ਅਕਾਲੀ ਦਲ ਦੇ ਸੰਕਟ ਲਈ ਸਿੰਘ ਸਾਹਿਬਾਨ ਦੀਵਾਲੀ ,ਵਿਸਾਖੀ ਉਪਰ ਨੁਮਾਇੰਦਾ ਪੰਥਕ ਇਕਠ ਬੁਲਾਉਣ -ਖਾਲਸਾ
*ਗੁਨਾਹਗਾਰ ਤੇ ਪਰਿਵਾਰਵਾਦੀ ਲੀਡਰਸ਼ਿਪ ਤੋਂ ਸਿੱਖ ਪੰਥ ਤੋਂ ਮੁਕਤੀ ਦਿਵਾਉਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਆਸ ਰਖਦਿਆਂ ਕਿਹਾ ਕਿ ਉਹ ਜਲਦ ਪੰਥਕ ਜਮਾਤ ਅਕਾਲੀ ਦਲ ਦੀ ਪੁਨਰ ਸਿਰਜਣਾ ਕਰਨਗੇ ਤੇ ਗੁਨਾਹਗਾਰ ਲੀਡਰਸ਼ਿਪ, ਪਰਿਵਾਰਵਾਦੀ ਲੀਡਰਸ਼ਿਪ ਤੋਂ ਸਿੱਖ ਪੰਥ ਤੋਂ ਮੁਕਤੀ ਦਿਵਾਉਣਗੇ।
ਖਾਲਸਾ ਨੇ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਇਸ ਸਬੰਧ ਵਿਚ ਦੀਵਾਲੀ ਤੇ ਵਿਸਾਖੀ ਵਾਲੇ ਦਿਨ ਨੁਮਾਇੰਦਾ ਇਕਠ ਕਰਕੇ ਇਸ ਸਬੰਧੀ ਯੋਗ ਫੈਸਲੇ ਲਏ ਜਾਣ।ਅਕਾਲੀ ਦਲ ਦੀ ਪੰਥਕ ਸੋਚ ਵਾਲੀ ਪੰਜ ਮੈਂਬਰੀ ਟੀਮ ਬਣਾਕੇ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਜਾਵੇ।ਇਸ ਉਪਰ ਜੋ ਖਰਚਾ ਆਵੇ ਉਹ ਸੁਖਬੀਰ ਬਾਦਲ ਕੋਲੋਂ ਲਿਆ ਜਾਵੇ ,ਵੱਡੇ ਬਾਦਲ ਦਾ ਫਖਰੇ ਕੌਮ ਦਰਜਾ ਵਾਪਸ ਲਿਆ ਜਾਵੇ।ਇਹੀ ਇਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਹੈ। ਜੋ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ ਤੋਂ ਜੋ ਗਲਤ ਫੈਸਲੇ ਲਏ ਹਨ ਉਨ੍ਹਾਂ ਦਾ ਅਧਿਐਨ ਕਰਕੇ ਉਹ ਫੈਸਲੇ ਵਾਪਸ ਲਏ ਜਾਣ ਤੇ ਕੌਮ ਨਾਲ ਧੋਖਾ ਕਰਨ ਦੀ ਗਿਆਨੀ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ,ਗਿਆਨੀ ਇਕਬਾਲ ਸਿੰਘ ਨੂੰ ਸਜ਼ਾ ਸੁਣਾਈ ਜਾਵੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਪੰਥ ਲਈ ਜਰੂਰੀ ਹੈ।ਇਸ ਦਾ ਬਾਦਲ ਪਰਿਵਾਰ ਤੇ ਪਰਿਵਾਰਵਾਦ ਕਾਰਣ ਅਕਾਲੀ ਦਲ ਵਿਚ ਨਿਘਾਰ ਪੰਥ ਤੇ ਪੰਜਾਬ ਲਈ ਵੀ ਚੰਗਾ ਨਹੀਂ। ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਵਜੋਂ ਜਾਣਿਆ ਜਾਂਦਾ ਹੈ, ਪਰ ਸਿੱਖ ਵੋਟ ਬੈਂਕ ਨੂੰ ਦੇਖਦਿਆਂ ਇਸ ਦੇ ਨਿਘਾਰ ਕਾਰਨ ਪੈਦਾ ਹੋਏ ਖ਼ਲਾਅ ਨੂੰ ਜੋ ਸਿਆਸੀ ਪਾਰਟੀਆਂ ਭਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਹ ਪੰਜਾਬ ਤੇ ਪੰਥ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।ਕਿਉਂ ਕਿ ਇਨ੍ਹਾਂ ਦਾ ਏਜੰਡਾ ਖੇਤਰਵਾਦ ਤੇ ਪੰਜਾਬ ਦੇ ਹਕ ਵਿਚ ਨਹੀਂ ਹੈ। ਪੰਜਾਬ ਨੂੰ ਇੱਕ ਖੇਤਰੀ ਤੇ ਪੰਥਕ ਪਾਰਟੀ ਵਜੋਂ ਮਜਬੂਤ ਅਕਾਲੀ ਦਲ ਦੀ ਬਹੁਤ ਲੋੜ ਹੈ।ਪੰਜਾਬ ਵਿੱਚ ਵੀ ਖੇਤਰੀ ਪਾਰਟੀ ਦੀ ਥਾਂ ਸਿਰਫ ਅਕਾਲੀ ਦਲ ਭਰ ਸਕਦਾ ਹੈ, ਜੋ ਅਸਲ ਵਿੱਚ ਪੰਜਾਬੀਆਂ ਦੀ, ਪੰਜਾਬ ਦੀ ਗੱਲ ਕਰੇ ਅਤੇ ਦਿੱਲੀ ਤੋਂ ਆਏ ਨਿਰਦੇਸ਼ਾਂ ਮੁਤਾਬਕ ਨਾ ਚੱਲੇ।
ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਸਿਰਫ਼ ਲੀਡਰਸ਼ਿਪ ਦੀ ਤਬਦੀਲੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਖਤਮ ਹੋ ਜਾਵੇਗਾ।ਅਸਲ ਮਸਲਾ ਇਸ ਦਾ ਸਮੁਚਾ ਪਰਿਵਾਰਵਾਦੀ ਢਾਂਚਾ ਤੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਲੋੜ ਤੇ ਪਾਰਟੀ ਦੇ ਖੇਤਰਵਾਦੀ ਏਜੰਡੇ ਤੇ ਸਿਆਸੀ ਪ੍ਰੋਗਰਾਮ ਦੀ ਲੋੜ ਹੈ ਜੋ ਪੰਥ ਵਿਚ ਜਜਬਾ ਜਗਾਏ ਤੇ ਪੰਜਾਬ ਨੂੰ ਰੋਸ਼ਨ ਕਰੇ। ਅਕਾਲ ਤਖਤ ਦੇ ਸਹਿਯੋਗ ਬਿਨਾਂ ਅਕਾਲੀ ਪਾਰਟੀ ਖੜ੍ਹੀ ਨਹੀਂ ਹੋ ਸਕਦੀ ਹੈ।”
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮੁਚੇ ਧੜੇ ਭੰਗ ਹੋਣੇ ਚਾਹੀਦੇ ਹਨ ਕਿਸੇ ਨੂੰ ਅਕਾਲੀ ਦਲ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ।ਇਹ ਇਕੋ ਇਕ ਪੰਥਕ ਜਮਾਤ ਹੈ ਤੇ ਉਸਦਾ ਨਾਮ ਸਿਰਫ ਸ਼ਹੀਦਾਂ ਦੀ ਜਥੇਬੰਦੀ , " ਸ੍ਰੋਮਣੀ ਅਕਾਲੀ ਦਲ “ ਹੈ। ਇਹ ਗਲਤ ਵਰਤਾਰਾ ਹੁੰਦਾ ਆਇਆ ਹੈ ਕਿ ਵੱਖ ਹੋਇਆ ਲੀਡਰ ਵੱਖਰਾ ਅਕਾਲੀ ਗਰੁੱਪ ਬਣਾ ਲੈਂਦਾ ਹੈ ਜੋ ਕਿ ਘਟੀਆ ਤੇ ਪੰਥ ਨਾਲ ਧੋਖਾ ਕਰਨ ਦਾ ਵਰਤਾਰਾ ਸੀ।ਇਸ ਉਪਰ ਅਕਾਲ ਤਖਤ ਸਾਹਿਬ ਤੋਂ ਰੋਕ ਲਗਣੀ ਚਾਹੀਦੀ ਹੈ।
Comments (0)