ਪੰਜਾਬ ਦੀ ਹਿੱਕ ਪਾੜ੍ਹ ਕੇ ਕੱਢਿਆ ਜਾ ਰਿਹਾ ਹੈ ਸਭ ਤੋਂ ਵੱਧ ਪਾਣੀ

ਪੰਜਾਬ ਦੀ ਹਿੱਕ ਪਾੜ੍ਹ ਕੇ ਕੱਢਿਆ ਜਾ ਰਿਹਾ ਹੈ ਸਭ ਤੋਂ ਵੱਧ ਪਾਣੀ

ਚੰਡੀਗੜ੍ਹ: ਕੁਦਰਤ ਵੱਲੋਂ ਉਪਜਾਊ ਜ਼ਮੀਨ ਅਤੇ ਪਾਣੀ ਦੀਆਂ ਅਸੀਮ ਦਾਤਾਂ ਨਾਲ ਨਿਵਾਜੇ ਗਏ ਪੰਜਾਬ ਅੰਦਰ ਅੱਜ ਇਹ ਸਥਿਤੀ ਹੈ ਕਿ ਵਿਗਿਆਨਕ ਮੰਨ ਰਹੇ ਹਨ ਕਿ ਜੇ ਛੇਤੀ ਪੰਜਾਬ ਦੀਆਂ ਕਿਸਾਨੀ ਨੀਤੀਆਂ ਨੂੰ ਨਾ ਬਦਲਿਆ ਗਿਆ ਤੇ ਪੰਜਾਬ ਦੇ ਦਰਿਆਈ ਪਾਣੀ ਦਾ ਹੱਕ ਪੰਜਾਬ ਨੂੰ ਨਾ ਮਿਲਿਆ ਤਾਂ ਅਗਲੇ ਕੁੱਝ ਦਹਾਕਿਆਂ 'ਚ ਪੰਜਾਬ ਦੇ ਇਹ ਹਰੇ ਭਰੇ ਮੈਦਾਨ ਮਾਰੂਥਲ ਬਣ ਜਾਣਗੇ। ਇਹਨਾਂ ਤੱਥਾਂ ਦੀ ਪੁਸ਼ਟ ਕਰਦੇ ਹੋਰ ਅੰਕੜੇ ਸਾਹਮਣੇ ਆਏ ਹਨ। ਭਾਰਤ ਦੇ ਜਲ ਸ਼ਕਤੀ ਮਹਿਕਮੇ ਵੱਲੋਂ 10 ਫਰਵਰੀ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਵਕ ਪੂਰੇ ਭਾਰਤ ਵਿਚ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਜ਼ਮੀਨ ਹੇਠੋਂ ਸਭ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਜਿੱਥੇ ਧਰਤੀ ਹੇਠਲਾ ਪਾਣੀ ਕੱਢਣ ਦੀ ਭਾਰਤ ਦੀ ਕੁੱਲ ਔਸਤ 63 ਫੀਸਦੀ ਹੈ ਉੱਥੇ ਪੰਜਾਬ ਦੀ ਔਸਤ 166 ਫੀਸਦੀ ਹੈ। 

ਪੰਜਾਬ ਦੀ ਜ਼ਮੀਨ ਹੇਠ ਸਾਲਾਨ ਕੱਢਣ ਯੋਗ ਪਾਣੀ ਦੇ ਸਰੋਤਾਂ ਨੂੰ 21.58 ਬਿਲੀਅਨ ਕਿਊਬਿਕ ਮੀਟਰ ਮਾਪਿਆ ਗਿਆ ਹੈ ਜਦਕਿ ਸਾਲਾਨਾ ਪੰਜਾਬ ਦੀ ਜ਼ਮੀਨ ਹੇਠੋਂ 35.78 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਰਿਹਾ ਹੈ। ਇਸ ਜ਼ਮੀਨ ਹੇਠਲੇ ਪਾਣੀ ਦਾ 96 ਫੀਸਦੀ ਹਿੱਸਾ ਖੇਤੀ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਇਸ ਵਿਚੋਂ ਵੀ ਵੱਡਾ ਹਿੱਸਾ ਝੋਨੇ ਦੀ ਫਸਲ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਝੋਨੇ ਦੀ ਫਸਲ ਪੰਜਾਬ ਦੀ ਕੁਦਰਤੀ ਫਸਲ ਨਹੀਂ ਹੈ ਪਰ ਭਾਰਤ ਸਰਕਾਰ ਵੱਲੋਂ ਇਹ ਪੰਜਾਬ ਸਿਰ ਥੋਪੀ ਗਈ ਹੈ ਤੇ ਇਸ ਕਾਰਨ ਹੀ ਪੰਜਾਬ ਅੱਜ ਮਾਰੂਥਲ ਬਣਨ ਦੀਆਂ ਬਰੂਹਾਂ 'ਤੇ ਆ ਖੜ੍ਹਿਆ ਹੈ।

ਦੱਸ ਦਈਏ ਕਿ ਧਰਤੀ ਹੇਠ ਪਾਣੀ ਇਕੱਠਾ ਹੋਣ ਨੂੰ ਸਦੀਆਂ ਲਗਦੀਆਂ ਹਨ ਤੇ ਪੰਜਾਬ ਦੀ ਧਰਤੀ ਹੇਠ ਪਾਣੀ ਦੇ ਇਸ ਬੇਸ਼ਕੀਮਤੀ ਸਰੋਤ ਨੂੰ ਪੰਜਾਬ ਤੋਂ ਕੋਡੀਆਂ ਦੇ ਭਾਅ ਲੁੱਟਿਆ ਜਾ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।