ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਚੜ੍ਹਦੀਕਲਾ; ਸਰਕਾਰੀ ਤੱਥਾਂ ਤੋਂ ਹੋਇਆ ਖੁਲਾਸਾ

ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਚੜ੍ਹਦੀਕਲਾ; ਸਰਕਾਰੀ ਤੱਥਾਂ ਤੋਂ ਹੋਇਆ ਖੁਲਾਸਾ

ਟੋਰਾਂਟੋ: ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਮੁਲਕ ਵਿੱਚ ਵੱਖੋ-ਵੱਖਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਬੰਧੀ 2016 ਸਰਵੇਖਣ ਦੇ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਮੁਲਕ ਵਿੱਚ ਪੰਜਾਬੀ ਬੋਲੀ ਸਭ ਤੋਂ ਵੱਧ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਬੋਲੀਆਂ ਵਿੱਚ ਪੰਜਵੇਂ ਨੰਬਰ 'ਤੇ ਹੈ। ਕੈਨੇਡਾ ਸਰਕਾਰ ਦੇ ਅੰਕੜਿਆਂ ਮੁਤਾਬਿਕ ਕੈਨੇਡਾ ਦੀਆਂ ਦੋ ਸਰਕਾਰੀ ਬੋਲੀਆਂ ਹਨ- ਅੰਗਰੇਜੀ ਅਤੇ ਫਰੈਂਚ। ਅੰਗਰੇਜੀ ਬੋਲੀ ਨੂੰ 2 ਕਰੋੜ 01 ਲੱਖ 93 ਹਜ਼ਾਰ 335 ਲੋਕ ਬੋਲਦੇ ਹਨ ਜੋ ਕੁੱਲ ਅਬਾਦੀ ਦਾ 58.1 ਫੀਸਦੀ ਹਿੱਸਾ ਬਣਦਾ ਹੈ, ਜਦਕਿ ਫਰੈਂਚ ਬੋਲੀ ਨੂੰ 74 ਲੱਖ 52 ਹਜ਼ਾਰ, 75 ਲੋਕ ਬੋਲਦੇ ਹਨ ਜੋ ਕੁੱਲ ਅਬਾਦੀ ਦਾ 21.4 ਫੀਸਦੀ ਹਿੱਸਾ ਬਣਦਾ ਹੈ। 

ਇਸ ਤੋਂ ਇਲਾਵਾ ਜੇ ਪਰਵਾਸੀ ਬੋਲੀਆਂ ਦੀ ਗੱਲ ਕਰਨੀ ਹੋਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਚੀਨ ਨਾਲ ਸਬੰਧਿਤ ਮੈਂਡਰਿਨ ਬੋਲੀ ਆਉਂਦੀ ਹੈ ਜਿਸ ਨੂੰ 6 ਲੱਖ 10 ਹਜ਼ਾਰ 835 ਲੋਕ ਬੋਲਦੇ ਹਨ ਜੋ ਕੁੱਲ ਅਬਾਦੀ ਦਾ 1.8 ਫੀਸਦੀ ਬਣਦਾ ਹੈ। ਪਰਵਾਸੀ ਬੋਲੀਆਂ ਵਿੱਚੋਂ ਦੂਜੇ ਥਾਂ 'ਤੇ ਕੈਂਟੋਨੀਸੀ ਬੋਲੀ ਆਉਂਦੀ ਹੈ ਤੇ ਇਹ ਬੋਲੀ ਵੀ ਚੀਨ ਨਾਲ ਹੀ ਸਬੰਧਿਤ ਹੈ। ਇਸ ਬੋਲੀ ਨੂੰ ਬੋਲਣ ਵਾਲੇ ਕੁੱਲ ਵਸ਼ਿੰਦੇ 5 ਲੱਖ 94 ਹਜ਼ਾਰ 30 ਹਨ ਜੋ ਕੁੱਲ ਅਬਾਦੀ ਦਾ 1.7 ਫੀਸਦ ਹਿੱਸਾ ਬਣਦਾ ਹੈ। 

ਪਰਵਾਸੀ ਬੋਲੀਆਂ ਵਿੱਚ ਪੰਜਾਬੀ ਬੋਲੀ ਤੀਜੇ ਥਾਂ 'ਤੇ ਹੈ ਜਿਸ ਨੂੰ ਕੁੱਲ 5 ਲੱਖ 43 ਹਜ਼ਾਰ 495 ਲੋਕ ਬੋਲਦੇ ਹਨ ਜੋ ਕੁੱਲ ਅਬਾਦੀ ਦਾ 1.6 ਫੀਸਦ ਹਿੱਸਾ ਬਣਦਾ ਹੈ। 

ਭਾਰਤ ਵਿੱਚ ਰਾਜ ਪ੍ਰਬੰਧ ਰਾਹੀਂ ਥੋਪੀ ਜਾ ਰਹੀ ਹਿੰਦੀ ਭਾਸ਼ਾ ਨੂੰ ਬੋਲਣ ਵਾਲੇ ਕੈਨੇਡਾ ਵਿੱਚ ਕੁੱਲ ਵਸ਼ਿੰਦੇ ਪੰਜਾਬੀ ਬੋਲਣ ਵਾਲਿਆਂ ਤੋਂ ਬਹੁਤ ਘੱਟ ਹਨ। ਹਿੰਦੀ ਬੋਲਣ ਵਾਲਿਆਂ ਦੀ ਕੁੱਲ ਗਿਣਤੀ 1 ਲੱਖ 33 ਹਜ਼ਾਰ 925 ਦਿੱਤੀ ਗਈ ਹੈ ਜੋ ਕੱਲ ਅਬਾਦੀ ਦਾ 0.4 ਫੀਸਦ ਹਿੱਸਾ ਬਣਦਾ ਹੈ। ਇੱਥੇ ਦੱਸਣਯੋਗ ਹੈ ਕਿ ਤਾਮਿਲ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਵੀ ਹਿੰਦੀ ਬੋਲਣ ਵਾਲਿਆਂ ਨਾਲੋਂ ਵੱਧ ਹੈ। ਤਾਮਿਲ ਬੋਲੀ ਬੋਲਣ ਵਾਲਿਆਂ ਦੀ ਕੁੱਲ ਵਸੋਂ 1 ਲੱਖ 57 ਹਜ਼ਾਰ, 125 ਦੱਸੀ ਗਈ ਹੈ ਜੋ ਕੁੱਲ ਅਬਾਦੀ ਦਾ 0.5 ਫੀਸਦ ਹਿੱਸਾ ਬਣਦਾ ਹੈ। 

ਕੈਨੇਡਾ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆਂ ਸਬੰਧੀ ਆਏ ਇਹਨਾਂ ਅੰਕੜਿਆਂ 'ਤੇ ਟਿੱਪਣੀ ਕਰਦਿਆਂ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਾਰੇ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਤਾਂ ਇਹ ਅੰਕੜਾ ਹੋਰ ਵੱਡਾ ਹੋ ਸਕਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ