ਪੰਜਾਬ ਰਾਜਨੀਤੀ ਵਿਚ ਮਚਿਆ ਘੜਮਸ 

ਪੰਜਾਬ ਰਾਜਨੀਤੀ ਵਿਚ ਮਚਿਆ ਘੜਮਸ 

  *ਕਾਂਗਰਸ ਵਿੱਚ ਮੁੜ ਵਧਣ ਲੱਗਿਆ ਟਕਰਾਅ

 *ਸਿਆਸਤ ਵਿਚ ਆਉਣ ਸਬੰਧੀ ਕਿਸਾਨ ਜਥੇਬੰਦੀਆਂ ਇੱਕਮਤ ਨਹੀਂ 

  *ਅਕਾਲੀ ਦਲ ਅੰਮਿ੍ਤਸਰ ਵਲੋਂ ਸੂਬੇ ਵਿਚ ਸਾਰੀਆਂ ਸੀਟਾਂ 'ਤੇ ਚੋਣ ਲੜੇਗਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਕਿਸਾਨ ਅੰਦੋਲਨ ਦੀ ਸਮਾਪਤੀ ਦੇ ਨਾਲ ਹੀ ਸੂਬੇ ਵਿਚ ਚੋਣਾਂ ਦੀ ਸਿਆਸਤ ਵੀ ਭਖਣ ਲੱਗੀ ਹੈ। ਮੰਨਿਆ ਜਾ ਰਿਹਾ ਹੈ ਕਿ ਚੜ੍ਹਦੇ ਵਰ੍ਹੇ ਦੇ ਫਰਵਰੀ ਮਹੀਨੇ ਸੂਬੇ ਵਿਚ ਨਵੀਂ ਵਿਧਾਨ ਸਭਾ ਲਈ ਵੋਟਾਂ ਪਵਾਉਣ ਦਾ ਅਮਲ ਨੇਪਰੇ ਚਾੜ੍ਹਿਆ ਜਾਵੇਗਾ ਕਿਉਂਕਿ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 17 ਮਾਰਚ 2022 ਤਕ ਹੈ। ਇਸ ਦੇ ਮੱਦੇਨਜ਼ਰ ਦਸੰਬਰ ਦੇ ਆਖ਼ਰੀ ਹਫ਼ਤੇ ਜਾਂ ਫਿਰ ਜਨਵਰੀ ਦੇ ਪਹਿਲੇ ਹਫ਼ਤੇ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਵੀ ਲੱਗ ਜਾਵੇਗਾ। ਇਸ ਲਈ ਚਾਹੇ ਸੱਤਾਧਾਰੀ ਕਾਂਗਰਸ ਪਾਰਟੀ ਹੋਵੇ ਜਾਂ ਫਿਰ ਬਾਕੀ ਵਿਰੋਧੀ ਪਾਰਟੀਆਂ, ਸਾਰੀਆਂ ਹੀ ਵੋਟਰਾਂ ਨੂੰ ਪੂਰੀ ਤਰ੍ਹਾਂ ਰਿਝਾਉਣ ਵਿਚ ਰੁੱਝ ਚੁੱਕੀਆਂ ਹਨ।ਹੁਣ ਆਉਣ ਵਾਲੇ ਦਿਨਾਂ ਵਿਚ ਹੀ ਇਹ ਗੱਲ ਸਾਫ਼ ਹੋਵੇਗੀ ਕਿ ਇਸ ਵਾਰ ਦੀਆਂ ਚੋਣਾਂ ਵਿਚ ਚਾਰ ਤੋਂ ਵੱਧ ਧਿਰਾਂ ਵੀ ਮੈਦਾਨ ਵਿਚ ਉਤਰਨਗੀਆਂ । ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕਰ ਕੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਵੰਡ ਕੇ ਬਾਕੀ ਪਾਰਟੀਆਂ ਨਾਲੋਂ ਬਾਜ਼ੀ ਮਾਰ ਲਈ ਹੈ। ਆਮ ਆਦਮੀ ਪਾਰਟੀ ਨੇ ਵੀ ਟਿਕਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਹੈ। ਹੁਣ ਜ਼ਮੀਨੀ ਪੱਧਰ ਤੇ ਰੈਲੀਆਂ, ਯਾਤਰਾਵਾਂ, ਪਾਰਟੀਆਂ ਦੀ ਅਦਲਾ-ਬਦਲੀ ਦਾ ਵੀ ਦੌਰ ਸ਼ੁਰੂ ਹੋ ਚੁੱਕਾ ਹੈ। ਪਿੰਡ, ਕਸਬੇ, ਸ਼ਹਿਰ ਪੋਸਟਰਾਂ, ਬੈਨਰਾਂ, ਹੋਰਡਿੰਗਾਂ ਆਦਿ ਨਾਲ ਭਰਨੇ ਸ਼ੁਰੂ ਹੋ ਗਏ ਹਨ। ਬੀਤੇ ਮੰਗਲਵਾਰ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਚ ਵੱਡੀ ਸਿਆਸੀ ਰੈਲੀ ਕਰ ਕੇ ਬਿਗਲ ਵਜਾਇਆ , ਉੱਥੇ ਭਾਜਪਾ ਨੇ ਲੁਧਿਆਣਾ ਵਿਚ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ। ਸੱਤਾਧਾਰੀ ਧਿਰ ਨੇ ਵੀ ਵੱਖ-ਵੱਖ ਵਰਗਾਂ ਨੂੰ ਖ਼ੁਸ਼ ਕਰਨ ਲਈ ਕਈ ਐਲਾਨ ਕੀਤੇ। ਓਧਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿਚ ਕਈ ਪੁਰਾਣੇ ਸਿਆਸੀ ਖਿਡਾਰੀ ਸ਼ਾਮਲ ਹੋਏ। ਬੀਤੇ ਬੁੱਧਵਾਰ ਨੂੰ ਕੇਂਦਰੀ ਚੋਣ ਕਮਿਸ਼ਨ ਦੇ ਆਹਲਾ ਅਧਿਕਾਰੀਆਂ ਦੀ ਟੀਮ ਨੇ ਪੰਜਾਬ ਦਾ ਦੌਰਾ ਕਰ ਕੇ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ 15 ਦਿਨ ਵਿਚ ਬਣਾ ਕੇ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਆਪਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿਚ ਇਕ ਹੋਰ ਤਿਰੰਗਾ ਯਾਤਰਾ ਕੱਢ ਕੇ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਦਿੱਤੀ। ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਤੇ ਅਜੇ ਤਕ ਭੰਬਲਭੂਸਾ ਬਰਕਰਾਰ ਹੈ। ਭਾਜਪਾ ਕਈ ਸਿਖ ਚਿਹਰਿਆਂ ਨੂੰ ਆਪਣੇ ਨਾਲ ਜੋੜਨ ਲਈ ਜੁਟੀ ਹੋਈ ਹੈ।

ਇਸਤਰ੍ਹਾਂ ਕਾਂਗਰਸ ,ਭਾਜਪਾ -ਕੈਪਟਨ ਗਠਜੋੜ , ਆਪ ,ਬਾਦਲ ਅਕਾਲੀ ਦਲ ,ਬਸਪਾ ਗਠਜੋੜ ਚੋਣਾਂ ਲੜਨ ਲਈ ਤਿਆਰ ਹੈ। ਕਈ ਉਮੀਦਵਾਰ ਅਜਾਦ ਖੜੇ ਹੋਣ ਦੀ ਸੰਭਾਵਨਾ ਹੈ।ਕੁਝ ਕਿਸਾਨ ਧਿਰਾਂ ਪੰਜਾਬ ਚੋਣਾਂ ਲੜਨ ਦੇ ਪਖ ਵਿਚ ਹਨ,ਕੁਝ ਇਨਕਾਰੀ ਹਨ ।ਕਈ ਕਿਸਾਨ ਆਗੂਆਂ ਤੋਂ ਇਲਾਵਾ ਲੱਖਾ ਸਿਧਾਣਾ, ਸੋਨੀਆ ਮਾਨ, ਸੋਨੂੰ ਸੂਦ, ਦੀਪ ਸਿੱਧੂ ਵਰਗੇ ਨਾਮ ਹਨ ਜਿਨ੍ਹਾਂ ਨੇ ਆਪਣਾ ਸਿਆਸੀ ਭਵਿੱਖ ਅਜੇ ਸਿਰਜਣਾ ਹੈ ,ਉਹ ਕਮਰਕੱਸੇ ਕਰਨ ਦੀ ਤਿਆਰੀ ਵਿਚ ਹਨ।ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਇਕਮਤ ਹੋ ਕੇ ਸੰਘਰਸ਼ ਕੀਤਾ ਪਰ ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਸਿਆਸੀ ਦ੍ਰਿਸ਼ਟੀਕੋਣ ਪੱਖੋਂ ਕਿਸਾਨ ਜਥੇਬੰਦੀਆਂ ਇਕਮਤ ਨਹੀਂ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਇਸ ਹੱਕ ਵਿਚ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਨੂੰ ਸਿਆਸਤ ਵਿਚ ਨਿੱਤਰਨਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਆਪਣੀ ਸਿਆਸੀ ਪਾਰਟੀ ਬਣਾਉਣਗੇ ਅਤੇ ਵਿਧਾਨ ਸਭਾ ਚੋਣਾਂ ਲੜਨਗੇ। ਅਜਿਹੀਆਂ ਖਾਮੀਆਂ ਨੂੰ ਰਾਜਨੀਤੀ ਰਾਹੀਂ ਹੀ ਸੁਧਾਰਿਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਵਾਸਤੇ ਇਕ ਸਿਆਸੀ ਮੰਚ ਦੀ ਲੋੜ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਿਆਸਤ ਵਿੱਚ ਆਉਣ ਦੇ ਮਤ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੋਈ ਵੱਖਰੀ ਸਿਆਸੀ ਪਾਰਟੀ ਬਣਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਫੈਸਲਾ ਹੋਇਆ ਹੈ। ਜਲਦੀ ਸੰਯੁਕਤ ਮੋਰਚੇ ਵਲੋਂ ਮੀਟਿੰਗ ਬੁਲਾਕੇ ਫੈਸਲਾ ਕੀਤਾ ਜਾਵੇਗਾ। ਆਪਸੀ ਫੁਟ ਕਾਰਣ ਕਾਂਗਰਸ ਰਾਜਨੀਤਕ ਸੰਕਟ ਵਿਚ ਪਈ ਹੈ।ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਸ਼ਮਕਸ਼ ਨੂੰ ਠੱਲ ਪਾਉਣ ਦਾ ਯਤਨ ਕਰ ਰਹੀ ਹੈ। ਆਗਾਮੀ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਕਾਂਗਰਸ ਵਿੱਚ ਵਧ ਰਹੇ ਖਲਾਰੇ ਤੇ ਵਿਰੋਧੀਆਂ ਦੀਆਂ ਵੀ ਨਜ਼ਰਾਂ ਹਨ। ਪੰਜਾਬ ਦੇ ਕਲਾਕਾਰਾਂ, ਮਾਹਿਰਾਂ ਅਤੇ ਬੁੱਧੀਜੀਵੀਆਂ ਨੇ ਪੰਜਾਬ ਦੇ ਜਨਤਕ ਮੁੱਦਿਆਂ ਨੂੰ ਉਭਾਰਨ ਲਈ ਚੰਡੀਗੜ੍ਹ ਵਿਚ ਜੂਝਦਾ ਪੰਜਾਬਜਥੇਬੰਦੀ ਦਾ ਗਠਨ ਕੀਤਾ ਹੈ। ਜਥੇਬੰਦੀ ਨੇ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ 32 ਮੁੱਦਿਆਂ ਦਾ ਏਜੰਡਾ ਜਾਰੀ ਕੀਤਾ ਹੈ ਜਿਸ ਵਿੱਚ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਰੂਪ ਦੇਣ ਅਤੇ ਤੈਅ ਸਮੇਂ ਵਿੱਚ ਚੋਣ ਵਾਅਦੇ ਪੂਰੇ ਨਾ ਕਰਨ ਤੇ ਵਿਧਾਇਕ ਨੂੰ ਅਹੁਦਾ ਮੁਕਤ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਜੂਝਦਾ ਪੰਜਾਬਜਥੇਬੰਦੀ ਵਿਚ ਬੱਬੂ ਮਾਨ, ਗੁੱਲ ਪਨਾਗ, ਦਵਿੰਦਰ ਸ਼ਰਮਾ, ਗਿਆਨੀ ਕੇਵਲ ਸਿੰਘ, ਜੱਸਾ ਪੱਟੀ, ਬਲਵਿੰਦਰ ਸਿੰਘ ਸਿੱਧੂ, ਡਾ. ਸ਼ਿਆਮ ਸੁੰਦਰ ਦੀਪਤੀ, ਜੱਸ ਬਾਜਵਾ, ਦੀਪਕ ਸ਼ਰਮਾ ਚਨਾਰਥਲ, ਰਮਨਇੰਦਰ ਕੌਰ ਭਾਟੀਆ, ਸਰਬਜੀਤ ਸਿੰਘ ਧਾਲੀਵਾਲ, ਅਮਿਤੋਜ ਮਾਨ, ਹਮੀਰ ਸਿੰਘ, ਰਣਜੀਤ ਬਾਵਾ ਸ਼ਾਮਲ ਹਨ। 

ਕਾਂਗਰਸ ਦੀ ਖਿਚੋਤਾਣ

ਕਾਂਗਰਸ ਹਾਈਕਮਾਨ ਨੇ ਪ੍ਰਦੇਸ਼ ਚੋਣ ਕਮੇਟੀ ਦਾ ਚੇਅਰਮੈਨ ਲਾ ਕੇ ਨਵਜੋਤ ਸਿੱਧੂ ਨੂੰ ਤਰਜੀਹ ਦੇਣ ਦਾ ਯਤਨ ਕੀਤਾ ਹੈ ਜਦਕਿ ਪਹਿਲਾਂ ਬਹੁਤੀ ਵਾਰ ਇਸ ਕਮੇਟੀ ਦੀ ਚੇਅਰਮੈਨੀ ਮੁੱਖ ਮੰਤਰੀ ਕੋਲ ਰਹੀ ਹੈ।ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਹਿਲਾਂ ਬੱਸੀ ਪਠਾਣਾਂ ਤੋਂ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਸੀ ਪਰ ਹੁਣ ਨਵਜੋਤ ਸਿੱਧੂ ਨੇ ਬੱਸੀ ਪਠਾਣਾਂ ਤੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੇਪੀ ਨੂੰ ਥਾਪੀ ਦੇ ਦਿੱਤੀ ਹੈ। ਉਨ੍ਹਾਂ ਹੁਣ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਇੱਕ ਤਰ੍ਹਾਂ ਨਾਲ ਸਟੇਜ ਤੋਂ ਅਗਲਾ ਉਮੀਦਵਾਰ ਐਲਾਨ ਦਿੱਤਾ ਸੀ।  ਸਿੱਧੂ ਨੇ ਮਨਪ੍ਰੀਤ ਬਾਦਲ ਦੇ ਸਿਆਸੀ ਵਿਰੋਧੀ ਸਮਝੇ ਜਾਂਦੇ ਲਾਡੀ ਦੇ ਮੋਢੇ ਤੇ ਹੱਥ ਰੱਖ ਦਿੱਤਾ ਹੈ| ਇਸ ਤੋਂ ਪਹਿਲਾਂ ਸਿੱਧੂ ਨੇ ਕਾਦੀਆਂ ਹਲਕੇ ਵਿੱਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਹਮਾਇਤ ਵਿੱਚ ਸਿਆਸੀ ਰੈਲੀ ਕੀਤੀ ਸੀ ਜਿੱਥੋਂ ਐੱਮਪੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ। ਹੁਣ ਨਵਜੋਤ ਸਿੱਧੂ ਨੇ  ਪ੍ਰਤਾਪ ਸਿੰਘ ਬਾਜਵਾ ਨਾਲ ਵੀ ਮੁਲਾਕਾਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜਾਖੜ  ਸਿਧੂ ਤੇ ਚੰਨੀ ਤੋਂ ਨਿਰਾਸ਼ ਹਨ। ਉਹ ਸਿਧੂ ਬਾਰੇ ਕਈ ਵਿਰੋਧੀ ਬਿਆਨ ਦੇ ਚੁਕੇ ਹਨ।ਜਾਖੜ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਸ. ਚੰਨੀ ਨਾਲ ਕੋਈ ਇਕਤਲਾਫ਼ ਨਹੀਂ, ਜਿਸ ਨੂੰ ਉਹ ਮੇਰੇ ਨਾਲ ਨਿਬੇੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਜੋ ਵੀ ਕਹਿਣਾ ਹੈ ਪਾਰਟੀ ਮੁਖੀ ਰਾਹੁਲ ਗਾਂਧੀ ਨੂੰ ਦੱਸਣ ।

ਅਕਾਲੀ ਦਲ ਅੰਮਿ੍ਤਸਰ ਵਲੋਂ ਸੂਬੇ 'ਚ ਸਾਰੀਆਂ ਸੀਟਾਂ 'ਤੇ ਚੋਣ ਲੜੇਗਾ

 ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਆਪਣੀ ਪਾਰਟੀ ਦੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਤੇ ਸ਼ਾਨਦਾਰ ਜਿੱਤ ਦਾ ਦਾਅਵਾ ਵੀ ਕੀਤਾ । ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੋਰ ਸਿਆਸੀ ਪਾਰਟੀਆਂ ਦੀਆਂ ਚਾਲਾਂ ਨੂੰ ਜਾਣਦੀ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼ੰਭੂ ਬਾਰਡਰ 'ਤੇ ਇਕੱਲੀ ਉਨ੍ਹਾਂ ਦੀ ਪਾਰਟੀ ਨੇ ਹੀ ਕਿਸਾਨਾਂ ਦਾ ਸਵਾਗਤ ਕੀਤਾ, ਜਦੋਂਕਿ ਬਾਕੀ ਸਿਆਸੀ ਪਾਰਟੀਆਂ ਵਿਚੋਂ ਕਿਸੇ ਵਿਚ ਵੀ ਕਿਸਾਨਾਂ 'ਚ ਜਾਣ ਦੀ ਹਿੰਮਤ ਨਹੀਂ ਪੈ ਸਕੀ । ਪਾਰਟੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਿੱਖ ਕੌਮ ਦੀ ਆਜ਼ਾਦੀ ਦੇ ਮੁੱਦੇ 'ਤੇ ਚੋਣ ਲੜੇਗੀ । ਉਨ੍ਹਾਂ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅੰਮਿ੍ਤਸਰ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ।