ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਇੱਕ ਪੱਖ ਤੋਂ ਸਮਾਜ ਵਿਦਿਆਰਥੀਆਂ ਨੂੰ ਅੱਜ ਦੇ ਬੱਚੇ, ਕੱਲ੍ਹ ਦੇ ਨੇਤਾ ਕਹਿ ਕੇ ਉਹਨਾਂ ਉੱਪਰ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਦੀ ਪੰਡ ਰੱਖ ਕੇ ਇੱਕ ਸਮਰੱਥਾਵਾਨ ਵਿਅਕਤੀ ਬਣਾਉਣ ਦੀ ਕੋਸ਼ਿਸ਼ ‘ਚ ਹੈ ਤੇ ਦੂਸਰੇ ਪਾਸੇ ਓਹੀ ਬੱਚੇ ਗੀਤਾਂ ਦੀ ਵੀਡੀਓਜ਼ ਕਿਸੇ ਮੁੰਡੇ-ਕੁੜੀ ਦੀ ਤਸਵੀਰ ਨੂੰ ਬਚਪਨ ਵਿੱਚ ਹੀ ਵਸਾ ਕੇ ਆਪਣੇ ਪਿਆਰ ਰੂਪੀ ਰੰਗ ਵਿੱਚ ਪੇਸ਼ ਕਰਦੇ ਹਾਂ। ਬਚਪਨ ਵੱਲ ਝਾਤ ਪਾਉਣ ਤੇ ਪਤਾ ਚੱਲਦਾ ਹੈ ਕਿ ਇਹ ਅਸਲੀਅਤ ਤੋ ਦੂਰ ਹੈ, ਬਚਪਨ ਦੀ ਮਾਸੂਮੀਅਤ, ਕੋਮਲਤਾ ਵਿੱਚ ਅਜਿਹੀ ਪ੍ਰਵਿਰਤੀ ਨਹੀਂ ਪਾਈ ਜਾਂਦੀ।

ਅੱਜ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨਾਲ ਗੱਲ ਕਰੋਗੇ ਤਾਂ ਇੱਕ ਸਬਦ ਹਰੇਕ ਵਿਅਕਤੀ ਦੇ ਮੂੰਹੋਂ ਸੁਣਨ ਨੂੰ ਮਿਲੇਗਾ ਕਿ ਅੱਜ ਕੱਲ੍ਹ ਤਾਂ ਜ਼ਮਾਨਾਂ ਹੀ ਬਹੁਤ ਖਰਾਬ ਹੋ ਗਿਆ ਹੈ, ਆਪਣੇ ਸਮਾਜ ਦਾ ਬੇੜਾ ਗਰਕ ਹੋ ਗਿਆ ਹੈ। ਇਹ ਸ਼ਬਦ ਹਰ ਵਿਅਕਤੀ ਨੂੰ ਕਹਿਣ ਲਈ ਕਿਸੇ ਹੋਰ ਨੇ ਮਜ਼ਬੂਰ ਨਹੀਂ ਕੀਤਾ ਬਲਕਿ ਹਰ ਮਨੁੱਖ ਨੇ ਆਪਣੇ ਆਪ ਦਾ ਬੇੜਾ ਗਰਕ ਕਰਨ ਦੀ ਸਥਿਤੀ ਆਪ ਸਹੇੜੀ ਹੈ ਕਿਉਂਕਿ ਜਿਸ ਸਮਾਜ ਨੂੰ ਉਹ ਭੰਡ ਰਿਹਾ ਹੈ, ਉਹ ਖੁਦ ਵੀ ਓਸੇ ਸਮਾਜ ਦਾ ਹਿੱਸਾ ਹੈ ਤੇ ਕਿਤੇ ਨਾ ਕਿਤੇ ਉਹ ਵੀ ਦੋਸ਼ੀ ਹੈ, ਕਦੇ ਉਸ ਨੇ ਸਮਾਜ ਨੂੰ ਸੇਧ, ਸੁਧਾਰ ਲਈ ਕੋਈ ਯਤਨ ਕੀਤਾ ਹੈ?

ਤਕਨੀਕ ਨੇ ਅਜੋਕੇ ਮਨੁੱਖ ਤੇ ਮਾੜੂ ਪ੍ਰਭਾਵ ਵੀ ਪਾਇਆ ਹੈ ਜਿਸਦੀ ਵਲਗਣ ਵਿੱਚੋਂ ਨਿਕਲਣਾ ਔਖਾ ਜਾਪ ਰਿਹਾ ਹੈ। ਘਰਾਂ ਵਿੱਚ ਮੈਂਬਰਾਂ ਦਾ ਧਿਆਨ ਬੱਚਿਆਂ ਦੀ ਆਦਰਸ਼ ਪ੍ਰਵਰਿਸ਼ ਨਾਲੋਂ ਕੱਪੜਿਆਂ ਅਤੇ ਪਦਾਰਥਵਾਦੀ ਵਸਤਾਂ ਲੈ ਕੇ ਦੇਣ ਵਿੱਚ ਜ਼ਿਆਦਾ ਹੈ। ਅੱਜ ਹਰ ਘਰ ਵਿੱਚ ਕੇਬਲ, ਡਿਸ਼, ਇੰਟਰਨੈੱਟ ਦੀ ਭਰਮਾਰ ਹੈ ਜੋ ਸਾਡੇ ਬੱਚਿਆਂ ਦੇ ਬਚਪਨ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ। ਜਿਨ੍ਹਾਂ ਗੀਤਾਂ ਵਿੱਚ ਫਿਲਮਾਂਕਣ ਸਮੇਂ ਬਚਪਨ ਨੂੰ ਇਸ਼ਕੀਆਂ ਸੰਕਲਪ ਨਾਲ ਪੇਸ਼ ਕੀਤਾ ਹੈ ਉਹ ਅਜੋਕੇ ਬੱਚਿਆਂ ਦੇ ਬਚਪਨ ਲਈ ਘਾਤਕ ਸਿੱਧ ਹੋ ਰਿਹਾ ਹੈ। ਬੱਚੇ ਫਿਲਮਾਂਕਣ ਨੂੰ ਆਪਣੀ ਜਿੰਦਗੀ ਦਾ ਹਿੱਸਾ ਮੰਨ ਬੈਠਦੇ ਹਨ ਅਤੇ ਇਸਦੇ ਮਾੜੂ ਪ੍ਰਭਾਵ ਤੋਂ ਗ੍ਰਸਤ ਹੋ ਜਾਂਦੇ ਹਨ, ਜਿਸ ਨਾਲ ਜ਼ਮਾਨਾ ਖਰਾਬ ਹੈ, ਸਮਾਜ ਦਾ ਬੇੜਾ ਗਰਕ ਜਿਹੇ ਸ਼ਬਦਾਂ ਦੀ ਸਿਰਜਣਾ ਕਰਨੀ ਪੈਂਦੀ ਹੈ। ਲੋੜ ਹੈ ਅੱਜ ਦੇ ਸਮਾਜ ਨੂੰ ਜਾਗਰੂਕ ਹੋਣ ਦੀ ਤੇ ਇਹੋ ਜਿਹੇ ਫਿਲਮਾਂਕਣ ਬੰਦ ਕਰਨ ਦੀ ਤਾਂ ਜੋ ਸਮਾਜ ਵਿੱਚ ਵਧ ਰਹੇ ਜਿਸਮਾਨੀ ਸ਼ੋਸ਼ਣ ਨੂੰ ਠੱਲ ਪਾਈ ਜਾ ਸਕੇ। ਬੱਚਿਆਂ ਨੂੰ ਟੀ.ਵੀ. ਦਾ ਲਾਲਚ ਘੱਟ ਕਰਾਕੇ ਰੋਜ ਸੰਸਕਾਰਿਕ ਕਹਾਣੀਆਂ ਸੁਣਾਈਆਂ ਜਾਣ, ਉਹਨਾਂ ਨੂੰ ਨੈਤਕਿਤਾ ਦੇ ਗੁਣਆਂ ਬਾਰੇ ਬਚਪਨ ਤੋਂ ਹੀ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਪਰਿਵਾਰ ਦੇ ਹਰ ਮੈਂਬਰ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਅੱਗੇ ਆਦਰਸ਼ ਵਿਅਕਤੀ ਦੇ ਗੁਣਾਂ ਨੂੰ ਅਪਣਾਇਆ ਜਾਵੇ ਤਾਂ ਜੋ ਬੱਚੇ ਨਕਲ ਕਰਕੇ ਉਹੀ ਸਿੱਖ ਸਕਣ।

ਅੱਜ ਕੱਲ੍ਹ ਦੇਖਿਆ ਜਾਵੇ ਮਾਵਾਂ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਬੱਚਿਆਂ ਨੂੰ ਟੀ.ਵੀ. ਚਾਲੂ ਕਰਕੇ ਦੇ ਦਿੰਦੀਆਂ ਹਨ ਤੇ ਆਪ ਆਪਣੇ ਕੰਮਾਂ ਵਿੱਚ ਰੁਝ ਕੇ, ਬੱਚੇ ਦੀ ਨਜ਼ਰਸਾਨੀ ਤੋਂ ਸੁਰਖਰੂ ਹੋ ਜਾਂਦੀਆਂ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਜੇਕਰ ਅਸੀਂ ਆਪਣੇ ਬੱਚੇ ਦੀ ਸੰਭਾਲ ਨਾਲੋਂ ਜ਼ਿਆਦਾ ਮਹੱਤਤਾ ਆਪਣੇ ਕੰਮਾਂ ਨੂੰ ਦੇ ਰਹੇ ਹਾਂ ਤਾਂ ਇਹੀ ਬੱਚਾ ਆਉਣ ਵਾਲੇ ਸਮੇਂ ਵਿੱਚ ਸਾਡੀ ਜ਼ਿੰਦਗੀ ਦੇ ਕੰਮਾਂ ਲਈ ਮੁਸ਼ਕਿਲਾਂ ਪੈਦਾ ਕਰੇਗਾ ਤੇ ਉਹਨਾਂ ਕੋਲ ਫਿਰ ਪਛਤਾਵੇ ਜਾਂ ਝੁਰਣ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ ਹੋਵੇਗਾ।

ਬੱਚਿਆਂ ਨੂੰ ਵਿਅਸਤ ਰੱਖੋ ਪਰ ਕਿਸੇ ਖੇਡ ਜਾਂ ਸਿਰਜਨਾਤਮਿਕ ਕਿਰਿਆ ਵਿੱਚ ਤਾਂ ਜੋ ਉਹਨਾਂ ਦਾ ਬੌਧਿਕ ਤੇ ਸਰੀਰਕ ਵਿਕਾਸ ਚੰਗੀ ਤਰ੍ਹਾਂ ਹੋ ਸਕੇ, ਨਾ ਕਿ ਟੀ.ਵੀ., ਇੰਟਰਨੈੱਟ ਤੇ ਜਿਸ ਨਾਲ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਤਬਾਹ ਹੋ ਜਾਵੇ ਤੇ ਬੱਚੇ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਜਾਣ। ਸਮੇਂ ਦੀ ਮੰਗ ਹੈ ਪਰਿਵਾਰਾਂ ਨੂੰ ਸੰਭਾਲਣ ਤੇ ਬੱਚਿਆਂ ਲਈ ਸਹੀ ਦਿਸ਼ਾ ਨਿਰਦੇਸ਼ ਕਰਨ ਤੇ ਮਾਣ ਮਹਿਸੂਸ ਕਰਨ ਤੇ ਇਹੀ ਬੱਚੇ ਅੱਗੇ ਭਵਿੱਖ ਵਿੱਚ ਮਹਾਨ ਯੋਧੇ, ਸੂਰਬੀਰ ਤੇ ਦੈਵੀ ਗੁਣਾਂ ਦੇ ਮਾਲਕ ਵਿਅਕਤੀ ਪੈਦਾ ਹੋਣ ਜੋ ਸਮਾਜ ਨੂੰ ਸਹੀ ਸੇਧ ਦੇ ਸਕਣ।

ਰਮਨਦੀਪ ਕੌਰ