ਸਾਨਫਰਾਂਸਿਸਕੋ ਦੇ ਨਗਰ ਕੀਰਤਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ

ਸਾਨਫਰਾਂਸਿਸਕੋ ਦੇ ਨਗਰ ਕੀਰਤਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ

9 ਜੂਨ ਨੂੰ 21 ਗੁਰਦੁਆਰਾ ਸਾਹਿਬਾਨ ਦੇ ਸਾਂਝੇ ਯਤਨਾਂ ਨਾਲ ਸਜੇਗਾ ਨਗਰ ਕੀਰਤਨ
ਫਰੀਮੌਂਟ/ਏਟੀ ਨਿਊਜ਼ : 

ਕੈਲੀਫੋਰਨੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਲੋਂ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਤੇ ਸੰਨ 1984 ਦੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਵਿਚ ਹਰ ਸਾਲ ਜੂਨ ਮਹੀਨੇ ਦੌਰਾਨ ਸਾਨਫਰਾਂਸਿਸਕੋ ਵਿਖੇ ਸਾਂਝਾ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਸ ਨਗਰ ਕੀਰਤਨ ਦਾ ਮੁੱਖ ਮਕਸਦ ਸ਼ਹੀਦਾਂ ਦੀ ਯਾਦ ਮਨਾਉਣੀ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਇਕਮੁੱਠ ਕਰਕੇ ਨਿਸ਼ਾਨੇ ਦੀ ਪ੍ਰਾਪਤੀ ਲਈ ਅੱਗੇ ਵਧਣ ਦੀ ਚਾਰਾਜੋਈ ਕਰਨਾ ਵੀ ਹੁੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਗੁਰਦੁਆਰਾ ਸਾਹਿਬਾਨ ਨੇ ਸਾਂਝੇ ਤੌਰ 'ਤੇ ਯਤਨ ਕਰਕੇ ਇਹ ਪ੍ਰੋਗਰਾਮ ਉਲੀਕਿਆ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਸ਼ਮੂਲੀਅਤ ਵਾਲਾ ਪ੍ਰੋਗਰਾਮ ਬਣ ਗਿਆ ਹੈ। ਇਸ ਵਾਰ ਦਾ ਨਗਰ ਕੀਰਤਨ ਸੈਕਿੰਡ ਸਟਰੀਟ ਉਤੇ 9 ਜੂਨ ਨੂੰ 11 ਵਜੇ ਸ਼ੁਰੂ ਹੋਵੇਗਾ ਤੇ ਸਿਵਕ ਸੈਂਟਰ ਵਿਖੇ ਇਸ ਦੀ ਸਮਾਪਤੀ ਹੋਵੇਗੀ। ਇਸ ਨਗਰ ਕੀਰਤਨ ਨੂੰ ਲੈ ਕੇ ਸਮੁੱਚੇ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸਿਵਕ ਸੈਂਟਰ ਪਹੁੰਚ ਕੇ ਸੰਨ 1984 ਦੇ ਘੱਲੂਘਾਰੇ ਦੌਰਾਨ ਬਚ ਗਏ ਸਿੰਘ-ਸਿੰਘਣੀਆਂ ਵਲੋਂ ਅੱਖੀਂ ਡਿੱਠਾ ਹਾਲ ਵੀਡੀਓ ਦੁਆਰਾ ਸਿੱਖ ਸੰਗਤਾਂ ਨੂੰ ਸੁਣਾਇਆ ਜਾਂਦਾ ਹੈ ਅਤੇ ਪੰਥ ਦੇ ਵੱਖ-ਵੱਖ ਬੁਲਾਰੇ ਵੀ ਇਸ ਸਬੰਧ ਵਿਚ ਆਪਣੇ ਵਿਚਾਰ ਸਾਂਝੇ ਕਰਦੇ ਹਨ। 
ਇਸ ਪ੍ਰੋਗਰਾਮ ਵਿਚ ਸ਼ਾਮਿਲ ਸਮੂਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵਲੋਂ ਸਿੱਖ ਸੰਗਤਾਂ ਨੂੰ ਸਮੇਂ ਸਿਰ ਪਹੁੰਚ ਕੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਤੋਂ ਇਥੇ ਪਹੁੰਚਣ ਲਈ ਬੱਸਾਂ ਅਤੇ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੰਗਤ ਦੇ ਜਿਹੜੇ ਮੈਂਬਰਾਂ ਨੂੰ ਰਾਈਡ ਚਾਹੀਦੀ ਹੈ, ਉਹ ਕ੍ਰਿਪਾ ਕਰਕੇ ਆਪਣੀ ਕਮੇਟੀ ਨੂੰ ਸੰਪਰਕ ਕਰਨ, ਤਾਂ ਜੋ ਉਹ ਤੁਹਾਡੇ ਲਈ ਸਮੇਂ ਸਿਰ ਪ੍ਰਬੰਧ ਕਰ ਸਕਣ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 1-844-REM-1984