ਡਰਗ ਮਾਮਲੇ ਵਿਚ  ਬਿਕਰਮ ਮਜੀਠੀਆ ਨੂੰ ਝਟਕਾ,  ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀ

ਡਰਗ ਮਾਮਲੇ ਵਿਚ  ਬਿਕਰਮ ਮਜੀਠੀਆ ਨੂੰ ਝਟਕਾ,  ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀ

*ਡੀਜੀਪੀ  ਚਟੋਪਾਧਿਆਏ ਨੇ ਕਿਹਾ ਕਿ ਮਜੀਠੀਆ ਦੇ ਕਰੀਬੀਆਂ ਤੋਂ ਵੀ ਪੁੱਛਗਿੱਛ ਹੋਵੇਗੀ  ਤੇ ਐਸਆਈਟੀ ਭਾਰਤ ਤੋਂ ਕੈਨੇਡਾ ਅਤੇ ਅਮਰੀਕਾ ਭੇਜੇ ਗਏ ਸੂਡੋ ਐਫੇਡਰਾਈਨ ਡਰੱਗ ਦੀ ਮੁੜ ਜਾਂਚ ਤੇ ਪੈਸਿਆਂ ਦੇ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾਵੇਗੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੋਹਾਲੀ : ਡਰੱਗਜ਼ ਮਾਮਲੇ ਵਿਚ ਘਿਰੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਉਸ ਵੱਲੋਂ ਲਾਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਨਾਲ ਬਿਕਰਮ ਮਜੀਠੀਆ ਦੀਆਂ ਮੁਸੀਬਤਾਂ ਵਧ ਗਈਆਂ ਹਨ ਅਤੇ ਉਨ੍ਹਾਂ ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਮਜੀਠੀਆ ਦੇ ਵਕੀਲ ਨੇ ਕਿਹਾ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ।ਜ਼ਿਕਰਯੋਗ ਹੈ ਕਿ ਪੰਜਾਬ ਵਿਰੁਧਚ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਸੀ। ਐਫ਼ਆਈਆਰਜ ਦਰ ਹੋਣ ਤੋਂ ਬਾਅਦ ਉਹ ਰੂਪੋਸ਼ ਹੋ ਗਿਆ ਸੀ। ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿਚ ਮੋਹਾਲੀ ਦੇ ਸਟੇਟ ਕ੍ਰਾਈਮ ਸੈੱਲ ਫੇਜ਼-4 ਵਿਚ ਮਾਮਲਾ ਦਰਜ ਕਰਨ ਤੋਂ ਬਾਅਦ  ਉਨ੍ਹਾਂ ਖਿਲਾਫ ਗ੍ਰਹਿ ਮੰਤਰਾਲੇ ਵੱਲੋਂ ਲੁਕ ਆਉਟ ਨੋਟਿਸ ਜਾਰੀ ਕਰ ਦਿਤਾ ਸੀ ।   ਪੰਜਾਬ ਸਰਕਾਰ ਨੇ ਮਜੀਠੀਆ ਦੇ ਵਿਦੇਸ਼ ਭੱਜਣ ਦਾ ਖਦਸ਼ਾ ਪ੍ਰਗਟਾਇਆ ਸੀ। ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਰੂਪੋਸ਼ ਸਨ। ਜਾਣਕਾਰੀ ਅਨੁਸਾਰ ਐਸਆਈਟੀ ਦੀਆਂ ਚਾਰ ਟੀਮਾਂ ਨੇ 16 ਥਾਵਾਂ ਤੇ ਛਾਪੇ ਮਾਰੇ ਸਨ। ਪੁਲਿਸ ਸੂਤਰਾਂ ਅਨੁਸਾਰ ਜੇ ਚੰਡੀਗੜ੍ਹ ਸਥਿਤ ਮਜੀਠੀਆ ਦੇ ਸਰਕਾਰੀ ਫਲੈਟ ਤੇ ਪੁੱਜੀ ਪਰ ਉਥੇ ਕੋਈ ਨਹੀਂ ਮਿਲਿਆ। ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ 'ਤੇ ਕੇਸ ਦਰਜ ਕਰਨ ਬਾਰੇ ਸਾਬਕਾ ਮੰਤਰੀ ਨੂੰ ਪਹਿਲਾਂ ਹੀ ਪਤਾ ਸੀ। ਇਸ ਕਾਰਨ ਉਨ੍ਹਾਂ ਨੇ ਮੋਬਾਈਲ ਲੋਕੇਸ਼ਨ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਦਿੱਤਾ। ਟੀਮ ਨੇ ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਮੋਬਾਈਲ ਤਾਂ ਮਿਲਿਆ ਪਰ ਮਜੀਠੀਆ ਉੱਥੇ ਨਹੀਂ ਸਨ।

ਦੱਸ ਦੇਈਏ ਕਿ ਮਜੀਠੀਆ ਮਾਮਲੇ ਵਿਚ ਪੰਜਾਬ ਪੁਲਿਸ ਨੇ ਜਾਂਚ ਲਈ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ। ਏਆਈਜੀ ਬਲਰਾਜ ਸਿੰਘ, ਡੀਐਸਪੀ ਰਾਜੇਸ਼ ਕੁਮਾਰ ਅਤੇ ਡੀਐਸਪੀ ਕੁਲਵੰਤ ਸਿੰਘ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਿੱਚ ਸ਼ਾਮਲ ਕੀਤਾ ਗਿਆ ਹੈ। ਏਆਈਜੀ ਦੀ ਅਗਵਾਈ ਵਿੱਚ ਬਣਾਈ ਗਈ ਐਸਆਈਟੀ ਮਾਮਲੇ ਦੀ ਜਾਂਚ ਕਰੇਗੀ। ਇਸ ਮਾਮਲੇ ਵਿਚ ਏਜੀ ਦੀ ਰਿਪੋਰਟ 'ਤੇ ਸੱਤ ਸਾਲ ਪੁਰਾਣੇ ਮਾਮਲੇ ਦੀ ਜਾਂਚ ਵੀ ਮੁੜ ਸ਼ੁਰੂ ਹੋ ਗਈ ਹੈ।ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਮਜੀਠੀਆ ਦੇ ਕਰੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਐਸਆਈਟੀ ਭਾਰਤ ਤੋਂ ਕੈਨੇਡਾ ਅਤੇ ਅਮਰੀਕਾ ਭੇਜੇ ਗਏ ਸੂਡੋ ਐਫੇਡਰਾਈਨ ਡਰੱਗ ਦੀ ਮੁੜ ਜਾਂਚ ਕਰੇਗੀ। ਪੈਸਿਆਂ ਦੇ ਲੈਣ-ਦੇਣ ਅਤੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਬਿਕਰਮ ਮਜੀਠੀਆ ਖਿਲਾਫ 49 ਪੰਨਿਆਂ ਦੀ ਐਫਆਈਆਰ ਦਰਜ ਕੀਤੀ ਗਈ ਹੈ।ਪੁਲਿਸ ਕੋਲ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ 2004 ਤੋਂ ਲੈ ਕੇ 2016 ਤੱਕ ਸਤਵੀਰ ਸਿੰਘ ਸੱਤਾ ਅਤੇ ਪਰਮਿੰਦਰ ਪਿੰਦੀ ਦੇ ਮਜੀਠੀਆ ਨਾਲ ਸੰਬੰਧ ਸਨ ਅਤੇ ਇਨ੍ਹਾਂ ਸੰਬੰਧਾਂ ਦੀ ਅਗਲੀ ਜਾਂਚ ਕਰਨ ਬਾਰੇ ਦੱਸਿਆ ਜਾ ਰਿਹਾ ਹੈ । ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐਫ. ਆਈ. ਆਰ. ਤੋਂ ਪਹਿਲਾਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਰਹੇ ਐਸ.ਕੇ. ਅਸਥਾਨਾ ਦੀ ਚਿੱਠੀ ਲੀਕ ਹੋਣ ਦੇ ਮਾਮਲੇ ਵਿਚ ਸਟੇਟ ਸਾਈਬਰ ਸੈੱਲ ਵਲੋਂ ਐਫ. ਆਈ. ਆਰ. ਨੰ. 52 ਦਰਜ ਕੀਤੀ ਗਈ ਹੈ । ਇਸ ਚਿੱਠੀ ਦੇ ਲੀਕ ਹੋਣ ਤੋਂ ਬਾਅਦ ਅਕਾਲੀ ਦਲ ਵਲੋਂ ਪੰਜਾਬ ਸਰਕਾਰ 'ਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੁਲਿਸ ਅਧਿਕਾਰੀਆਂ 'ਤੇ ਦਬਾਅ ਪਾਉਣ ਦੀ ਗੱਲ ਕਹੀ ਸੀ ।ਉਧਰ ਸਿਧੂ ਦੇ ਨੇੜੇ ਦਸੇ ਜਾਂਦੇ ਪੰਜਾਬ ਦੇ ਨਵੇਂ ਲਗਾਏ ਗਏ ਡੀ.ਜੀ.ਪੀ. ਸਿਧਾਰਥ ਚਟੋਉਪਾਧਿਆਏ ਨੇ ਆਪਣਾ ਅਹੁਦਾ ਸੰਭਾਲਦੇ ਸਾਰ ਹੀ ਇਸ ਡਰੱਗਜ਼ ਮਾਮਲੇ ਵਿਚ ਤੁਰੰਤ ਕਾਰਵਾਈ ਨੂੰ ਅੰਜਾਮ ਦਿੰਦਿਆਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਡੀਆਂ ਕਾਰਵਾਈਆਂ ਹੋਣ ਦੇ ਸੰਕੇਤ ਦਿੱਤੇ ਸਨ ।     

                            

ਪੁਲਿਸ ਵਲੋਂ ਮਜੀਠੀਆ ਖ਼ਿਲਾਫ਼ ਦਰਜ ਐਫ. ਆਈ. ਆਰ. ਵਿਚ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਹੈ ਕਿ ਐਸ.ਟੀ.ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵਲੋਂ ਸਾਲ 2018 ਵਿਚ ਡਰੱਗਜ਼ ਮਾਮਲੇ ਵਿਚ ਤਿਆਰ ਕੀਤੀ ਗਈ ਰਿਪੋਰਟ ਵਿਚ ਬਿਕਰਮ ਸਿੰਘ ਮਜੀਠੀਆ ਦਾ ਸਿੱਧੇ ਤੌਰ 'ਤੇ ਨਾਂਅ ਸਾਹਮਣੇ ਆਇਆ ਹੈ ।  ਚੰਡੀਗੜ੍ਹ ਦੇ ਸੈਕਟਰ-39 ਸਥਿਤ ਮਜੀਠੀਆ ਦੇ ਸਰਕਾਰੀ ਘਰ ਵਿਚ ਨਸ਼ਾ ਤਸਕਰ ਲਗਾਤਾਰ ਠਹਿਰਦੇ ਰਹੇ ਤੇ ਇਨੋਵਾ ਵਰਤਦੇ ਰਹੇ। ਇਸ ਮਾਮਲੇ ਵਿਚ ਨਸ਼ਾ ਤਸਕਰੀ ਦੇ ਦੋਸ਼ ਵਿਚ ਫੜੇ ਗਏ ਮੁਲਜ਼ਮਾਂ ਦੇ ਬਿਆਨ ਵੀ ਸ਼ਾਮਲ ਕੀਤੇ ਗਏ ਹਨ।ਡਰੱਗਜ਼ ਮਾਮਲੇ ਵਿਚ ਸ਼ਾਮਿਲ ਮੁਲਜ਼ਮਾਂ ਦੇ ਬਿਕਰਮ ਸਿੰਘ ਮਜੀਠੀਆ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਬਾਰੇ ਪੁਲਿਸ ਵਲੋਂ ਦੱਸਿਆ ਜਾ ਰਿਹਾ ਹੈ । ਪੁਲਿਸ ਦਾ ਕਹਿਣਾ ਹੈ ਕਿ ਮਜੀਠੀਆ ਵਲੋਂ ਉਕਤ ਮੁਲਜ਼ਮਾਂ ਨੂੰ ਜਿਥੇ ਡਰੱਗਜ਼ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣ ਲਈ ਸਰਕਾਰੀ ਵਾਹਨ ਇਸਤੇਮਾਲ ਕਰਨ ਲਈ ਦਿੱਤੇ ਗਏ ਸਨ, ਉਥੇ ਹੀ ਉਕਤ ਐਨ.ਆਰ.ਆਈਜ਼ ਨੂੰ ਗੰਨਮੈਨ ਤੱਕ ਦਿੱਤੇ ਜਾਣ ਦਾ ਦੋਸ਼ ਹੈ । ਇਸ ਤੋਂ ਇਲਾਵਾ ਮਜੀਠੀਆ ਵਲੋਂ ਆਪਣਾ ਅੰਮਿ੍ਤਸਰ ਵਿਚਲਾ ਘਰ ਵੀ ਮੁਲਜ਼ਮਾਂ ਨੂੰ ਇਸਤੇਮਾਲ ਕਰਨ ਲਈ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ । ਪੁਲਿਸ ਮੁਤਾਬਿਕ ਉਕਤ ਘਰ ਵਿਚ ਉਹ ਐਨ.ਆਈ.ਆਰ ਬੰਦੇ ਆ ਕੇ ਰਹਿੰਦੇ ਸਨ, ਜੋ ਕਿ ਇਸ ਡਰੱਗਜ਼ ਦੇ ਧੰਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ ।ਡਰੱਗਜ਼ ਦੇ ਇਸ ਧੰਦੇ ਰਾਹੀਂ ਕਮਾਏ ਪੈਸਿਆਂ ਤੋਂ ਪ੍ਰਾਪਰਟੀਆਂ ਵੀ ਬਣਾਈਆਂ ਗਈਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਬਾਰੇ ਨਵੀਂ ਬਣਾਈ ਗਈ ਸਿੱਟ ਜਾਂਚ ਕਰੇਗੀ ।

 ਭੋਲਾ ਨੇ ਮੁਹਾਲੀ ਅਦਾਲਤ ਦੇ ਬਾਹਰ ਲਿਆ ਸੀ ਮਜੀਠੀਆ ਦਾ ਨਾਂ

ਥਾਣਾ ਬਨੂੰੜ ਵਿਖੇ ਦਰਜ ਇਸ ਸਿੰਥੈਟਿਕ ਡਰੱਗਜ਼ ਮਾਮਲੇ ਵਿਚ ਜਦੋਂ ਪੁਲਿਸ ਵਲੋਂ ਸਾਬਕਾ ਡੀ.ਐਸ.ਪੀ. ਅਤੇ ਅੰਤਰਰਾਸ਼ਟਰੀ ਪਹਿਲਵਾਨ ਰਹੇ ਜਗਦੀਸ਼ ਸਿੰਘ ਭੋਲਾ ਸਮੇਤ ਕਈ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ਤਾਂ ਜਗਦੀਸ਼ ਸਿੰਘ ਭੋਲਾ ਨੇ ਇਸ ਡਰੱਗਜ਼ ਮਾਮਲੇ ਵਿਚ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਲਿਆ ਸੀ । ਉਸ ਸਮੇਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ ਅਤੇ ਪੁਲਿਸ ਵਲੋਂ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ । ਉਸ ਸਮੇਂ ਈ. ਡੀ. ਵਲੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਜਾਂਚ 'ਵਿਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਕਾਂਗਰਸੀ ਆਗੂ ਤੇ ਹੋਰਨਾਂ ਪਾਰਟੀਆਂ ਵਲੋਂ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਦਾ ਰੌਲਾ ਪਾਇਆ ਜਾ ਰਿਹਾ ਸੀ ।

  ਕੀ ਹੈ ਸੂਡੋ ਐਫਡਰੀਨ

ਪੁਲਿਸ ਮੁਤਾਬਿਕ ਸੂਡੋ ਐਫਡਰੀਨ ਜੁਕਾਮ ਲਈ ਵਰਤੀ ਜਾਂਦੀ ਹੈ ਪਰ ਜੇਕਰ ਸੂਡੋ ਐਫਡਰੀਨ ਦੀ ਮਾਤਰਾ ਵੱਧ ਲੈ ਲਈ ਜਾਵੇ ਤਾਂ ਵਿਅਕਤੀ ਨੂੰ ਨਸ਼ਾ ਹੋ ਜਾਂਦਾ ਹੈ । ਡਰੱਗਜ਼ ਸਮਗਲਰਾਂ ਵਲੋਂ ਇਸ ਦਵਾਈ ਨੂੰ ਨਸ਼ੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੌਲੀ-ਹੌਲੀ ਇਹ ਨਸ਼ਾ ਭਾਰਤ ਵਿਚੋਂ ਵਿਦੇਸ਼ਾਂ ਤੱਕ ਪਹੁੰਚ ਗਿਆ ਅਤੇ ਪਹਿਲੀ ਵਾਰ ਜਗਦੀਸ਼ ਭੋਲਾ ਅਤੇ ਉਸ ਦੇ ਕਈ ਸਾਥੀਆਂ ਦੀ ਗਿ੍ਫ਼ਤਾਰੀ ਉਪਰੰਤ ਉਕਤ ਨਸ਼ੇ ਦੀ ਤਸਕਰੀ ਬਾਰੇ ਪਤਾ ਚੱਲਿਆ ਸੀ | ਇਸ ਡਰੱਗਜ਼ ਨੂੰ ਮਹਿੰਗੀ ਡਰੱਗਜ਼ ਅਤੇ ਅਮੀਰਾਂ ਦਾ ਮਹਿੰਗਾ ਨਸ਼ਾ ਦੱਸਿਆ ਜਾ ਰਿਹਾ ਹੈ ਅਤੇ ਇਸ ਨਸ਼ੇ ਨੂੰ ਆਈਸ ਵੀ ਕਹਿੰਦੇ ਹਨ |

ਕੀ ਕਹਿਣਾ ਹੈ ਕਾਨੂੰਨੀ ਮਾਹਿਰਾਂ ਦਾ

ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਵਿਚ ਸੀਨੀਅਰ ਐਡਵੋਕੇਟ ਐੱਚ.ਐੱਸ. ਧਨੋਆ ਦਾ ਕਹਿਣਾ ਹੈ ਕਿ ਧਾਰਾ-25 ਵਿਚ ਮੁਲਜ਼ਮ ਨੂੰ ਉਹੀ ਸਜ਼ਾ ਹੋ ਸਕਦੀ ਹੈ, ਜੋ ਕਿ ਨਸ਼ੇ ਸਮੇਤ ਗਿ੍ਫ਼ਤਾਰ ਦੋਸ਼ੀ ਨੂੰ ਹੋ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਧਾਰਾ-27ਏ ਦੋਸ਼ੀ ਨੂੰ ਪਨਾਹ ਦੇਣ ਦਾ ਦੋਸ਼ ਹੇਠ ਲਗਾਈ ਗਈ ਹੈ ਅਤੇ ਇਸ ਵਿਚ ਘੱਟੋ ਘੱਟ 10 ਸਾਲ ਅਤੇ ਵੱਧ ਤੋਂ ਵੱਧ 20 ਸਾਲਾਂ ਦੀ ਸਜ਼ਾ ਹੋ ਸਕਦੀ ਹੈ, ਜਦਕਿ ਧਾਰਾ-29 ਉਕਤ ਪਹਿਲੀਆਂ ਦੋਵਾਂ ਧਾਰਾਵਾਂ ਦੇ ਨਾਲ ਚਲਦੀ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਟਰਾਇਲ ਚੱਲਣ ਸਮੇਂ ਅਸਲ ਸਥਿਤੀ ਸਪੱਸ਼ਟ ਹੁੰਦੀ ਹੈ ਕਿ ਕੇਸ ਕਿਸ ਪਾਸੇ ਰੁਖ ਲੈਂਦਾ ਹੈ ਅਤੇ ਕਿਸ ਤਰ੍ਹਾਂ ਦੇ ਸਬੂਤ ਅਦਾਲਤ ਵਿਚ ਪੇਸ਼ ਕੀਤੇ ਜਾਂਦੇ ਹਨ ।

  ਸਜ਼ਾ ਦਿਵਾਉਣ ਤੱਕ ਲੜਾਂਗੇ-ਸਿੱਧੂ

 ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਡਰੱਗਜ਼ ਮਾਮਲੇ ਵਿਚ ਐਫ. ਆਈ. ਆਰ. ਦਰਜ ਹੋਣ ਦੇ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਕਿਹਾ ਕਿ ਸਾਢੇ ਪੰਜ ਸਾਲ ਭਿ੍ਸ਼ਟ ਸਿਸਟਮ ਦੇ ਵਿਰੁੱਧ ਲੜਨ ਅਤੇ ਚਾਰ ਸਾਲ ਤੱਕ ਈ.ਡੀ. ਤੇ ਐਸ.ਟੀ.ਐਫ. ਦੀ ਰਿਪੋਰਟ ਦੇ ਆਧਾਰ 'ਤੇ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਬਾਅਦ ਆਖ਼ਰਕਾਰ ਇਮਾਨਦਾਰ ਅਧਿਕਾਰੀਆਂ ਨੂੰ ਕਮਾਨ ਸੌਂਪਣ 'ਤੇ ਇਹ ਕਾਰਵਾਈ ਹੋ ਸਕੀ ਹੈ । ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਪੰਜਾਬ ਪੁਲਿਸ ਦੀ ਅਪਰਾਧ ਸ਼ਾਖਾ ਨੇ ਐਸ.ਟੀ.ਐਫ. ਦੀ ਸਾਲ 2018 ਦੀ ਰਿਪੋਰਟ ਦੇ ਆਧਾਰ 'ਤੇ ਜੋ ਐਫ.ਆਈ.ਆਰ. ਦਰਜ ਕੀਤੀ ਹੈ ਮੈਂ ਇਸ ਦੀ ਮੰਗ ਚਾਰ ਸਾਲ ਪਹਿਲਾਂ ਕੀਤੀ ਸੀ ।ਉਨ੍ਹਾਂ ਕਿਹਾ ਕਿ ਜਦੋਂ ਤੱਕ ਡਰੱਗ ਮਾਫ਼ੀਆ ਦੇ ਪਿੱਛੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਮਿਲ ਜਾਂਦੀ ਅਸੀਂ ਉਦੋਂ ਤੱਕ ਲੜਦੇ ਰਹਾਂਗੇ ।ਸਿੱਧੂ ਨੇ ਕਿਹਾ ਕਿ ਜਿਹੜੇ ਲੋਕ ਦੋ-ਤਿੰਨ ਮਹੀਨੇ ਪਹਿਲਾਂ ਨਹੀਂ ਜਾਣਦੇ ਸਨ ਕਿ ਸਿੱਧੂ ਨੇ ਅਸਤੀਫ਼ਾ ਕਿਉਂ ਦਿੱਤਾ ਸੀ, ਉਹ ਹੁਣ ਸਮਝ ਗਏ ਹੋਣਗੇ। ਉਹ ਮਾਫੀਆ ਖਿਲਾਫ ਲੜਦਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਕੈਪਟਨ ਤੇ ਬਾਦਲ ਇਕ ਹਨ। ਕੈਪਟਨ ਅਮਰਿੰਦਰ ਸਿੰਘ ਨਸ਼ੇ ਦੀ ਰਿਪੋਰਟ 'ਤੇ ਚਾਰ ਸਾਲ ਸੁੱਤੇ ਰਹੇ। ਅੱਜ ਵੀ ਉਹ ਕਿਸੇ ਪਾਰਟੀ ਦੇ ਪ੍ਰੇਮੀ ਨਹੀਂ, ਈਡੀ ਦੇ ਪ੍ਰੇਮੀ ਹਨ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਮਾਫੀਆ ਦਾ ਰਾਜ਼ ਬੇਨਕਾਬ ਹੋ ਗਿਆ ਹੈ। ਕੇਜਰੀਵਾਲ ਖੁਦ ਮਜੀਠੀਆ ਤੋਂ ਮਾਫ਼ੀ ਮੰਗ ਚੁੱਕੇ ਹਨ। ਇਹ ਉਹੀ ਕੇਜਰੀਵਾਲ ਹੈ ਜੋ ਬਾਦਲ ਦੀਆਂ ਬੱਸਾਂ ਦਿੱਲੀ ਲੈ ਕੇ ਜਾਂਦਾ ਹੈ ਤੇ ਆਪਣੇ ਵਿਧਾਇਕ ਦੀਪ ਮਲਹੋਤਰਾ ਨੂੰ ਸ਼ਰਾਬ ਦੇ ਠੇਕੇ ਦਿੰਦਾ ਹੈ। 

 ਨਸ਼ਿਆਂ ਵਿਰੁੱਧ  ਸਮੂਹ ਪੰਜਾਬੀ ਸਾਥ ਦੇਣ-ਮੁੱਖ ਮੰਤਰੀ

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਹੋਈ ਐਫ. ਆਈ. ਆਰ. ਦੇ ਬਾਅਦ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦਿਆਂ ਕਿਹਾ ਕਿ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ, ਜਿਨ੍ਹਾਂ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਜ਼ਿੰਦਗੀਆਂ ਗਲ ਗਈਆਂ, ਜਿਹੜੇ ਪਰਿਵਾਰ ਨਸ਼ਿਆਂ ਨਾਲ ਬਰਬਾਦ ਹੋ ਗਏ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ 'ਚ ਨਸ਼ੇ ਫੈਲਾਏ ਗਏ, ਅੱਜ ਉਨ੍ਹਾਂ ਮਾਵਾਂ, ਨੌਜਵਾਨਾਂ, ਪਰਿਵਾਰਾਂ ਅਤੇ ਪੰਜਾਬ ਨੂੰ ਬਰਬਾਦੀ ਦੀ ਰਾਹ 'ਤੇ ਤੋਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਹੋਈ ਹੈ । ਇਹ ਬਹੁਤ ਵੱਡੀ ਲੜਾਈ ਹੈ ਅਤੇ ਮੈਂ ਇਸ ਵਿਚ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕਰਦਾ ਹਾਂ ।ਉਨ੍ਹਾਂ ਟਵੀਟ 'ਚ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਤਿਆਰ ਹੋਈ ਐਸ.ਟੀ.ਐਫ. ਦੀ ਰਿਪੋਰਟ 'ਤੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ । ਪੰਜਾਬ ਸਰਕਾਰ ਨਸ਼ੇ ਫੈਲਾਉਣ ਵਾਲੇ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਪੰਜਾਬੀਆਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ |

  ਪਰਚੇ ਦਰਜ ਕਰਨ ਲਈ ਕਾਂਗਰਸ ਨੇ ਤਿੰਨ ਡੀ.ਜੀ.ਪੀ. ਸਾਡੇ 'ਤੇ ਹੀ ਬਦਲੇ-ਬਾਦਲ ਬਿਕਰਮ ਸਿੰਘ ਮਜੀਠੀਆ 'ਤੇ ਹੋਏ ਪਰਚੇ ਸੰਬੰਧੀ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ  ਪੰਜਾਬ ਦੀ ਕਾਂਗਰਸ ਸਰਕਾਰ ਨੇ ਬਹੁਤ ਥੋੜ੍ਹੇ ਦਿਨਾਂ ਵਿਚ ਤਿੰਨ ਡੀ.ਜੀ.ਪੀ. ਬਦਲ ਦਿੱਤੇ ਹਨ ਅਤੇ ਅਜਿਹਾ ਸਿਰਫ ਬਾਦਲਾਂ ਤੇ ਮਜੀਠੀਆ ਵਿਰੁੱਧ ਪਰਚਾ ਦਰਜ ਕਰਨ ਲਈ ਹੀ ਕੀਤਾ ਗਿਆ ਹੈ ।  ਉਨ੍ਹਾਂ ਕਿਹਾ ਕਿ ਸਰਕਾਰ ਮੈਨੂੰ ਹੀ ਫੜ ਕੇ ਅੰਦਰ ਦੇਵੇ ਮੈਂ ਬਿਲਕੁਲ ਤਿਆਰ ਬੈਠਾ ਹਾਂ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲੜਾਈ ਨੂੰ ਪੂਰੀ ਸਿਦਕਦਿਲੀ ਨਾਲ ਲੜੇਗਾ । ਮਜੀਠੀਆ ਉਪਰ ਡਰਗ ਕੇਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਚੰਨੀ ਸਰਕਾਰ ਅਕਾਲੀ ਦਲ ਨਾਲ ਦੁਸ਼ਮਣੀ ਕਮਾ ਰਹੀ ਹੈ।ਅਸੀਂ ਅਦਾਲਤ ਵਲ ਰੁਖ ਕਰਾਂਗੇ। ਵਿਰੋਧੀ ਧਿਰਾਂਂ ਭਾਜਪਾ ,ਆਪ ਦਾ ਕਹਿਣਾ ਹੈ ਕਿ ਇਹ ਕੇਸ ਪਹਿਲਾਂ ਕਿਉਂ ਨਹੀਂ ਦਰਜ ਹੋਇਆ।ਚੋਣਾਂ ਨੇੜੇ ਕਾਂਗਰਸ ਸਰਕਾਰ ਸਤਾ ਦੀ ਗਲਤ ਵਰਤੋਂ ਕਰ ਰਹੀ ਹੈ।ਲੀਗਲੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਕੇਸ ਅਦਾਲਤ ਵਿਚ ਫੇਲ ਹੋਇਆ ਤਾਂ ਕਾਂਗਰਸ ਨੂੰ ਵਡਾ ਸਿਆਸੀ ਨੁਕਸਾਨ ਹੋਵੇਗਾ। ਹੁਣ ਹਾਈਕੋਰਟ ਵਿਚ ਮਾਮਲਾ ਜਾਵੇਗਾ।ਸਮਾਂਂ ਦਸੇਗਾ ਕਿ ਕੀ ਬਣਦਾ ਹੈ ਮਜੀਠੀਆ ਦੇ ਭਵਿੱਖ ਦਾ।