ਕ੍ਰਿਕਟ ਦੇ ਖਿਡਾਰੀ ਸ. ਅਰਸ਼ਦੀਪ ਸਿੰਘ ਤੋਂ ਬਾਲ ਕੈਚ ਨਾ ਹੋਣ ਦੀ ਬਦੌਲਤ, ਉਸ ਨੂੰ ਗਦਾਰ ਦਾ ਨਾਮ ਦੇਣ ਵਾਲੇ, ਪਹਿਲੇ ਵਫ਼ਾਦਾਰ ਅਤੇ ਗਦਾਰ ਦੇ ਅਰਥ ਨੂੰ ਸਮਝਣ : ਮਾਨ

ਕ੍ਰਿਕਟ ਦੇ ਖਿਡਾਰੀ ਸ. ਅਰਸ਼ਦੀਪ ਸਿੰਘ ਤੋਂ ਬਾਲ ਕੈਚ ਨਾ ਹੋਣ ਦੀ ਬਦੌਲਤ, ਉਸ ਨੂੰ ਗਦਾਰ ਦਾ ਨਾਮ ਦੇਣ ਵਾਲੇ, ਪਹਿਲੇ ਵਫ਼ਾਦਾਰ ਅਤੇ ਗਦਾਰ ਦੇ ਅਰਥ ਨੂੰ ਸਮਝਣ : ਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 6 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਇੰਡੀਆ ਦੇ ਹੁਕਮਰਾਨ ਅਤੇ ਬਹੁ-ਗਿਣਤੀ ਹਿੰਦੂ ਕੌਮ ਤੇ ਪ੍ਰੈਸ ਜਿਹਨਾਂ ਨੂੰ 75 ਸਾਲਾਂ ਵਿੱਚ ਇਹ ਵੀ ਪਤਾ ਨਹੀਂ ਲੱਗਿਆ ਕਿ ਵਫ਼ਾਦਾਰ ਦੀ ਕੀ ਪਰਿਭਾਸ਼ਾ ਹੈ ਅਤੇ ਗਦਾਰ ਦੀ ਕੀ ਪਰਿਭਾਸ਼ਾ ਹੈ, ਉਹ ਹੁਕਮਰਾਨ ਅਤੇ ਬਹੁ-ਗਿਣਤੀ ਜਿਹਨਾਂ ਦੇ ਪਹਿਲੇ ਇੰਡੀਆ ਦੇ ਵਜੀਰੇ ਆਜਮ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਲੱਦਾਖ ਦਾ ਉਹ ਇਲਾਕਾ ਜੋ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫੌਜਾ ਨੇ 1834 ਵਿੱਚ ਫਤਹਿ ਕਰਕੇ ਆਪਣੇ ਰਾਜ ਭਾਗ ਵਿੱਚ ਸ਼ਾਮਿਲ ਕੀਤਾ ਸੀ, ਉਸਦਾ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੂੰ ਦੇ ਦਿੱਤਾ । ਮੌਜੂਦਾ ਵਜੀਰੇ ਆਜਮ ਸ਼੍ਰੀ ਮੋਦੀ ਨੇ ਉਸ ਲੱਦਾਖ ਦਾ 900 ਸਕੇਅਰ ਵਰਗ ਕਿਲੋਮੀਟਰ ਇਲਾਕਾ 2020 ਵਿਚ ਚੀਨ ਨੂੰ ਦੇ ਦਿੱਤਾ । ਇਸੇ ਤਰਾਂ ਅਫਗਾਨਿਸਤਾਨ ਦਾ ਸੂਬਾ ਕਸ਼ਮੀਰ ਜਿਸਨੂੰ 1819 ਵਿੱਚ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫੌਜਾ ਨੇ ਫਤਹਿ ਕਰਕੇ ਆਪਣੇ ਖਾਲਸਾ ਰਾਜ ਦਰਬਾਰ ਵਿੱਚ ਸ਼ਾਮਿਲ ਕੀਤਾ ਸੀ । 1947 ਤੋਂ ਬਾਅਦ ਉਸਦਾ ਅੱਧਾ ਇਲਾਕਾ ਹਿੰਦੂਤਵ ਹੁਕਮਰਾਨਾਂ ਨੇ ਪਾਕਿਸਤਾਨ ਨੂੰ ਲੁਟਾ ਦਿੱਤਾ ਅਤੇ ਅੱਧਾ ਚੀਨ ਨੂੰ ਹੁਣ ਸਭ ਤੋਂ ਗੰਭੀਰ ਅਤੇ ਮੁੱਖ ਪ੍ਰਸ਼ਨ ਇਹ ਉੱਠਦਾ ਹੈ ਕੇ ਇਕ ਗੁਰਸਿੱਖ ਖਿਡਾਰੀ ਸ. ਅਰਸ਼ਦੀਪ ਸਿੰਘ ਜਿਸ ਤੋਂ ਖੇਡਦੇ ਹੋਏ ਬਾਲ ਕੈਚ ਨਾ ਹੋਈ, ਉਸ ਨੂੰ ਹੁਕਮਰਾਨਾਂ, ਹਿੰਦੂਤਵ ਪ੍ਰੈਸ ਅਤੇ ਮੀਡਿਆ ਵੱਲੋਂ ਇਹ ਕਹਿਕੇ ਕਿ ਉਸਨੇ ਪਾਕਿਸਤਾਨ ਨੂੰ ਜਿਤਾਉਣ ਲਈ ਇਹ ਬਾਲ ਜਾਣਬੁਝ ਕੇ ਨਹੀਂ ਫੜੀ ਅਤੇ ਉਸਨੂੰ ਬਿਨਾ ਕਿਸੇ ਅਧਾਰ ਤੇ ਗਦਾਰ ਕਹਿ ਦੇਣਾ ਤਾਂ ਕੇਵਲ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੀ ਸੋਚ ਦਾ ਹਿੱਸਾ ਹੈ । ਉਹ ਦੱਸਣ ਕਿ ਲਦਾਖ਼ ਅਤੇ ਕਸ਼ਮੀਰ ਦੇ ਵੱਡੇ ਇਲਾਕੇ ਨੂੰ ਦੂਸਰੇ ਮੁਲਕਾਂ ਦੇ ਹਵਾਲੇ ਕਰਨ ਵਾਲੇ ਹੁਕਮਰਾਨ ਗਦਾਰ ਹਨ ਜਾਂ ਫਿਰ ਖੇਡਦੇ ਹੋਏ ਇਕ ਸਿੱਖ ਖਿਡਾਰੀ ਵੱਲੋਂ ਬਾਲ ਨਾ ਫੜੇ ਜਾਣ ਵਾਲਾ ? ਜਦੋਂ ਕਿ ਇਸ ਤੋਂ ਪਹਿਲੇ ਵੀ ਬਹੁਤ ਸਾਰੇ ਹਿੰਦੂ ਖਿਡਾਰੀਆਂ ਵੱਲੋਂ ਇਸ ਤਰਾਂ ਬਾਲ ਨਹੀਂ ਫੜੀ ਜਾਂਦੀ ਰਹੀ । ਉਸ ਸਮੇਂ ਪਾਕਿਸਤਾਨ ਜਾਂ ਖਾਲਿਸਤਾਨੀ ਦੀ ਗੱਲ ਹੁਕਮਰਾਨਾਂ ਅਤੇ ਪ੍ਰੈਸ ਵੱਲੋਂ ਕਿਉਂ ਨਾ ਉਠੀ ?       

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨ ਹੀ ਇਕ ਸਿੱਖ ਕ੍ਰਿਕਟ ਖਿਡਾਰੀ ਵਲੋਂ ਬਾਲ ਕੈਚ ਨਾ ਹੋਣ ਉਤੇ ਹੁਕਮਰਾਨਾ ਅਤੇ ਮੀਡਿਆ ਪ੍ਰੈਸ ਵਲੋਂ ਸਿੱਖਾਂ ਦਾ ਨਾਮ ਲੈਕੇ "ਗਦਾਰ" ਦੇ ਖਿਤਾਬ ਦੇਣ ਦੀ ਨਫਰਤ ਭਰੀ ਸੋਚ ਅਤੇ ਅਮਲਾਂ ਨੂੰ ਅਤਿ ਸ਼ਰਮਨਾਕ ਅਤੇ ਵਿਧਾਨ ਦੀ ਬਰਾਬਰਤਾ ਦੀ ਸੋਚ ਦੇ ਨਿਯਮ ਦਾ ਜਨਾਜਾ ਕੱਢਣ ਵਾਲੀ ਕਰਾਰ ਦਿੰਦੇ ਹੋਏ ਅਤੇ ਇਥੋਂ ਦੇ ਹੁਕਮਰਾਨਾਂ ਨੂੰ ਗਦਾਰ ਅਤੇ ਵਫ਼ਾਦਾਰ ਦੀ ਅਰਥ ਭਰਪੂਰ ਗੱਲ ਨੂੰ ਸਮਝੋਂਦੇ ਹੋਏ ਪ੍ਰਗਟ ਕੀਤੇ । ਓਹਨਾ ਕਿਹਾ ਕਿ ਜੋ ਹੁਕਮਰਾਨ ਆਪਣੇ ਰਾਜ ਭਾਗ ਦੀਆਂ ਓਹਨਾ ਹੱਦਾਂ ਨੂੰ ਕਾਇਮ ਨਹੀਂ ਰੱਖ ਸਕੇ, ਜੋ ਖਾਲਸਾ ਰਾਜ ਦਰਬਾਰ ਦੀਆਂ ਫੌਜਾ ਨੇ ਕੁਰਬਾਨੀ ਅਤੇ ਬਹਾਦਰੀ ਨਾਲ ਬੀਤੇ ਸਮੇਂ ਵਿੱਚ ਕਾਇਮ ਕੀਤੀਆਂ ਸਨ ਅਤੇ ਜੋ ਬਹੁ-ਗਿਣਤੀ ਦੀਆਂ ਬਹੁ-ਬੇਟੀਆਂ ਦੀਆਂ ਇੱਜਤਾਂ ਹਮਲਾਵਰਾਂ ਤੋਂ ਬਚਾਉਣ ਵਿੱਚ ਅਸਮਰੱਥ ਰਹੇ ਹਨ ਅਤੇ ਜਿਹਨਾਂ ਦੀਆਂ ਬਹੁ-ਬੇਟੀਆਂ ਨੂੰ ਮੁਗਲਾਂ ਦੇ ਚੁੰਗਲ ਵਿੱਚੋ ਜਾਨ ਉਤੇ ਖੇਡਕੇ ਬਚਾਕੇ ਓਹਨਾ ਦੇ ਘਰੋਂ ਘਰੀ ਪਹੁੰਚਾਉਣ ਦੀ ਜੁੰਮੇਵਾਰੀ ਨਿਭਾਉਂਦੇ ਰਹੇ ਹਨ, ਉਹ ਗਦਾਰ ਹਨ ਜਾਂ ਬਹੁ-ਬੇਟੀਆਂ ਨੂੰ ਹਮਲਾਵਰਾਂ ਦੇ ਹਵਾਲੇ ਕਰਨ ਵਾਲੇ ? ਓਹਨਾ ਕਿਹਾ ਕਿ ਇੰਡੀਆ ਦੀ ਅਜਾਦੀ ਦੇ ਸੰਗਰਾਮ ਵਿੱਚ 80% ਸ਼ਹੀਦੀਆਂ ਪ੍ਰਾਪਤ ਕਰਨ ਵਾਲੀ, ਕਾਲੇਪਾਣੀ ਦੀਆਂ ਸਜਾਵਾਂ ਸਹਿਣ ਵਾਲੀ, ਫਾਸੀ ਉਤੇ ਚੜਨ ਵਾਲੀ ਸਿੱਖ ਕੌਮ ਨੂੰ ਇਹ ਹਿੰਦੂਤਵ ਹੁਕਮਰਾਨ ਅਤੇ ਪ੍ਰੈਸ ਤਾਂ ਕੀ, ਬਲਕਿ ਦੁਨੀਆਂ ਦੀ ਕੋਈ ਵੀ ਤਾਕਤ ਜਾਂ ਇਤਿਹਾਸ ਕਦਾਚਿਤ ਗਦਾਰ ਨਹੀਂ ਕਹਿ ਸਕਦਾ । ਬਲਕਿ ਆਪਣੀਆਂ ਇਖਲਾਕੀ ਅਤੇ ਸਮਾਜਿਕ ਜੁਮੇਵਾਰੀਆਂ ਤੋਂ ਭੱਜਣ ਵਾਲੇ, ਸਿੱਖ ਕੌਮ ਨਾਲ ਇੰਡੀਆ ਦੇ ਉਤਰੀ ਖਿੱਤੇ ਵਿੱਚ ਇੱਕ ਅਜਾਦ ਖਿੱਤਾ ਸਿੱਖ ਕੌਮ ਨੂੰ ਦੇਣ ਦਾ ਵਚਨ ਕਰਕੇ, ਵਿਧਾਨ ਦੇ ਬੁਨਿਆਦੀ ਅਸੂਲਾਂ ਅਤੇ ਨਿਯਮਾਂ ਨੂੰ ਕੁੱਚਲ ਕੇ ਭੱਜਣ ਵਾਲੇ ਹੁਕਮਰਾਨ ਅਤੇ ਪ੍ਰੈਸ ਹੀ ਦੁਨੀਆਂ ਦੀ ਨਜ਼ਰ ਵਿੱਚ ਗਦਾਰ ਸਾਬਿਤ ਹੋ ਰਹੀ ਹੈ ਨਾ ਕਿ ਸਰਹੱਦਾ ਉਤੇ ਕੰਧ ਬਣਕੇ ਇੰਡੀਆ ਦੀ ਬਾਹਰੀ ਹਮਲਾਵਰਾਂ ਤੋਂ ਰੱਖੀਆਂ ਕਰਨ ਵਾਲੀ ਅਤੇ 2% ਵਾਲੀ 80% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ।