ਪੰਜਾਬੀ ਮਾਂ ਬੋਲੀ ਵਿਚੋਂ 4510 ਬੱਚੇ ਫੇਲ੍ਹ ਹੋਣਾ ਚਿੰਤਾਜਨਕ

ਪੰਜਾਬੀ ਮਾਂ ਬੋਲੀ ਵਿਚੋਂ 4510 ਬੱਚੇ ਫੇਲ੍ਹ ਹੋਣਾ ਚਿੰਤਾਜਨਕ

ਸੂਬੇ ਦੀਆਂ ਸਰਕਾਰਾਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ

ਸੂਬੇ ਦੀਆਂ ਸਰਕਾਰਾਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਫੂਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਨੇ ਕੱਢ ਕੇ ਰੱਖ ਦਿੱਤੀ ਹੈ। ਜਿਸ ਵਿਚ 23 ਜ਼ਿਲਿ੍ਹਆਂ 'ਚ 4510 ਬੱਚੇ ਪੰਜਾਬੀ ਮਾਂ ਬੋਲੀ ਵਿਸ਼ੇ ਵਿਚੋਂ ਹੀ ਫੇਲ੍ਹ ਹੋ ਗਏ। ਪੰਜਾਬ ਵਿਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਕੁਝ ਸਮੇਂ ਲਈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ, ਜਿਨ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ, ਲਗਪਗ ਸਾਰੀਆਂ ਹੀ ਸਰਕਾਰੀ ਬੱਸਾਂ ਉੱਪਰ ਚਰਨਜੀਤ ਸਿੰਘ ਚੰਨੀ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹੀ ਦਿਖਾਈ ਦੇ ਰਹੇ ਸਨ। ਜਿਨ੍ਹਾਂ ਵਿਚ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਏ ਜਾਣ ਦੇ ਪੋਸਟਰ ਚਿਪਕੇ ਹੋਏ ਸਨ। ਸਕੂਲਾਂ ਨੂੰ ਰੰਗ ਰੋਗਨ ਕਰਵਾ ਕੇ ਇਮਾਰਤਾਂ ਦੇ ਬਾਹਰ ਐੱਲਈਡੀ ਲਾਈਟਾਂ ਲਾ ਕੇ ਬਣਾਏ ਗਏ ਸਮਾਰਟ ਸਕੂਲਾਂ ਦਾ ਮਿਆਰ ਇੰਨਾ ਡਿੱਗ ਗਿਆ ਕਿ ਪੰਜਾਬ ਦੇ 23 ਜ਼ਿਲਿਆਂ ਵਿਚ 4510 ਬੱਚੇ ਪੰਜਾਬੀ ਭਾਸ਼ਾ ਵਿਚੋਂ ਹੀ ਫੇਲ੍ਹ ਹੋ ਗਏ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਇਸ ਦੇ ਹੋ ਰਹੇ ਘਾਣ ਦਾ ਜ਼ਿੰਮੇਵਾਰ ਕੌਣ?

ਅਧਿਆਪਕ ਦਲ ਜਹਾਂਗੀਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਿਹਾ ਕਿ ਬੱਚਿਆਂ ਨੂੰ ਪੜ੍ਹਾਉਣ ਤੋਂ ਜ਼ਿਆਦਾ ਅਧਿਆਪਕਾਂ ਦੀਆਂ ਡਿਊਟੀਆਂ ਬਾਹਰਲੇ ਕੰਮਾਂ ਦੇ ਲੱਗਦੀਆਂ ਹਨ, ਅਧਿਆਪਕਾਂ ਨੂੰ ਜ਼ਿਆਦਾਤਰ ਬਾਹਰਲੇ ਕੰਮਾਂ ਵਿੱਚ ਹੀ ਉਲਝਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਹੀ ਨਹੀਂ ਦੇ ਪਾ ਰਹੇ, ਪੰਜਾਬ ਅੰਦਰ ਆਏ ਦਿਨ ਕੋਈ ਨਾ ਕੋਈ ਵੋਟਾਂ ਪੈਂਦੀਆਂ ਰਹਿੰਦੀਆਂ ਹਨ ਤੇ ਅਧਿਆਪਕਾਂ ਦੀ ਵੋਟਾਂ ਕਰਵਾਉਣ ਦੀ ਜ਼ਿੰਮੇਵਾਰੀ ਲੱਗ ਜਾਂਦੀ ਹੈ। ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ,ਜਦੋਂ ਤੱਕ ਅਧਿਆਪਕਾਂ ਨੂੰ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਜਾਂਦੀ ਉਦੋਂ ਤੱਕ ਹਾਲਾਤ ਬਦਲਣੇ ਮੁਸ਼ਕਲ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਨੇ ਮਾਂ ਬੋਲੀ ਪ੍ਰਤੀ ਵਿਦਿਆਰਥੀਆਂ ਦੇ ਗਿਆਨ ਦੀ ਮੁਹਾਰਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਰ੍ਹਵੀਂ ਕਲਾਸ ਦੇ ਨਤੀਜਿਆਂ 'ਚ 23 ਜ਼ਿਲਿ੍ਹਆਂ ਵਿਚੋਂ 4510 ਵਿਦਿਆਰਥੀ ਪੰਜਾਬੀ ਭਾਸ਼ਾ ਵਿੱਚੋਂ ਹੀ ਫੇਲ੍ਹ ਹੋ ਗਏ।ਜਿਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਵੱਡਾ ਕਾਰਨ ਹੈ ਕਿ ਪੰਜਾਬੀ ਵਿਸ਼ੇ ਨੂੰ ਕਦੇ ਵੀ ਪਹਿਲੇ ਪੀਰੀਅਡਾਂ ਵਿੱਚ ਜਗ੍ਹਾ ਨਹੀਂ ਮਿਲਦੀ। ਅਖੀਰਲੇ ਪੀਰੀਅਡਾਂ ਤੱਕ ਬੱਚੇ ਸੁਸਤ ਹੋ ਚੁੱਕੇ ਹੁੰਦੇ ਹਨ, ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਪੰਜਾਬੀ ਵਿਸ਼ੇ ਵਿੱਚੋਂ ਹੀ ਅਨੇਕਾਂ ਵਿਦਿਆਰਥੀ ਫੇਲ੍ਹ ਹੋ ਗਏ।

ਮਾਸਟਰ ਕੇਡਰ ਯੂਨੀਅਨ ਫਗਵਾੜਾ ਦੇ ਸਰਪ੍ਰਸਤ ਹਰਜਿੰਦਰ ਗੋਗਨਾ ਨੇ ਕਿਹਾ ਕਿ  ਪੰਜਾਬੀ ਮਾਧਿਅਮ ਵਿਚ ਲੈਕਚਰਾਰਾਂ ਦੀ ਘਾਟ ਹੋਣਾ ਵੀ ਇਕ ਵੱਡਾ ਕਾਰਨ ਹੈ।