ਮੱਤੇਵਾੜਾ ਜੰਗਲ ਵਾਲ਼ਾ ਪੰਜਾਬ ਵਿਰੋਧੀ ਫੈਸਲੇ ਨੂੰ ਵਾਪਸ ਲੈਣਾ, ਸਵਾਗਤਯੋਗ : ਸਿਮਰਨਜੀਤ ਸਿੰਘ ਮਾਨ

ਮੱਤੇਵਾੜਾ ਜੰਗਲ ਵਾਲ਼ਾ ਪੰਜਾਬ ਵਿਰੋਧੀ ਫੈਸਲੇ ਨੂੰ ਵਾਪਸ ਲੈਣਾ, ਸਵਾਗਤਯੋਗ : ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 11 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਲੁਧਿਆਣਾ ਜਿ਼ਲ੍ਹੇ ਦੇ ਸਤਲੁਜ ਦੇ ਕਿਨਾਰੇ ਤੇ ਜੋ ਵਿਸ਼ਾਲ ਜੰਗਲ ਸਥਿਤ ਹੈ, ਉਸਨੂੰ ਉਜਾੜਕੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਥੇ ਵੱਡੇ-ਵੱਡੇ ਧਨਾਢਾਂ, ਉਦਯੋਗਪਤੀਆਂ ਨੂੰ ਖੁਸ਼ ਕਰਨ ਲਈ ਇੰਡਸਟ੍ਰੀਅਲ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ । ਜਿਸਦਾ ਉਸੇ ਦਿਨ ਤੋਂ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਵੱਡਾ ਰੋਹ ਉੱਠ ਖੜ੍ਹਾ ਹੋਇਆ ਸੀ । ਜਿਸਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੇ ਮਿਤੀ 10 ਜੁਲਾਈ ਨੂੰ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਹੋਕਾ ਦਿੰਦੇ ਹੋਏ ਇਕੱਠ ਰੱਖਿਆ ਸੀ, ਜਿਸਨੂੰ ਵੱਡੇ ਉਤਸਾਹ ਅਤੇ ਜਿ਼ੰਮੇਵਾਰੀ ਨਾਲ ਪੰਜਾਬ ਦੇ ਨਿਵਾਸੀਆ ਨੇ ਮੱਤੇਵਾੜੇ ਵਿਖੇ ਪਹੁੰਚਕੇ ਪੰਜਾਬ ਸਰਕਾਰ ਦੇ ਇਸ ਦੁੱਖਦਾਇਕ ਫੈਸਲੇ ਵਿਰੁੱਧ ਬਹੁਤ ਵੱਡਾ ਗੁੱਸਾ ਜਾਹਰ ਕੀਤਾ ਅਤੇ ਅਗਲਾ ਐਕਸ਼ਨ ਪ੍ਰੋਗਰਾਮ ਦੇਣ ਲਈ ਸਮੁੱਚੇ ਪੰਜਾਬ ਨਿਵਾਸੀਆ ਦੀਆਂ ਵੱਡੀਆ ਰਾਵਾ ਆਈਆ । ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਵਾਉਣ ਲਈ ਕੋਈ ਵੱਡਾ ਮੋਰਚਾ ਲਗਾਇਆ ਜਾਂਦਾ, ਸਰਕਾਰ ਨੇ ਸਮੁੱਚੇ ਰੋਹ ਨੂੰ ਭਾਂਪਦੇ ਹੋਏ ਜੋ ਮੱਤੇਵਾੜੇ ਜੰਗਲ ਵਿਚ ਇੰਡਸਟ੍ਰੀਅਲ ਪਾਰਕ ਬਣਾਉਣ ਦਾ ਐਲਾਨ ਕੀਤਾ ਸੀ, ਉਸਨੂੰ ਬੀਤੇ ਕੱਲ੍ਹ ਵਾਪਸ ਲੈਣ ਦਾ ਜੋ ਫੈਸਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਲੋਕਪੱਖੀ, ਇਥੋ ਦੇ ਵਾਤਾਵਰਨ ਨੂੰ ਸਹੀ ਰੱਖਣ ਸੰਬੰਧੀ ਕੀਤੇ ਗਏ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਉਲਟ ਜਾ ਕੇ ਪੰਜਾਬ ਸਰਕਾਰ ਜਾਂ ਸੈਟਰ ਦੀ ਮੋਦੀ ਹਕੂਮਤ ਕਿਸੇ ਤਰ੍ਹਾਂ ਦਾ ਫੈਸਲਾ ਥੋਪਣ ਦੀ ਜੇ ਕੋਸਿ਼ਸ਼ ਕਰੇਗੀ, ਤਾਂ ਪੰਜਾਬ ਨਿਵਾਸੀ ਅਜਿਹੇ ਪੰਜਾਬ ਵਿਰੋਧੀ ਕਿਸੇ ਫੈਸਲੇ ਨੂੰ ਕਦੀ ਵੀ ਪ੍ਰਵਾਨ ਨਹੀ ਕਰਨਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੱਤੇਵਾੜਾ ਜੰਗਲ ਨੂੰ ਉਜਾੜਕੇ ਇੰਡਸਟ੍ਰੀਅਲ ਪਾਰਕ ਬਣਾਉਣ ਦੇ ਐਲਾਨੇ ਗਏ ਫੈਸਲੇ ਨੂੰ ਪੰਜਾਬ ਸਰਕਾਰ ਵੱਲੋ ਵਾਪਸ ਲੈਣ ਦੇ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਕਿਸੇ ਤਰ੍ਹਾਂ ਦਾ ਅਮਲ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੀ ਤਕਰੀਰ ਵਿਚ ਇਸ ਗੱਲ ਦਾ ਵੀ ਦੁੱਖ ਜਾਹਰ ਕੀਤਾ ਕਿ ਇਸ ਜੰਗਲ ਵਿਚ ਟਾਹਲੀ ਦੇ ਪੌਦੇ ਬਿਲਕੁਲ ਨਹੀ ਹਨ । ਇਸ ਲਈ ਸ. ਮਾਨ ਨੇ ਉਥੇ ਇਕੱਠ ਦੀ ਹਾਜਰੀ ਵਿਚ ਇਕ ਬੂਟਾ ਟਾਹਲੀ ਦਾ, ਇਕ ਅੰਬ ਦਾ ਅਤੇ ਇਕ ਜਾਮਣ ਦਾ ਬੂਟਾ ਲਗਾਕੇ ਸਰਕਾਰ ਅਤੇ ਪੰਜਾਬੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਇਸ ਜੰਗਲ ਵਿਚ ਉਪਰੋਕਤ ਤਿੰਨੇ ਪੌਦਿਆ ਟਾਹਲੀ, ਅੰਬ ਅਤੇ ਜਾਮਣ ਦੇ ਪੇੜ ਆਪਣੀ ਜਿੰਮੇਵਾਰੀ ਸਮਝਕੇ ਲਗਾਏ ਜਾਣ ਅਤੇ ਜੋ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਅਫਸਰ ਹਨ, ਉਹ ਇਸ ਗੱਲ ਦਾ ਉਚੇਚੇ ਤੌਰ ਤੇ ਖਿਆਲ ਰੱਖਣ ਕਿ ਇਸ ਜੰਗਲ ਵਿਚ ਲਗਾਏ ਜਾਣ ਵਾਲੇ ਇਨ੍ਹਾਂ ਬੂਟਿਆ ਦੀ ਹਰ ਤਰ੍ਹਾਂ ਹਿਫਾਜਤ ਕਰਨ ਦੇ ਵੀ ਪ੍ਰਬੰਧ ਕੀਤੇ ਜਾਣ । ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਇਸ ਗੰਭੀਰ ਵਿਸ਼ੇ ਤੇ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਵੱਡਾ ਐਕਸ਼ਨ ਹੋਣ ਤੋ ਪਹਿਲੇ ਸਹੀ ਸਮੇ ਪੰਜਾਬ ਸਰਕਾਰ ਨੇ ਸਹੀ ਫੈਸਲਾ ਕਰਕੇ ਪੰਜਾਬੀਆ ਦੇ ਵੱਡੇ ਰੋਹ ਅਤੇ ਵੱਡੇ ਅੰਦੋਲਨ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਗਰਮੀ ਦੇ ਮੌਸਮ ਵਿਚ ਮੋਰਚਿਆ ਵਿਚ ਦਿੱਲੀ ਕਿਸਾਨ ਮੋਰਚੇ ਦੀ ਤਰ੍ਹਾਂ ਜਾਣ, ਵੱਡਾ ਮਾਲੀ ਖਰਚ ਕਰਨ ਅਤੇ ਬਜੁਰਗ ਜਿ਼ੰਦਗਾਨੀਆਂ ਨੂੰ ਇਸ ਹੋਣ ਵਾਲੇ ਅੰਦੋਲਨ ਵਿਚ ਸਮੂਲੀਅਤ ਕਰਨ ਤੋ ਰੋਕ ਕੇ ਸਲਾਘਾਯੋਗ ਉਦਮ ਕੀਤਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਉਤੇ ਹਾਵੀ ਹੋ ਚੁੱਕੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਵੱਲੋ ਥੋਪੇ ਜਾਣ ਵਾਲੇ ਅਜਿਹੇ ਹੁਕਮਾ ਨੂੰ ਉਹ ਨਜ਼ਰ ਅੰਦਾਜ ਕਰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਦੀ ਕਦਰ ਕਰਦੇ ਰਹਿਣਗੇ ਅਤੇ ਪੰਜਾਬ ਨੂੰ ਸਹੀ ਲੀਹਾ ਵੱਲ ਤੋਰਨ ਦੀ ਜਿ਼ੰਮੇਵਾਰੀ ਨਿਭਾਉਣਗੇ ਨਾ ਕਿ ਇਥੇ ਅਫਰਾ-ਤਫਰੀ ਫੈਲਾਉਣ ਵਾਲੇ ਅਮਲ ਹੋਣਗੇ ।