ਧਾਰਮਿਕ ਅਸਥਾਨਾਂ ਤੇ ਸਾਦਗੀ ਅੰਦਰ ਜਾਣਾ ਚਾਹੀਦਾ : ਅਖੰਡ ਕੀਰਤਨੀ ਜੱਥਾ (ਦਿੱਲੀ)
ਮਾਮਲਾ ਸੱਚਖੰਡ ਸਾਹਿਬ ਵਿਖੇ ਇਕ ਲੜਕੀ ਵਲੋਂ ਸੇਵਾਦਾਰ ਨਾਲ ਉਲਝਣ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 17 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਿੱਖ ਪੰਥ ਦਾ ਹੀ ਨਹੀਂ ਸਮੂਹ ਲੋਕਾਈ ਦਾ ਧਾਰਮਿਕ ਅਸਥਾਨ ਹੈ । ਭਾਵੇਂ ਕਿਸੇ ਵੀਂ ਧਰਮ ਦਾ ਕੋਈ ਵੀਂ ਅਸਥਾਨ ਹੋਏ ਉੱਥੇ ਜਾਣ ਸਮੇਂ, ਜਿਥੇ ਇਨਸਾਨ ਨੂੰ ਤੜਕ ਭੜਕ, ਭੜਕੀਲੇ ਜਾਂ ਲੱਚਰਤਾ ਭਰੇ ਕਪੜੇ ਪਹਿਨ੍ਹਣ ਤੋਂ ਗੁਰੇਜ਼ ਕਰਣਾ ਚਾਹੀਦਾ ਹੈ ਉੱਥੇ ਸ਼ਰੀਰਕ ਤੌਰ ਤੇ ਸਾਫ ਸੁਥਰਾ ਅਤੇ ਸਾਦਗੀ ਭਰਿਆ ਹੋਣਾ ਚਾਹੀਦਾ ਹੈ । ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਸਾਬਕਾ ਪ੍ਰਧਾਨ ਭਾਈ ਅਰਵਿੰਦਰ ਪਾਲ ਸਿੰਘ ਰਾਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਦਰਬਾਰ ਸਾਹਿਬ ਵਿਖੇ ਇਕ ਲੜਕੀ ਵਲੋਂ ਮੂੰਹ ਤੇ ਲੀਪਾ-ਪੋਤੀ ਕਰਕੇ ਜਾਣ ਸਮੇਂ ਸੇਵਾਦਾਰ ਵਲੋਂ ਰੋਕਿਆ ਜਾਣਾ, ਸੇਵਾਦਾਰ ਦੀ ਆਪਣੇ ਗੁਰੂ ਪ੍ਰਤੀ ਨਿਸ਼ਠਾ ਨੂੰ ਸਮਰਪਿਤ ਹੋਣ ਦੇ ਨਾਲ ਰਹਿਤ ਮਰਿਯਾਦਾ ਦੀ ਪਾਲਨਾ ਕਰਣਾ ਵੀਂ ਹੈ । ਉਨ੍ਹਾਂ ਕਿਹਾ ਕਿ ਹਰ ਧਾਰਮਿਕ ਅਸਥਾਨ ਤੇ ਇਨਸਾਨ ਹੱਥ ਮੂੰਹ ਪੈਰ ਧੋ ਕੇ ਜਾਂਦਾ ਹੈ ਤੇ ਸੇਵਾਦਾਰ ਵਲੋਂ ਇਨ੍ਹਾਂ ਨੂੰ ਮੂੰਹ ਧੋ ਕੇ ਜਾਣ ਨੂੰ ਕਹਿਣ ਨਾਲ ਉਨ੍ਹਾਂ ਵਲੋਂ ਕੀਤੇ ਦੁਰਵਿਵਹਾਰ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਸਮੂਹ ਸੇਵਾਦਾਰਾਂ ਨੂੰ ਇਨ੍ਹਾਂ ਦੀ ਮਿਸਾਲ ਦੇ ਕੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਸੱਚਖੰਡ ਦਰਬਾਰ ਸਾਹਿਬ ਅਤੇ ਹੋਰ ਗੁਰੂਘਰਾਂ ਵਿਖੇ ਜਾਣੇ ਅਣਜਾਣੇ ਬਦਨਾਮੀ ਕਰਣ ਦੀਆਂ ਕੋਸ਼ਿਸ਼ਾਂ ਨੂੰ ਚਾਕ ਚੋਬੰਦ ਰਹਿੰਦੇ ਸਮੇਂ ਸਿਰ ਰੋਕਣ ਵਲ ਧਿਆਨ ਦੇਣ ਲਈ ਕਹਿਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਨਾਲ ਮੌਜੂਦਾ ਪ੍ਰਧਾਨ ਭਾਈ ਹਰਜਿੰਦਰ ਸਿੰਘ, ਭਾਈ ਅਜੀਤਪਾਲ ਸਿੰਘ, ਭਾਈ ਗਗਨਦੀਪ ਸਿੰਘ ਅਤੇ ਹੋਰ ਬਹੁਤ ਸਾਰੇ ਜੱਥੇ ਦੇ ਸਿੰਘ ਹਾਜਿਰ ਸਨ ।
Comments (0)