ਜਥੇਦਾਰ ਹਵਾਰਾ ਦੀ ਹਸਪਤਾਲ’ਚ ਵਿਗੜੀ ਸਿਹਤ ਦੇ ਮੱਦੇਨਜਰ ਤਖਤ ਸਾਹਿਬ ਤੇ ਹੋਈ ਪੰਥਕ ਅਰਦਾਸ ਜਥੇਬੰਦੀਆਂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ

ਜਥੇਦਾਰ ਹਵਾਰਾ ਦੀ ਹਸਪਤਾਲ’ਚ ਵਿਗੜੀ  ਸਿਹਤ ਦੇ ਮੱਦੇਨਜਰ ਤਖਤ ਸਾਹਿਬ ਤੇ ਹੋਈ ਪੰਥਕ ਅਰਦਾਸ ਜਥੇਬੰਦੀਆਂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ

ਪ੍ਰੈਸ ਨੋਟ

ਅੰਮ੍ਰਿਤਸਰ ਟਾਈਮਜ਼    
ਅੰਮ੍ਰਿਤਸਰ : ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਪਿਛਲੇ ਕੁਝ ਦਿਨਾਂ ਤੋ ਦਿੱਲੀ ਸਰਕਾਰ ਦੇ ਪ੍ਰਬੰਧ ਹੇਠ ਚਲ ਰਹੇ ਦੀਨ ਦਿਆਲ ਹਸਪਤਾਲ ਵਿੱਚ ਜੇਰੇ ਇਲਾਜ ਹਨ ਦੀ ਸੇਹਿਤਯਾਬੀ ਤੇ ਚੜਦੀਕਲਾ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਪੰਥਕ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਕੀਤੀ।ਜਥੇਦਾਰ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ ਜਿੱਥੇ ਉਨ੍ਹਾਂ ਦੇ ਖੂਨ ਦੇ ਸੈਲ ਘਟਨ ਹੋਣ ਕਾਰਨ 27 ਨਵੰਬਰ ਨੂੰ ਦੀਨ ਦਿਆਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦਾ ਪਿਛਲੇ ਚਾਰ ਦਿਨਾਂ ਤੋ ਰਸਮੀ ਇਲਾਜ ਹੋਣ ਕਾਰਨ ਸੈਲ ਘੱਟ ਕੇ ਚਾਲ੍ਹੀ ਹਜ਼ਾਰ ਰਹਿ ਗਏ ਹਨ। ਜੋ ਖਾਲਸਾ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਪੰਥਕ ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ  ਦਾ ਇਲਾਜ ਕੇਂਦਰ ਅਤੇ ਦਿੱਲੀ ਸਰਕਾਰ ਤੋ ਇਲਾਵਾ ਜੇਲ੍ਹ ਪ੍ਰਸ਼ਾਸਨ ਦੀ ਸਾਜਿਸ਼ ਹੇਠ ਠੀਕ ਢੰਗ ਨਾਲ ਨਹੀਂ ਕਰਵਾਇਆਂ ਜਾ ਰਿਹਾ।

ਪ੍ਰੋ.ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਬਲਬੀਰ ਸਿੰਘ ਹਿਸਾਰ ਅਤੇ ਮਹਾਬੀਰ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਚਾਰ ਦਿਨਾਂ ਵਿਚ ਸਿਰਫ ਪੰਜ ਮਿੰਟ ਦੀ ਮੁਲਾਕਾਤ ਹੋਈ ਹੈ। ਪਤਾ ਲੱਗਿਆ ਹੈ ਕਿ ਜਥੇਦਾਰ ਸਾਹਿਬ ਨੇ ਪੰਜ ਮਿੰਟ ਦੀ ਮੁਲਾਕਾਤ ਵਿੱਚ ਕਿਹਾ ਕਿ ਮੈਂ ਆਪਣੇ ਪਿੰਡੇ ਤੇ ਸੰਤਾਪ ਹੰਡਾ ਲਵਾਂਗਾ ਪਰ ਸਰਕਾਰ ਅਗੇ ਤਰਲਾ ਨਾ ਮਾਰਨਾ।ਉਨ੍ਹਾਂ ਦੇ ਪਰਿਵਾਰ ਅਤੇ ਸੰਬੰਧੀਆਂ ਨੂੰ ਪ੍ਰਸ਼ਾਸਨ ਵੱਲੋਂ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ਭਰੋਸੇ ਯੋਗ ਸ਼ੁਤਰਾਂ ਮੁਤਾਬਕ ਜਥੇਦਾਰ ਜੀ ਨੂੰ ਜਨਰਲ ਵਾਰਡ ਤੋ ਆਈ. ਸੀ. ਯੂ ਵਿੱਚ ਤਬਦੀਲ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਨਾਰੀਅਲ ਪਾਣੀ, ਕੀਵੀ ਫਲ, ਮਿਨਰਲ ਵਾਟਰ ਆਦਿ ਨਹੀਂ ਦਿੱਤਾ ਜਾ ਰਿਹਾ। ਇੱਥੇ ਤੱਕ ਉਨ੍ਹਾ ਦੇ ਪਿਸ਼ਾਬ ਦੀ ਗੰਦਗੀ ਉਨ੍ਹਾਂ ਲਾਗਉ ਸਾਫ਼ ਨਹੀਂ ਕੀਤੀ ਜਾ ਰਹੀ। ਪੰਥਕ ਆਗੂਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੇ ਡਾਕਟਰ, ਡਾਇਰੈਕਟਰ ਅਤੇ ਚੇਅਰ ਪਰਸਨ ਜਾਣਬੂਝ  ਕੇ ਉਨ੍ਹਾਂ ਦੀ ਸੇਹਿਤ ਨਾਲ ਖਿਲਵਾੜ ਕਰ ਰਹੇ ਹਨ। ਜ਼ਿਕਰ ਯੋਗ ਹੈ ਕਿ ਆਪ ਪਾਰਟੀ ਦੀ ਐਮ ਐਲ ਏ ਇਸ ਹਸਪਤਾਲ ਦੀ ਚੇਅਰਪਰਸਨ ਹੈ।ਪੰਜਾ ਸਿੰਘਾਂ, ਹਵਾਰਾ ਕਮੇਟੀ, ਧਰਮ ਸਿੰਘ ਖਾਲਸਾ ਟਰਸਟ, ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ, ਅਕਾਲਯੂਥ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਸਦਭਾਵਨਾ ਦਲ, ਭਿੰਡਰਾਵਾਲਾ ਸਿੱਖ ਯੂਥ ਫੈਡਰੇਸ਼ਨ, ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਥੇਦਾਰ ਸਾਹਿਬ ਦਾ ਇਲਾਜ ਠੀਕ ਢੰਗ ਨਾਲ ਕਰਵਾਉਣ ਦੀ ਜ਼ੁੰਮੇਵਾਰੀ ਮੋਦੀ ਅਤੇ ਕੇਜਰੀਵਾਲ ਸਰਕਾਰ ਦੀ ਬਣਦੀ ਹੈ। ਜੇਕਰ ਇਨ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਖਾਲਸਾ ਪੰਥ ਨੂੰ ਦਿੱਲੀ ਦਰਬਾਰ ਦੀ ਜੜ੍ਹਾਂ ਹਿਲਾਉਣੀਆਂ ਵੀ ਆਉਂਦੀਆਂ ਹਨ।ਉਨ੍ਹਾਂ ਕਿਹਾ ਕਿ ਉਹ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ, ਦਿੱਲੀ ਮਾਨਵ ਅਧਿਕਾਰ ਕਮੀਸ਼ਨ ਅਤੇ ਘੱਟ ਗਿਣਤੀਆਂ ਕਮੀਸ਼ਨ ਕੋਲ ਇਲਾਜ ਵਿੱਚ ਹੋ ਰਹੀ ਅਣਗਹਿਲੀ ਦਾ ਮਸਲਾ ਉਠਾਉਣਗੇ। ਆਗੂਆਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ ਹੇਠ ਜਥੇਦਾਰ ਹਵਾਰਾ ਦਾ ਇਲਾਜ ਸਰਕਾਰੀ ਹਸਪਤਾਲ ਦੀ ਜਗ੍ਹਾ ਕਿਸੇ ਚੰਗੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਜਾਏ ਜਿਸ ਦਾ ਖਰਚਾ ਖ਼ਾਲਸਾ ਪੰਥ ਚੁੱਕੇਗਾ। ਜਥੇਬੰਦੀਆਂ ਦੇ ਆਗੂਆਂ ਅਤੇ ਪੰਜਾ ਸਿੰਘਾਂ ਨੇ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾ, ਕਸਬਿਆ ਤੇ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਜਥੇਦਾਰ ਹਵਾਰਾ ਦੀ ਦੇਹ ਅਰੋਗਤਾ ਲਈ ਰੋਜ ਅਰਦਾਸ ਬੇਨਤੀ ਕਰਨ ਕਿਉਂਕਿ ਇਹ ਸਮਾਂ ਵਖਰੇਵਿਆਂ ਦਾ ਨਹੀਂ ਬਲਕਿ ਕੌਮੀ ਯੋਧੇ ਨੂੰ ਸੰਭਾਲ਼ਣ ਦਾ ਹੈ ਅਤੇ ਕਿਸਾਨ ਅੰਦੋਲਨ ਵਾਂਗ ਦਿੱਲੀ ਸਰਕਾਰ ਨੂੰ ਇਕਜੁਟਦਾ ਦਾ ਸੁਨੇਹਾ ਦੇਣ ਦਾ ਹੈ।ਇਸ ਸੰਬੰਧ ਵਿੱਚ ਉੱਘੇ ਵਕੀਲਾਂ ਦੀ ਟੀਮ ਸਥਾਪਿਤ ਕਰ ਦਿੱਤੀ ਗਈ ਹੈ ਜੋ ਹਾਈ ਕੋਰਟ ਤੋ ਲੋੜੀਦੀ ਹਿਦਾਇਤਾਂ ਲਵੇਗੀ।
ਅੱਜ ਦੇ ਅਰਦਾਸ ਸਮਾਗਮ ਵਿਚ ਪੰਜਾ ਸਿੰਘ ਚੋ ਭਾਈ ਸਤਨਾਮ ਸਿੰਘ ਝੰਝੀਆ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਦਲਬੀਰ ਸਿੰਘ, ਭਾਈ ਤਰਸੇਮ ਸਿੰਘ, ਸੁਖਰਾਜ ਸਿੰਘ ਵੇਰਕਾ, ਬੀਬੀ ਸੰਦੀਪ ਕੌਰ, ਬਲਜੀਤ ਸਿਘ ਖਾਲਸਾ, ਭਾਈ ਮੇਜਰ ਸਿੰਘ, ਰਛਪਾਲ ਸਿੰਘ ਜਹਾਂਗੀਰ, ਹਰਬੀਰ ਸਿੰਘ ਸੰਧੂ, ਜਸਵਿੰਦਰ ਸਿੰਘ ਰਾਜਪੁਰਾ, ਮਹਾ ਸਿੰਘ, ਬਲਦੇਵ ਸਿੰਘ ਨਵਾਂ ਪਿੰਡ, ਸੁਖਦੇਵ ਸਿੰਘ ਵੇਰਕਾ, ਬੀਬੀ ਮਨਿੰਦਰ ਕੌਰ, ਜਗਜੀਤ ਸਿੰਘ ਤਰਨਤਾਰਨ, ਇੰਦਰਬੀਰ ਸਿੰਘ ਪਟਿਆਲਾ, ਪ੍ਰਗਟ ਸਿੰਘ ਚੁਗਾਵਾਂ, ਸਵਰਨਜੀਤ ਸਿੰਘ ਕੁਰਾਲੀਆ, ਗਗਨਦੀਪ ਸਿੰਘ, ਹਰਪਾਲ ਸਿੰਘ ਛੇ ਜੂਨ, ਰਘਬੀਰ ਸਿੰਘ ਭੁੱਚਰ, ਜਸਪਾਲ ਸਿੰਘ ਪੁਤਲੀਘਰ, ਰਛਪਾਲ ਸਿੰਘ ਨਿੰਹਗ, ਜਗਰਾਜ ਸਿੰਘ ਪੱਟੀ, ਸੱਜਣ ਸਿਘ ਪੱਟੀ ਅਤੇ ਵੱਡੀ ਗਿਣਤੀ ਵਿੱਚ ਟਰਸਟ ਦੀ ਹੋਣਹਾਰ ਬੱਚੀਆਂ ਵੀ ਹਾਜ਼ਰ ਸਨ।