ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀਆਂ ਨਸ਼ੀਲੇ ਵਪਾਰ ਦੀਆਂ ਤਾਰਾਂ; ਐਕਟਰ ਗ੍ਰਿਫਤਾਰ

ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀਆਂ ਨਸ਼ੀਲੇ ਵਪਾਰ ਦੀਆਂ ਤਾਰਾਂ; ਐਕਟਰ ਗ੍ਰਿਫਤਾਰ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਵਿਚੋਂ ਫੜ੍ਹੀ ਗਈ ਨਸ਼ੇ ਬਣਾਉਣ ਦੀ ਫੈਕਟਰੀ ਦੇ ਮਾਮਲੇ 'ਚ ਤਫਤੀਸ਼ ਦੌਰਾਨ ਪੁਲਸ ਨੇ ਪੰਜਾਬੀ ਫਿਲਮ ਐਕਟਰ ਮਨਤੇਜ ਮਾਨ ਨੂੰ ਗ੍ਰਿਫਤਾਰ ਕੀਤਾ ਹੈ। ਮਨਤੇਜ ਮਾਨ ਨੇ ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਗੈਂਗਸਟਰ ਵਰਸਜ਼ ਸਟੇਟ' ਵਿਚ ਮੁੱਖ ਕਿਰਦਾਰ ਨਿਭਾਇਆ ਸੀ।

ਐਸਟੀਐਫ ਦੇ ਇੰਸਪੈਕਟਰ ਜਨਰਲ ਕਸ਼ਤੁਭ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ 'ਚ ਗ੍ਰਿਫਤਾਰ ਲੋਕਾਂ ਤੋਂ ਪੁੱਛਗਿਛ ਦੇ ਅਧਾਰ 'ਤੇ ਮਨਤੇਜ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਟੀਐਫ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪਹਿਲਾਂ ਗ੍ਰਿਫਤਾਰ ਕੱਪੜਾ ਵਪਾਰੀ ਅੰਕੁਸ਼ ਕਪੂਰ ਅਤੇ ਸਿਮਰਨਜੀਤ ਸੰਧੂ ਦੇ ਕਹਿਣ 'ਤੇ ਮਨਤੇਜ ਨੇ 110 ਕਿਲੋ ਹੈਰੋਈਨ ਸਪਲਾਈ ਕੀਤੀ ਸੀ। ਜਾਣਕਾਰੀ ਮੁਤਾਬਕ ਅੰਕੁਸ਼ ਹਰ ਸਪਲਾਈ ਲਈ 4 ਲੱਖ ਰੁਪਏ ਦਿੰਦਾ ਸੀ। 

ਮਨਤੇਜ ਮਾਨ ਦੀ ਗ੍ਰਿਫਤਾਰੀ ਨਾਲ ਗੱਲਾਂ ਤੇਜ ਹੋ ਗਈਆਂ ਹਨ ਕਿ ਪੰਜਾਬੀ ਫਿਲਮ ਇੰਡਸਟਰੀ ਵਿਚ ਨਸ਼ੇ ਦੇ ਵਪਾਰ ਨਾਲ ਜੁੜਿਆ ਪੈਸਾ ਲੱਗ ਰਿਹਾ ਹੈ ਤੇ ਇਸ ਦੀ ਜਾਂਚ ਦੀ ਮੰਗ ਉੱਠ ਰਹੀ ਹੈ। 

ਮਨਤੇਜ ਮਾਨ ਨੂੰ 11 ਫਰਵਰੀ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਤਕ ਇਸ ਮਾਮਲੇ 'ਚ ਸੁਖਬੀਰ ਸਿੰਘ, ਅੰਕੁਸ਼ ਕਪੂਰ, ਸੁਖਵਿੰਦਰ ਸਿੰਘ, ਮੇਜਰ ਸਿੰਘ, ਤਮੱਨਾ ਗੁਪਤਾ ਤੇ ਇਕ ਅਫਗਾਨੀ ਨਾਗਰਿਕ ਅਰਮਾਨ ਬਸ਼ਰਮੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਇਕ ਮੁੱਖ ਦੋਸ਼ੀ ਸਾਹਿਲ ਸ਼ਰਮਾ ਅਜੇ ਭਗੌੜਾ ਹੈ। ਸਾਹਿਲ ਸ਼ਰਮਾ ਕਾਂਗਰਸੀ ਕਾਂਉਸਲਰ ਦਾ ਮੁੰਡਾ ਹੈ। ਸਿਮਰਨਜੀਤ ਸੰਧੂ ਨੂੰ ਇਟਲੀ ਵਿਚ ਇੰਟਰਪੋਲ ਵੱਲੋਂ ਗ੍ਰਿਫਤਾਰ ਕਰਨ ਦੀਆਂ ਖਬਰਾਂ ਹਨ।

ਇਸ ਮਾਮਲੇ 'ਚ ਬਾਦਲ ਦਲ ਨਾਲ ਸਬੰਧਿਤ ਆਗੂ ਅਨਵਰ ਮਸੀਹ ਤੋਂ ਵੀ ਪੁੱਛਗਿਛ ਕੀਤੀ ਗਈ ਹੈ ਕਿਉਂਕਿ ਜਿਸ ਕੋਠੀ ਵਿਚ ਇਹ ਫੈਕਟਰੀ ਚਲਾਈ ਜਾ ਰਹੀ ਸੀ ਉਹ ਅਨਵਰ ਮਸੀਹ ਦੀ ਹੀ ਸੀ।