ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ ਬਣ ਰਹੀਆਂ ਨੇ ਕਰਤਾਰਪੁਰ ਸਾਹਿਬ ਦੇ ਲੰਗਰ ਵਿਚ
ਅੰਮ੍ਰਿਤਸਰ ਟਾਈਮਜ਼
ਅੰਮਿ੍ਤਸਰ-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ | ਇਹ ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਪੈਦਾਵਾਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ 64 ਏਕੜ ਵਿਚ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਲੰਗਰ ਘਰ 'ਚ ਸੇਵਾਵਾਂ ਦੇਣ ਵਾਲੇ ਆਕਾਸ਼ ਸਿੰਘ ਖ਼ਾਲਸਾ ਨੇ ' ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਵਿਚ 15 ਏਕੜ ਭੂਮੀ 'ਤੇ ਸੂਰਜਮੁਖੀ ਅਤੇ 10 ਏਕੜ ਵਿਚ ਜੈਤੂਨ ਬੀਜੀ ਗਈ ਹੈ | ਇਸੇ ਤਰ੍ਹਾਂ ਮੱਕੀ ਅਤੇ ਚਾਵਲ ਆਦਿ ਫ਼ਸਲ ਵੀ ਲਗਾਈ ਗਈ ਹੈ | ਉਨ੍ਹਾਂ ਦੱਸਿਆ ਕਿ ਬੈਂਗਣ, ਘੀਆ, ਲੋਕੀ, ਟਿੰਡੇ, ਘੀਆ ਤੋਰੀ, ਕਰੇਲੇ ਆਦਿ ਕਈ ਹੋਰ ਸਬਜ਼ੀਆਂ ਬਿਲਕੁਲ ਤਿਆਰ ਹੋ ਚੁੱਕੀਆਂ ਹਨ, ਜੋ ਯਾਤਰੂਆਂ ਲਈ ਰੋਜ਼ਾਨਾ ਵਰਤਾਏ ਜਾਣ ਵਾਲੇ ਲੰਗਰ ਵਿਚ ਪਕਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਭਾਰਤੀ ਸ਼ਰਧਾਲੂਆਂ ਦੀ ਜਾਣਕਾਰੀ ਲਈ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਅਤੇ ਬਾਗ਼ ਦੇ ਨਜ਼ਦੀਕ ਗੁਰਮੁਖੀ 'ਚ ਲਿਖੇ ਬੋਰਡ ਵੀ ਲਗਾਏ ਗਏ ਹਨ । ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ. ਐਮ. ਯੂ.) ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ (ਸੀ. ਈ. ਓ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਵਿਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਦਾਲਾਂ ਨਾਲ ਹੀ ਤਿਆਰ ਕੀਤਾ ਜਾ ਰਿਹਾ ਹੈ । ਸ਼ਰਧਾਲੂਆਂ ਨੂੰ ਪ੍ਰਸਾਦਿ ਵਜੋਂ ਦੇਣ ਲਈ ਅੰਬ, ਸੰਗਤਰੇ, ਕੇਲੇ, ਮੁਸੱਮੀਆਂ, ਅਮਰੂਦ ਆਦਿ ਵੀ ਗੁਰਦੁਆਰਾ ਸਾਹਿਬ ਦੇ ਬਾਗ਼ ਵਿਚ ਲਗਾਏ ਗਏ ਹਨ ।
Comments (0)