ਯੂਨੀਵਰਸਿਟੀ ਦੀਆਂ ਲੜਕੀਆਂ ਦੀ ਅਸ਼ਲੀਲ ਵੀਡੀਓ ਲੀਕ ਦਾ ਮਾਮਲਾ

ਯੂਨੀਵਰਸਿਟੀ ਦੀਆਂ ਲੜਕੀਆਂ ਦੀ ਅਸ਼ਲੀਲ ਵੀਡੀਓ ਲੀਕ ਦਾ ਮਾਮਲਾ

ਤਿੰਨ ਮੈਂਬਰੀ ਸਿੱਟ ਕਾਇਮ,ਦੋ ਵਾਰਡਨ ਮੁਅੱਤਲ

*ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਡੀਜੀਪੀ

ਅੰਮ੍ਰਿਤਸਰ ਟਾਈਮਜ਼

ਖਰੜ :ਇਥੇ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਸਾਥੀ ਵਿਦਿਆਰਥਣਾਂ ਦੀਆਂ ਕਥਿਤ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਮਾਮਲੇ ਦੀ ਜਾਂਚ ਲਈ ਬੀਬੀਆਂ ’ਤੇ ਆਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰ ਦਿੱਤੀ ਗਈ ਹੈ। ‘ਸਿਟ’ ਦੀ ਨਿਗਰਾਨੀ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਕਰਨਗੇ। ਇਸ ਦੌਰਾਨ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਤੇ ਦੋ ਹੋਰਨਾਂ ਨੂੰ  ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਯੂਨੀਵਰਸਿਟੀ ਨੇ ਅਣਗਹਿਲੀ ਦੇ ਦੋਸ਼ ਵਿੱਚ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਿਰਪੱਖ ਤੇ ਪਾਰਦਰਸ਼ੀ ਜਾਂਚ ਅਤੇ ਕੁਝ ਹੋਰ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀਜੀਪੀ ਗੌਰਵ ਯਾਦਵ ਨੇ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਇਸ ਮਾਮਲੇ ਵਿਚ ਗੁਰਪ੍ਰੀਤ ਕੌਰ ਦਿਓ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਿੱਟ ਦੀ ਅਗਵਾਈ ਐੱਸਪੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਕਰਨਗੇ। ਦੋ ਹੋਰਨਾਂ ਮੈਂਬਰਾਂ ਵਿੱਚ ਡੀਐੱਸਪੀ ਖਰੜ-1 ਰੁਪਿੰਦਰ ਕੌਰ ਅਤੇ ਡੀਐੱਸਪੀ ਏਜੀਟੀਐੱਫ ਦੀਪਿਕਾ ਸਿੰਘ ਸ਼ਾਮਲ ਹੋਣਗੇ। ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬੀਤੇ ਐਤਵਾਰ ਇਸ ਸੈਕੰਡਲ ਨਾਲ  ਸਬੰਧਤ ਵਿਦਿਆਰਥਣ ਅਤੇ ਹਿਮਾਚਲ ਪ੍ਰਦੇਸ਼ ਰਹਿੰਦੇ ਉਸ ਦੇ ਦੋਸਤ ਤੇ ਇਕ ਹੋਰ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੁਲਜ਼ਮਾਂ ਕੋਲੋਂ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਗਏ ਸਨ। 

ਪੁਲੀਸ ਅਨੁਸਾਰ ਵਿਦਿਆਰਥਣ ਨੇ ਸਿਰਫ਼ ਆਪਣੀ ਵੀਡਿਓ ਹੀ ਆਪਣੇ ਸਾਥੀ/ਦੋਸਤ ਨੂੰ ਭੇਜੀ ਸੀ। ਖ਼ਬਰ ਵਾਇਰਲ ਹੋਣ ਬਾਅਦ ਵੱਡੀ ਗਿਣਤੀ ’ਵਿਚ ਵਿਦਿਆਰਥੀ ਇਕੱਠੇ ਹੋ ਗਏ ਅਤੇ ਪੁਲੀਸ ਅਧਿਕਾਰੀਆਂ ਦੇ ਦਖ਼ਲ ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਮੰਨਣ ਤੋਂ ਬਾਅਦ ਹੋਸਟਲਾਂ ਵਿਚ ਵਾਪਸ ਗਏ। 

ਅਸਲ ਵਿਚ ਯੂਨੀਵਰਸਿਟੀ ਦੀ ਹੀ ਇੱਕ ਕੁੜੀ ਉੱਤੇ ਇਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ।ਵਾਇਰਲ ਹੋਏ ਵੀਡੀਓਜ਼ ਵਿਚ ਕੁੜੀਆਂ 60 ਦੇ ਕਰੀਬ ਕੁੜੀਆਂ ਦੀਆਂ ਗੁਸਲਖਾਨੇ ਵਿਚ ਗੁਪਤ ਕੈਮਰੇ ਰਾਹੀਂ ਵੀਡੀਓਜ਼ ਬਣਾਉਣ ਦੇ ਦਾਅਵੇ ਕੀਤੇ।ਕੁਝ ਕੁੜੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਕਥਿਤ ਵੀਡੀਓਜ਼ ਬਣਾ ਕੇ ਬਾਹਰ ਕਿਸੇ ਮੁੰਡੇ ਨੂੰ ਭੇਜੀਆਂ ਗਈਆਂ ਸਨ।

ਇਸ ਦੌਰਾਨ ਇਹ ਵੀ ਖ਼ਬਰਾਂ ਆਈਆਂ ਕਿ ਕੁਝ ਵਿਦਿਆਰਥਣਾਂ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇਸ ਗੱਲ ਨੂੰ ਰੱਦ ਕੀਤਾ ਗਿਆ ਸੀ । ਵਿਦਿਆਰਥੀਆਂ ਦੇ ਵੱਡੇ ਇਕੱਠ ਨੇ ਇਨਸਾਫ਼ ਲਈ ਰੋਸ ਪ੍ਰਗਟਾਇਆ ਸੀ ਤੇ ਪੁਲਿਸ ਕਾਰਵਾਈ ਉੱਤੇ ਸਵਾਲ ਚੁੱਕੇ।

 ਪ੍ਰਸ਼ਾਸਨ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਕਿਸੇ ਵੀ ਹੋਰ ਵਿਦਿਆਰਥਣ ਦੀ ਕੋਈ ਵੀ ਵੀਡੀਓ ਨਹੀਂ ਬਣੀ ਅਤੇ ਨਾ ਹੀ ਉਹ ਕਿਸੇ ਨੂੰ ਅੱਗੇ ਸ਼ੇਅਰ ਕੀਤੀ ਗਈ ਹੈ।ਜਿਸ ਕੁੜੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਮੋਬਾਇਲ ਫੋਨ ਵਿਚੋਂ ਸਿਰਫ਼ ਉਸੇ ਦੀ ਵੀਡੀਓ ਮਿਲੀ ਹੈ, ਜੋ ਉਸ ਨੇ ਆਪਣੇ ਸ਼ਿਮਲਾ ਰਹਿੰਦੇ ਦੋਸਤ ਨੂੰ ਭੇਜੀ ਸੀ।ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਵੱਲੋਂ ਐੱਫਆਈਆਰ ਦਰਜ ਕਰ ਲਈ ਗਈ ਸੀ ਤਾਂ ਅਜਿਹੇ ਵਿੱਚ ਇਹ ਕਹਿਣਾ ਕਿ ਕੋਈ ਵੀ ਵੀਡੀਓ ਨਹੀਂ ਬਣੀ, ਇਹ ਜਲਦਬਾਜ਼ੀ ਸੀ।ਸ਼ਸ਼ੀਕਾਂਤ ਕਹਿੰਦੇ ਹਨ, "ਸ਼ੁਰੂਆਤ ਵਿੱਚ ਇਹ ਕਿਹਾ ਗਿਆ ਕਿ ਕੁੜੀ ਨੇ ਮੰਨ ਲਿਆ ਹੈ ਕਿ ਉਸਨੇ ਵੀਡੀਓਜ਼ ਬਣਾਈਆਂ ਸਨ। ਪੁਲਿਸ ਨੇ ਵੀ ਸ਼ਾਇਦ ਕਿਹਾ ਕਿ ਇਕ ਹੀ ਵੀਡਿਓ ਸੀ, ਹੋਰ ਕੋਈ ਵੀਡੀਓ ਨਹੀਂ ਸਨ।"ਇਸ ਤਰ੍ਹਾਂ ਜੋ ਵੀ ਗੱਲਾਂ ਹੋਈਆਂ ਉਹ ਇਸ਼ਾਰਾ ਕਰਦੀਆਂ ਹਨ ਕਿ ਜੋ ਵੀ ਕੁਝ ਹੋਇਆ ਉਹ ਜਲਦਬਾਜ਼ੀ ਵਿੱਚ ਹੋਇਆ। ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਪਹਿਲਾਂ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ।"

ਮੁਲਜ਼ਮ ਕੁੜੀ ਵੀਡੀਓ ਵਿਚ ਮੰਨ ਰਹੀ ਹੈ ਕਿ ਉਹ ਸ਼ਿਮਲਾ ਵਿੱਚ ਰਹਿੰਦੇ ਮੁੰਡੇ ਨੂੰ ਵੀਡੀਓ ਭੇਜਦੀ ਸੀ।ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।

ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਪੁਲਿਸ ਕਿਵੇਂ ਮੁਲਜ਼ਮ ਕੁੜੀ ਦੇ ਫੋਨ ਦੀ ਫੌਰੈਂਸਿਕ ਜਾਂਚ ਕੀਤੇ ਦਾਅਵਾ ਕਰ ਸਕਦੀ ਹੈ ਕਿ ਇੱਕ ਹੀ ਕੁੜੀ ਦੇ ਵੀਡੀਓ ਮਿਲੇ ਹਨ।ਵਿਦਿਆਰਥੀਆਂ ਖ਼ਾਸਕਰ ਕੁੜੀਆਂ ਦਾ ਕਹਿਣਾ ਸੀ ਕਿ ਉਹ ਹੋਸਟਲਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਾਖੁਸ਼ੀ ਜਾਹਰ ਕੀਤੀ।

ਪੁਲੀਸ ਦਾ ਨਵਾਂ ਖੁਲਾਸਾ

ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਵੀਡੀਓ ਬਣਾਉਣ ਅਤੇ ਲੀਕ ਕਰਨ ਦੇ ਦੋਸ਼ 'ਚ ਗ੍ਰਿਫਤਾਰ ਲੜਕੀ ਸਮੇਤ ਦੋ ਸਾਥੀ ਲੜਕਿਆਂ ਤੋਂ ਪੁੱਛਗਿੱਛ  ਬਾਅਦ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਦੋਵੇਂ ਲੜਕੇ ਬਲੈਕਮੇਲ ਕਰ ਰਹੇ ਸਨ।ਹੋਸਟਲ ਵਿਚ ਰਹਿਣ ਵਾਲੀ ਲੜਕੀ ਨੇ ਆਪਣੀ ਵੀਡੀਓ ਦੋਵਾਂ ਮੁਲਜ਼ਮਾਂ ਨੂੰ ਭੇਜੀ ਸੀ, ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਹੋਰ ਲੜਕੀਆਂ ਦੀ ਵੀਡੀਓ ਬਣਾਉਣ ਦੀ ਮੰਗ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਇੱਕ ਹੋਰ ਵੀਡੀਓ ਵੀ ਬਰਾਮਦ ਹੋਈ ਹੈ ਪਰ ਇਸ ਵੀਡੀਓ ਵਿੱਚ ਕਿਸੇ ਹੋਰ ਲੜਕੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।ਮੋਹਾਲੀ ਪੁਲਿਸ ਨੇ ਮੁਲਜ਼ਮ ਲੜਕੀ ਦੇ ਦੋ ਸਾਥੀਆਂ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਹੈ।  ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਲੜਕਿਆਂ ਦੀਆਂ ਤਾਰਾਂ ਮੁੰਬਈ ਅਤੇ ਗੁਜਰਾਤ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਦੋਵਾਂ ਸੂਬਿਆਂ ਤੋਂ ਇਨ੍ਹਾਂ ਦੇ ਮੋਬਾਈਲਾਂ 'ਤੇ ਫ਼ੋਨ ਕਾਲਾਂ ਆ ਰਹੀਆਂ ਹਨ।ਪੰਜਾਬ ਪੁਲਸ ਦੇ ਡੀ. ਆਈ. ਜੀ. ਰੋਪੜ ਗੁਰਪ੍ਰੀਤ ਸਿੰਘ ਭੁੱਲਰ ਨੇ ਮੋਹਾਲੀ ਦੀ ਨਿੱਜੀ ਯੂਨੀਵਰਸਿਟੀ ਮਾਮਲੇ 'ਵਿਚ ਕਿਹਾ ਕਿ ਜਾਂਚ ਸਹੀ ਟਰੈਕ ’ਤੇ ਚੱਲ ਰਹੀ ਹੈ ਤੇ ਲੋਕ ਅਫ਼ਵਾਹਾਂ ’ਤੇ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਕੇਸ 'ਵਿਚ ਸਭ ਤੋਂ ਅਹਿਮ ਸਬੂਤ ਫਾਰੈਂਸਿਕ ਡਾਟਾ ਹੈ, ਜੋ ਕਿ ਮੁਲਜ਼ਮ ਵਿਦਿਆਰਥਣ ਤੇ ਉਸ ਦੇ ਸਾਥੀਆਂ ਦੇ ਮੋਬਾਇਲ ਫ਼ੋਨਾਂ ਤੇ ਹੋਰ ਡਿਵਾਈਸਾਂ ਤੋਂ ਹਾਸਲ ਹੋਣਾ ਹੈ। ਫਾਰੈਂਸਿਕ ਰਿਪੋਰਟ ਤੋਂ ਹੀ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਮੁਲਜ਼ਮ ਵਿਦਿਆਰਥਣ ਵੱਲੋਂ ਕਿੰਨੀਆਂ ਤੇ ਕਿਸ-ਕਿਸ ਦੀਆਂ ਵੀਡੀਓਜ਼ ਬਣਾਈਆਂ ਗਈਆਂ ਸਨ।