ਭਾਈ ਜਗਤਾਰ ਸਿੰਘ ਤਾਰਾ ਨੇ ਹਿੰਦੁਸਤਾਨੀ ਅਦਾਲਤਾਂ ਦੇ ਇਨਸਾਫ਼ ਨੂੰ ਨਕਾਰਦਿਆਂ ਜੇਲ੍ਹ ਬ੍ਰੇਕ ਮਾਮਲੇ ਵਿਚ ਸ਼ਮੂਲੀਯਤ ਨੂੰ ਸਵੀਕਾਰਿਆ

ਭਾਈ ਜਗਤਾਰ ਸਿੰਘ ਤਾਰਾ ਨੇ ਹਿੰਦੁਸਤਾਨੀ ਅਦਾਲਤਾਂ ਦੇ ਇਨਸਾਫ਼ ਨੂੰ ਨਕਾਰਦਿਆਂ ਜੇਲ੍ਹ ਬ੍ਰੇਕ ਮਾਮਲੇ ਵਿਚ ਸ਼ਮੂਲੀਯਤ ਨੂੰ ਸਵੀਕਾਰਿਆ

*ਮਾਮਲਾ ਬੁੜੈਲ ਜੇਲ੍ਹ ਅੰਦਰ ਸੁਰੰਗ ਪੁੱਟ ਬਾਹਰ ਨਿਕਲਣ ਦਾ

*ਕਿਹਾ ਕਿ ਸਾਡਾ ਭਾਰਤੀ ਸਿਸਟਮ ਉਪਰ ਵਿਸ਼ਵਾਸ ਨਹੀਂ

*ਜੱਜ ਨੂੰ ਚਿੱਠੀ ਲਿਖ ਸਿੱਖਾਂ ਤੇ ਹੋਏ ਜ਼ੁਲਮ ਚੇਤੇ ਕਰਵਾਏ

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ : ਸਾਲ 1995 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਬੁੜੈਲ ਜੇਲ੍ਹ ਵਿਚ ਬੰਦ ਖਾੜਕੁ ਭਾਈ ਜਗਤਾਰ ਤਾਰਾ ਨੇ  ਆਪਣੀ ਸ਼ਮੂਲੀਅਤ  ਕਬੂਲ ਕਰ ਲਈ ਹੈ। ਭਾਈ ਤਾਰਾ ਨੂੰ ਬੀਤੇ ਸੋਮਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਨ ਇੰਦਰ ਸੰਧੂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।ਇੱਥੇ ਭਾਈ ਤਾਰਾ ਨੇ ਜੱਜ ਸਾਹਮਣੇ ਕਬੂਲਨਾਮੇ ’ਚ ਕਿਹਾ ਕਿ ਉਸ ਨੇ ਹੀ ਬੁੜੈਲ ਜੇਲ੍ਹ ’ਚ ਸਾਲ 2004 ’ਚ 94 ਫੁੱਟ ਲੰਬੀ ਸੁਰੰਗ ਬਣਾਈ ਸੀ ਤੇ ਫ਼ਰਾਰ ਹੋ ਗਿਆ ਸੀ। ਉਸ ਨੇ ਜੱਜ ਸਾਹਮਣੇ ਇਹ ਵੀ ਕਬੂਲ ਕੀਤਾ ਕਿ ਇਸ ਕੰਮ ਲਈ ਉਸ ਨੂੰ ਤਿੰਨ ਸਾਲ ਦਾ ਸਮਾਂ ਲੱਗਾ ਸੀ ਤੇ ਉਸ ਨੇ ਸੁਰੰਗ ਜੇਲ੍ਹ ਵਿਚ ਮਿਲਣ ਵਾਲੇ ਖਾਣੇ ਦੇ ਭਾਂਡਿਆਂ ਨਾਲ ਬਣਾਈ ਸੀ। ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਆਪਣੇ ਕਬੂਲਨਾਮੇ ਵਿਚ ਤਾਰਾ ਨੇ ਕਿਹਾ ਕਿ ਉਸ ਦਾ ਭਾਰਤੀ ਨਿਆਂਪਾਲਿਕਾ ’ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ।

ਇਸ ਦੌਰਾਨ ਭਾਈ ਤਾਰਾ ਨੇ ਇਹ ਵੀ ਕਿਹਾ ਕਿ ਉਹ ਸੱਚਾਈ ਦੇ ਹੀ ਰਸਤੇ ਉਤੇ ਚੱਲ ਰਿਹਾ ਸੀ। ਜਦੋਂ ਭਾਈ ਤਾਰਾ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਅਦਾਲਤ ਕੰਪਲੈਕਸ ਨੂੰ ਪੂਰਾ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਸਖ਼ਤ ਸੁਰੱਖਿਆ ਦਰਮਿਆਨ ਤਾਰਾ ਨੂੰ ਕੋਰਟ ਰੂਮ ਵਿਚ ਪੇਸ਼ ਕੀਤਾ ਗਿਆ ਸੀ ਤੇ ਪੇਸ਼ੀ ਦੌਰਾਨ ਸਿਰਫ਼ ਵਕੀਲ ਤੋਂ ਇਲਾਵਾ ਤਾਰਾ ਤੇ ਪੁਲਿਸ ਮੁਲਾਜ਼ਮਾਂ ਨੂੰ ਛੱਡ ਕੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕੰਮ ਲਈ ਕੋਰਟ ਰੂਮ ਵਿਚ ਬਾਹਰ ਕਮਾਂਡੋ ਤਕ ਦੀ ਤਾਇਨਾਤੀ ਕੀਤੀ ਗਈ ਸੀ। ਆਪਣੇ ਲਿਖਤੀ ਕਬੂਲਨਾਮੇ ਵਿਚ ਭਾਈ ਤਾਰਾ ਨੇ ਜੱਜ ਸਾਹਮਣੇ ਇਹ ਵੀ ਕਿਹਾ ਕਿ ਉਸ ਨੇ ਜੇਲ੍ਹ ਤੋਂ ਭੱਜਣ ਦਾ ਫ਼ੈਸਲਾ ਸੋਚ ਸਮਝ ਕੇ ਲਿਆ ਸੀ। ਉਸ ਨੇ ਇਹ ਵੀ ਕਿਹਾ ਕਿ ਇਹ ਫ਼ੈਸਲਾ ਇਸ ਲਈ ਵੀ ਲਿਆ ,ਕਿਉਂਕਿ ਦੇਸ਼ ਦੀ ਨਿਆਂਪਾਲਿਕਾ ਸਿਸਟਮ ਤੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਇਨਸਾਫ਼ ਦੀ ਉਮੀਦ ਨਹੀਂ ਸੀ। ਬਾਹਰ ਜਾ ਕੇ ਸਿੱਖ ਕੌਮ ਨਾਲ ਹੋਰ ਰਹੇ ਧੋਖੇ ਖ਼ਿਲਾਫ਼ ਸਿੱਖ ਕੌਮ ਦੀ ਸੇਵਾ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਸਿੱਖ ਕੌਮ ਵਿਚ ਪੈਦਾ ਹੋਣਾ ਉਸ ਦਾ ਸੁਭਾਗ ਹੈ।

ਇਹ ਹੋਰ ਸਨ ਮਾਮਲੇ ਵਿਚ ਬਰੀ

ਜੇਲ੍ਹ ਬ੍ਰੇਕ ਮਾਮਲੇ ਵਿਚ ਕੁਲ 21 ਮੁਲਜ਼ਮ ਸਨ। ਇਨ੍ਹਾਂ ’ਚੋਂ ਬਰੀ ਹੋਣ ਵਾਲਿਆਂ ਵਿਚ ਜੇਲ੍ਹ ਦੇ ਤਤਕਾਲੀ ਸੁਪਰਡੈਂਟ ਡੀਐੱਸ ਰਾਣਾ, ਡਿਪਟੀ ਜੇਲ੍ਹ ਸੁਪਰਡੈਂਟ ਦਲਬੀਰ ਸਿੰਘ ਸੰਧੂ, ਅਸਿਸਟੈਂਟ ਜੇਲ੍ਹ ਸੁਪਰਡੈਂਟ ਵੇਦ ਮਿੱਤਲ ਗਿੱਲ ਤੇ ਪੀਐੱਸ ਰਾਣਾ, ਵਾਰਡਰ ਇੰਦਰ ਸਿੰਘ, ਹੌਲਦਾਰ ਨਿਸ਼ਾਨ ਸਿੰਘ ਸਮੇਤ ਨਾਰਾਇਣ ਸਿੰਘ ਚੌਰਾ, ਨੰਦ ਸਿੰਘ, ਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਸੁਬੇਗ ਸਿੰਘ, ਗੁਰਨਾਮ ਸਿੰਘ ਤੇ ਐੱਸਪੀ ਸਿੰਘ ਸ਼ਾਮਲ ਸਨ।

ਇਹ ਸੀ ਮਾਮਲਾ

21-22 ਜਨਵਰੀ 2004 ਭਾਈਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਤੇ ਹੱਤਿਆ ਕੇਸ ਵਿਚ ਇਕ ਦੋਸ਼ੀ ਦੇਵੀ ਸਿੰਘ ਕਰੀਬ 94 ਫੁੱਟ ਲੰਬੀ ਸੁਰੰਗ ਪੁੱਟ ਕੇ ਫ਼ਰਾਰ ਹੋ ਗਏ ਸਨ। ਹਵਾਰਾ ਤੇ ਭਿਓਰਾ ਨੂੰ ਫ਼ਰਾਰ ਹੋਣ ਤੋਂ 2 ਸਾਲ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਤਾਰਾ ਨੂੰ ਥਾਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉੱਥੇ ਦੇਵੀ ਸਿੰਘ ਦੇ ਪਾਕਿਸਤਾਨ ’ਚ ਲੁਕੇ ਹੋਣ ਦੇ ਹਾਲੇ ਵੀ ਸੰਕੇਤ ਹਨ। ਜੇਲ੍ਹ ਅਧਿਕਾਰੀਆਂ ਸਮੇਤ ਕੁਝ ਮੁਲਜ਼ਮਾਂ ’ਤੇ ਜੇਲ੍ਹ ਬ੍ਰੇਕ ਵਿਚ ਲਾਪਰਵਾਹੀ ਤੇ ਸਹਿਯੋਗ ਦਾ ਦੋਸ਼ ਸੀ।