ਬਟਾਲੇ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਕ ਹੋਰ ਸਥਾਨ ਲਭਿਆ   

ਬਟਾਲੇ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਕ ਹੋਰ ਸਥਾਨ ਲਭਿਆ   

 ਸਮਾਂ ਬੀਤਣ ਨਾਲ ਸੰਗਤ ਨੇ ਵਿਸਾਰ ਦਿੱਤਾ ਸੀ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ

ਅੰਮ੍ਰਿਤਸਰ ਟਾਈਮਜ਼

ਬਟਾਲਾ : ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਤੋਂ ਇਲਾਵਾ ਇਕ ਹੋਰ ਗੁਰਧਾਮ ਦਾ ਬਟਾਲੇ ਵਿਚ ਪਤਾ ਲੱਗਾ ਹੈ। ਸਮਾਂ ਬੀਤਣ ਨਾਲ ਸੰਗਤ ਵੱਲੋਂ ਇਸ ਗੁਰਦੁਆਰੇ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਸੀ। ਇਤਿਹਾਸ ਵਿਚ ਗੁਰਦੁਆਰਾ ਮਡ਼ ਸਾਹਿਬ ਪਾਤਸ਼ਾਹੀ ਪਹਿਲੀ ਦੇ ਨਾਂ ਹੇਠ ਦਰਜ ਇਹ ਸਥਾਨ ਅੱਚਲੀ ਗੇਟ ਤੋਂ 600 ਗਜ਼ ਦੀ ਦੂਰੀ ’ਤੇ ਲਾਲੇ ਭੱਠੇ ਵਾਲੇ ਦੇ ਨਜ਼ਦੀਕ ਬਾਬਾ ਵਜ਼ੀਰ ਸਾਹਿਬ ਫ਼ਕੀਰ ਸਈਅਦ ਦੀ ਖ਼ਾਨਗਾਹ ਨੇਡ਼ੇ ਹੈ। ਮੌਜੂਦਾ ਸਮੇਂ ਇਹ ਸਥਾਨ ਨਾਮਾ ਬੰਸੀਆਂ ਕੋਲ ਹੈ ਹੈ ਅਤੇ ਸ਼ਹਿਰ ਦੇ ਸਾਰੇ ਨਾਮਾ ਬੰਸੀ ਇਸ ਨੂੰ ਜਠੇਰੇ ਵਜੋਂ ਪੂਜਦੇ ਹਨ। ਇਸ ਸਥਾਨ ਦੀ ਖੋਜ ਪੁਰਾਤਨ ਇਤਿਹਾਸਕ ਸਥਾਨਾਂ ਦੀ ਖੋਜ ਵਿਚ ਲੱਗੇ ਇੰਦਰਜੀਤ ਸਿੰਘ ਹਰਪੁਰਾ ਦੇ ਯਤਨਾਂ ਨਾਲ ਹੋਈ ਹੈ। ਇਸ ਸਥਾਨ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਾਣੂ ਕਰਵਾ ਦਿੱਤਾ ਹੈ ਜਿਸ ’ਤੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪੂਰਨ ਘੋਖ-ਪਡ਼ਤਾਲ ਲਈ ਇਕ ਕਮੇਟੀ ਗਠਨ ਕਰਨ ਲਈ ਕਿਹਾ ਹੈ।

1947 ਤਕ ਰਿਹਾ ਸ਼ਰਧਾ ਦਾ ਕੇਂਦਰ

ਗੁਰਦੁਆਰਾ ਮਡ਼ ਸਾਹਿਬ ਦੇ ਖੋਜ ਕਾਰਜਾਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਗੁਰਦੁਆਰਾ ਨਾਨਕ ਮਡ਼ ਪਾਤਸ਼ਾਹੀ ਪਹਿਲੀ ਸੰਨ 1947 ਤਕ ਸੰਗਤਾਂ ਦੀ ਸ਼ਰਧਾ ਦਾ ਕੇਂਦਰ ਰਿਹਾ ਹੈ। ਬਾਗ਼ ਵਿਚ ਜਿਸ ਥਾਂ ਗੁਰੂ ਸਾਹਿਬ ਠਹਿਰੇ ਸਨ, ਉੱਥੇ ਸੰਗਤ ਨੇ ਇਕ ਛੋਟਾ ਕਮਰਾ ਗੁਰੂ ਸਾਹਿਬ ਦੀ ਯਾਦ ਵਿਚ ਉਸਾਰ ਦਿੱਤਾ, ਜਿਸ ਨੂੰ ਗੁਰਦੁਆਰਾ ਨਾਨਕ ਮਡ਼ ਪਾਤਸ਼ਾਹੀ ਪਹਿਲੀ ਵਜੋਂ ਜਾਣਿਆ ਜਾਂਦਾ ਸੀ। ਹਰਪੁਰਾ ਨੇ ਦੱਸਿਆ ਕਿ ਮਹਾਰਾਜਾ ਪਟਿਆਲਾ ਦਾ ਇਕ ਡਰਾਈਵਰ ਹੋਇਆ ਹੈ ਭਾਈ ਧੰਨਾ ਸਿੰਘ ਚਹਿਲ ਜਿਸ ਨੇ ਸੰਨ 1930 ਤੋਂ 1935 ਤਕ ਸਾਈਕਲ ’ਤੇ ਕੈਮਰਾ ਲੈ ਕੇ ਦੇਸ਼ ਭਰ ਦੇ ਗੁਰਧਾਮਾਂ ਦੀ ਯਾਤਰਾ ਕੀਤੀ। ਇਸ ਦੌਰਾਨ ਉਸ ਨੇ ਗੁਰੂ ਸਾਹਿਬਾਨ ਨਾਲ ਸਬੰਧਤ ਸਾਰੇ ਸਥਾਨਾਂ ਦੇ ਦਰਸ਼ਨ ਕੀਤੇ, ਤਸਵੀਰਾਂ ਲਈਆਂ ਅਤੇ ਉਸ ਸਮੇਂ ਦਾ ਹਾਲ ਆਪਣੀ ਡਾਇਰੀ ’ਵਿਚ ਬਿਆਨ ਕੀਤਾ। ਯਾਤਰਾ ਦੌਰਾਨ ਭਾਈ ਧੰਨਾ ਸਿੰਘ ਚਹਿਲ 10 ਮਈ 1933 ਨੂੰ ਬਟਾਲੇ ਪੁੱਜੇ ਜਿੱਥੇ ਉਨ੍ਹਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਦੇ ਦਰਸ਼ਨ ਕੀਤੇ। ਇਸ ਦੀ ਤਸਵੀਰ ਲਈ ਅਤੇ ਆਪਣੀ ਡਾਇਰੀ ਵਿਚ ਗੁਰਦੁਆਰਾ ਸਾਹਿਬ ਦਾ ਹਾਲ ਬਿਆਨ ਕੀਤਾ। ਉਸ ਵਕਤ ਗੁਰਦੁਆਰਾ ਕੰਧ ਸਾਹਿਬ ਦੀ ਇਮਾਰਤ ਨਹੀਂ ਸੀ ਪਰ ਕੱਚੀ ਕੰਧ ਮੌਜੂਦ ਸੀ। ਉਸਦੇ ਦਰਸ਼ਨ ਕੀਤੇ ਅਤੇ ਤਸਵੀਰ ਲਈ। ਇਸ ਤੋਂ ਉਹ ਬਟਾਲੇ ਤੋਂ ਅੱਧਾ ਕੁ ਮੀਲ ਬਾਹਰ ਪੂਰਬ-ਦੱਖਣ ਵੱਲ ਗਏ ਅਤੇ ਉੱਥੇ ਗੁਰਦੁਆਰਾ ਨਾਨਕ ਮਡ਼ ਪਾਤਸ਼ਾਹੀ ਪਹਿਲੀ ਦੇ ਦਰਸ਼ਨ ਕਰਨ ਮਗਰੋਂ ਤਸਵੀਰ ਲਈ ਅਤੇ ਸਥਾਨ ਦਾ ਇਤਿਹਾਸ ਅਤੇ ਉਸ ਵਕਤ ਦਾ ਹਾਲ ਬਿਆਨ ਕੀਤਾ। ਧੰਨਾ ਸਿੰਘ ਚਹਿਲ ਦੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ’ ਨੂੰ ਪਡ਼੍ਹਦਿਆਂ ਇਸ ਵਿਚ ਗੁਰਦੁਆਰਾ ਨਾਨਕ ਮਡ਼ ਪਾਤਸ਼ਾਹੀ ਪਹਿਲੀ ਦੀ ਤਸਵੀਰ ਦੇ ਦਰਸ਼ਨ ਕੀਤੇ ਤੇ ਇਸ ਬਾਰੇ ਜਾਣਿਆ ਤਾਂ ਉਸੇ ਸਮੇਂ ਇਸ ਗੁਰਧਾਮ ਨੂੰ ਤਲਾਸ਼ਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਿਤਾਬ ਵਿਚ ਦਿੱਤੇ ਹਵਾਲਿਆਂ ਅਨੁਸਾਰ ਉਹ ਇਹ ਥਾਂ ਤਲਾਸ਼ਣ ਵਿਚ ਕਾਮਯਾਬ ਹੋ ਗਏ ਹਨ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਇਸ ਗੁਰਧਾਮ ਤੋਂ ਸੰਗਤਾਂ ਬਿਲਕੁਲ ਅਣਜਾਣ ਹਨ, ਹੋਰ ਤਾਂ ਹੋਰ ਆਸ-ਪਾਸ ਦੇ ਵਸਨੀਕਾਂ ਨੂੰ ਵੀ ਇਸ ਬਾਬਤ ਕੁਝ ਪਤਾ ਨਹੀਂ ਹੈ।

ਕਿਉਂ ਵਿਸਰਿਆ ਇਹ ਗੁਰਧਾਮ

ਦੇਸ਼ ਵੰਡ ਤੋਂ ਬਾਅਦ ਇਸ ਥਾਂ ਉੱਪਰ ਲਹਿੰਦੇ ਪੰਜਾਬ ਤੋਂ ਆਏ ਕਿਸਾਨਾਂ ਨੂੰ ਵਸਾਇਆ ਗਿਆ ਸੀ। ਜਡ਼੍ਹਾਂ ਤੋਂ ਪੁੱਟੇ ਲੋਕਾਂ ਲਈ ਆਪਣਾ ਡੇਰਾ ਲਾਉਣਾ ਹੀ ਔਖਾ ਸੀ ਅਤੇ ਉਪਰੋਂ ਨਵੇਂ ਥਾਂ, ਨਵੇਂ ਲੋਕਾਂ ਵਿਚ ਅਜਿਹੀਆਂ ਥਾਵਾਂ ਦਾ ਵਿਸਰ ਜਾਣਾ ਸੁਭਾਵਕ ਸੀ। ਆਜ਼ਾਦੀ ਤੋਂ ਪਹਿਲਾਂ ਹੀ ਨਾਮਾ ਵੰਸ਼ੀਆਂ ਵੱਲੋਂ ਇਸ ਅਸਥਾਨ ਦੀ ਜਠੇਰਿਆਂ ਵਜੋਂ ਪੂਜਾ ਕਰਨੀ ਵੀ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਦੇ ਵਿਸਰਨ ਦਾ ਕਾਰਨ ਬਣੀ।ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਇਸ ਅਸਥਾਨ ਦੀ ਸੇਵਾ ਲਈ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਕਿਹਾ ਕਿ ਗੁਰਦੁਆਰੇ ਨਾਲ ਸਬੰਧਤ ਇਤਿਹਾਸਕ ਪ੍ਰਮਾਣਿਕ ਤੱਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੇ ਗਏ ਹਨ ਅਤੇ ਪ੍ਰਧਾਨ ਸਾਹਿਬ ਨੇ ਉਕਤ ਅਸਥਾਨ ਸਬੰਧੀ ਘੋਖ ਪਡ਼ਤਾਲ ਲਈ ਇੱਕ ਕਮੇਟੀ ਦੇ ਗਠਨ ਦਾ ਵਾਅਦਾ ਕੀਤਾ ਹੈ।

ਅੱਚਲੀ ਗੇਟ ਦੇ ਬਾਹਰਵਾਰ ਹੈ ਇਹ ਅਸਥਾਨ

ਗੁਰਦੁਆਰਾ ਮਡ਼ ਸਾਹਿਬ ਪਾਤਸ਼ਾਹੀ ਪਹਿਲੀ ਬਟਾਲਾ ਸ਼ਹਿਰ ਦੇ ਅੱਚਲੀ ਗੇਟ ਤੋਂ 600 ਗਜ਼ ਦੀ ਦੂਰੀ ਤੇ ਲਾਲੇ ਭੱਠੇ ਵਾਲੇ ਦੇ ਨਜ਼ਦੀਕ ਬਾਬਾ ਵਜ਼ੀਰ ਸਾਹਿਬ ਫ਼ਕੀਰ ਸਈਅਦ ਦੀ ਖ਼ਾਨਗਾਹ ਨੇਡ਼ੇ ਹੈ। ਅਣਗੌਲਿਆ ਰਿਹਾ ਇਹ ਅਸਥਾਨ ਅੱਜ ਵੀ 1933 ਦੀ ਤਸਵੀਰ ਪੇਸ਼ ਕਰਦਾ ਹੈ, ਜਿਸ ਤਰ੍ਹਾਂ ਦਾ ਵਰਣਨ ਭਾਈ ਧੰਨਾ ਸਿੰਘ ਚਹਿਲ ਨੇ ਆਪਣੀ ਕਿਤਾਬ ’ਚ ਕੀਤਾ ਹੈ। ਸਿਰਫ਼ ਥੋਡ਼੍ਹਾ ਮੁਹਾਂਦਰਾ ਹੀ ਬਦਲਿਆ ਹੈ, ਬਾਕੀ ਜਿਉਂ ਦੀ ਤਿਉਂ ਤਸਵੀਰ ਸਾਹਮਣੇ ਆ ਜਾਂਦੀ ਹੈ।

‘ਮੜ’ ਦਾ ਅਰਥ

ਇੰਦਰਜੀਤ ਸਿੰਘ ਅਨੁਸਾਰ ‘ਮਡ਼’ ਦਾ ਅਰਥ ਹੈ ਉਹ ਜਗ੍ਹਾ ਜਿੱਥੇ ਗੁਰੂ ਪੀਰ ਪੈਗੰਬਰ ਬੈਠਾ ਹੋਵੇ ਤੇ ਉਸ ਜਗ੍ਹਾ ਨੂੰ ਯਾਦਗਾਰ ਵਜੋਂ ਬਣਾਇਆ ਗਿਆ ਹੋਵੇ। ਇਸ ਸਥਾਨ ਦਾ ਰਕਬਾ ਕਰੀਬ ਪੰਜ ਮਰਲੇ ਦਾ ਹੈ।

ਨਾਮਾ ਬੰਸੀ ਜਠੇਰਿਆਂ ਵਜੋਂ ਪੂਜਾ ਹੁੰਦੀ ਹੈ ਇਸ ਅਸਥਾਨ ਦੀ

ਇਹ ਸਥਾਨ ਨਾਮਾ (ਛੀਂਬਾ) ਬੰਸੀਆਂ ਦੇ ਪ੍ਰਬੰਧ ਹੇਠ ਹੈ ਅਤੇ ਸ਼ਹਿਰ ਦੇ ਸਾਰੇ ਨਾਮਾ ਬੰਸੀ ਇਸ ਨੂੰ ਜਠੇਰੇ ਮੰਨਦੇ ਹਨ। ਬਜੁਰਗ ਗੰਗਾ ਰਾਮ ਟਿੱਬਾ ਬਾਜ਼ਾਰ ਦਾ ਕਹਿਣਾ ਹੈ ਕਿ ਇਸ ਅਸਥਾਨ ਦਾ ਪਿਛੋਕਡ਼ ਗੁਰੂ ਨਾਨਕ ਸਾਹਿਬ ਨਾਲ ਹੈ ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਵਿਆਹੁਣ ਆਏ ਸਨ ਤਾਂ ਉਨ੍ਹਾਂ ਦੇ ਵੱਡ ਵਡੇਰਿਆਂ ਨੇ ਇਸੇ ਜਗ੍ਹਾ ‘ਤੇ ਗੁਰੂ ਨਾਨਕ ਸਾਹਿਬ ਦੇ ਚਰਨ ਧੋਤੇ ਸਨ। ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣੇ ਤਾਂ ਇਹ ਖ਼ੁਸ਼ੀ ਦੀ ਗੱਲ ਹੈ ਪਰ ਇਹ ਜਗ੍ਹਾ ਇਸੇ ਹੀ ਤਰ੍ਹਾਂ ਰਹੇ ਅਤੇ ਇਸ ਨੂੰ ਅਸੀਂ ਜਠੇਰੇ ਵਜੋਂ ਵੀ ਪੂਜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਨਜ਼ਦੀਕ ਹੋਰ ਜਗ੍ਹਾ ’ਤੇ ਗੁਰਦੁਆਰਾ ਸਾਹਿਬ ਉਸਾਰਿਆ ਜਾ ਸਕਦਾ ਹੈ, ਸਾਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ।