਆ ਜਾ ਰਿਹਾ ਲਿੰਕ

  ਕੋਰਟ ਕੰਪਲੈਕਸ ਅੰਦਰ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ, ਉਸ ਦੀ ਪਛਾਣ ਤਾਂ ਫਿਲਹਾਲ ਨਹੀਂ ਹੋ ਸਕੀ ਹੈ ਪਰ ਉਸ ਦੀ ਬਾਂਹ 'ਤੇ ਇਕ ਖੰਡੇ ਦਾ ਟੈਟੂ ਛਪਿਆ ਹੋਇਆ ਦੇਖਿਆ ਗਿਆ ਹੈ।ਇਸ ਦੇ ਆਧਾਰ 'ਤੇ ਹੀ ਉਕਤ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਧਮਾਕੇ ਵਾਲੀ ਥਾਂ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਇਕ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ।  ਜਾਂਚ ਏਜੰਸੀਆਂ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਸਫੋਟ ਕਿਸ ਤਰ੍ਹਾਂ ਦਾ ਸੀ। ਖਾਲਿਸਤਾਨੀਆਂ ਨਾਲ ਇਹ ਲਿੰਕ ਜੋੜਨ ਦੀ ਵੀ ਕੋਸ਼ਿਸ਼ ਹੈ।ਗੋਦੀ ਮੀਡੀਆ ਇਸ ਬਾਰੇ ਦਬ ਕੇ ਪ੍ਰਚਾਰ ਕਰ ਰਿਹਾ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਲੁਧਿਆਣਾ ਬਲਾਸਟ ਪਿੱਛੇ ਕਿਸੇ ਖਾਲਿਸਤਾਨੀ ਅਤੇ ਬਾਹਰੀ ਏਜੰਸੀ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਉਨ੍ਹਾਂ ਦੀ ਗੱਲ ਹੋਈ ਸੀ, ਇਸ ਮਸਲੇ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਵੀ ਮਦਦ ਲਈ ਜਾ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ 'ਤੇ ਮਾਰਿਆ ਗਿਆ ਵਿਅਕਤੀ 'ਵਿਸਫੋਟਕ ਕੈਰੀਅਰ' ਸੀ ਤੇ ਸ਼ਾਇਦ ਧਮਾਕੇ ਲਈ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਜੰਮੂ-ਕਸ਼ਮੀਰ ਦੀ ਵਿਸ਼ੇਸ਼ ਜਾਂਚ ਟੀਮ ਆਈ.ਈ.ਡੀ. ਦੀ ਵਰਤੋਂ ਦੀ ਸੰਭਾਵਨਾ ਨੂੰ ਦੇਖਦਿਆਂ ਲੁਧਿਆਣਾ ਪਹੁੰਚ ਗਈ ਹੈ, ਕਿਉਂਕਿ ਜਿਹਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਜ਼ਿਆਦਾਤਰ ਆਈ.ਈ.ਡੀ. ਦੀ ਵਰਤੋਂ ਜੰਮੂ-ਕਸ਼ਮੀਰ ਵਿਚ ਕੀਤੀ ਜਾਂਦੀ ਹੈ। ਪੁਲੀਸ ਨੇ ਸ਼ਕ ਵਿਚ ਕੁਝ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਹੈ।