ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਖ਼ਾਲਸਾ ਕਾਲਜ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੱਕ ਰੋਹ ਭਰਪੂਰ ਮਾਰਚ

ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਖ਼ਾਲਸਾ ਕਾਲਜ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੱਕ ਰੋਹ ਭਰਪੂਰ ਮਾਰਚ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ: ਵਿੱਦਿਆ ਦਾ ਜਮੂਹਰੀ ਹੱਕ ਬਚਾਉਣ ਦੇ ਲਈ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਵਿਰੋਧ ਵਿੱਚ ਅੱਜ ਪੰਜਾਬ ਦੇ ਯੂਨੀਵਰਸਿਟੀਆਂ, ਕਾਲਜਾਂ ਅਤੇ ਵੱਖ ਵੱਖ ਥਾਵਾਂ ਤੇ 9 ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਰੋਹ ਭਰਪੂਰ ਐਕਸ਼ਨ ਕੀਤੇ ਗਏ । ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਇਤਿਹਾਸਕ ਖ਼ਾਲਸਾ ਕਾਲਜ ਦੇ ਗੇਟ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੱਕ ਮਾਰਚ ਕੀਤਾ ਗਿਆ।

ਜਿਸ ਦੀ ਅਗਵਾਈ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ), ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ। ਯੂਨੀਵਰਸਿਟੀ ਦੇ ਮੇਨ ਗੇਟ ਤੇ ਰੋਸ ਮੁਜ਼ਾਹਰਾ ਕੀਤਾ ਗਿਆ, ਇਸ ਸਮੇਂ ਕਾਲਜ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਮਾਂ-ਪਿਓ ਵੀ ਮੌਜੂਦ ਸਨ। ਜਿੱਥੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਵਿੱਦਿਅਕ ਅਦਾਰੇ ਬੰਦ ਕਰਨ ਦੇ ਫੁਰਮਾਨ ਅਤੇ ਨਵੀਂ ਸਿੱਖਿਆ ਨੀਤੀ 2020 ਦੀਆਂ ਕਾਪੀਆਂ ਸਾੜੀਆਂ ਗਈਆਂ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਆਗੂ ਸਿਮਰਨ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੇ ਲਵਪ੍ਰੀਤ ਸਿੰਘ ਮਾੜੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ ਕਿਉਂਕਿ ਅੱਜ ਹੀ ਭਗਤ ਸਿੰਘ ਅਤੇ ਉਸ ਦੇ ਸਾਥੀ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿਚ ਬੰਬ ਸੁੱਟ ਕੇ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀ ਗੋਰੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਸੁਣਾਉਣ ਲਈ ਧਮਾਕੇ ਦੀ ਵਰਤੋਂ ਕੀਤੀ ਸੀ।

ਅੱਜ ਵੀ ਬੋਲੀਆਂ ਸਰਕਾਰਾਂ ਨੂੰ ਵਿਦਿਆਰਥੀਆਂ ਦੀ ਆਵਾਜ਼ ਸੁਣਾਉਣ ਲਈ ਪੰਜਾਬ ਭਰ ਵਿੱਚ ਮੁਜ਼ਾਹਰੇ ਕੀਤੇ ਗਏ ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਨੂੰ ਢਾਲ ਬਣਾ ਕੇ ਜਮਹੂਰੀ ਹੱਕਾਂ ਦਾ ਘਾਣ ਕਰਨ ਤੇ ਤੁਲੀ ਹੋਈ ਹੈ ਇੱਕ ਪਾਸੇ ਵੱਡੀਆਂ-ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਯੂਨੀਵਰਸਿਟੀਆਂ,ਕਾਲਜ ਸਕੂਲ ਸਭ ਬੰਦ ਕੀਤੇ ਹੋਏ ਹਨ, ਇਸ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।   

  ਪੀ ਐਸ ਯੂ ਵੱਲੋਂ ਅਨੁਹਾਰ ਅਤੇ ਏਆਈਐਸਐਫ ਦੇ ਸਿਮਰ ਗੋਪਾਲਪੁਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਵਿਦਿਆਰਥੀ ਆਪਣੇ ਹੱਕਾਂ ਲਈ ਸੜਕਾਂ ਉੱਤੇ ਆਏ ਹਨ। ਸਰਕਾਰਾਂ ਨਵੀਂ ਸਿੱਖਿਆ ਨੀਤੀ 2020 ਦੇ ਜ਼ਰੀਏ ਵਿੱਦਿਆ ਉੱਪਰ   ਆਪਣਾ ਕੰਟਰੋਲ ਰੱਖਣਾ ਚਾਹੁੰਦੀ ਹੈ। ਜਿਸ ਨਾਲ ਹਰ ਇਕ ਯੂਨੀਵਰਸਿਟੀ ਵਿਚ ਬੋਰਡ ਆਫ ਗਵਰਨਰ ਰਹੇਗਾ। ਜਿਸ ਨਾਲ ਯੂਨੀਵਰਸਿਟੀਆਂ ਵਿਚ ਇਲੈਕਟਿਡ ਕੰਪੋਨੈਂਟ ਖ਼ਤਮ ਹੋ ਜਾਣਗੇ।  ਅਗਜੈਕਟਿਵ ਤੇ ਅਕੈਡਮਿਕ ਕੌਂਸਲ ਖ਼ਤਮ ਹੋ ਜਾਵੇਗੀ।  ਨਿਯੁਕਤੀ, ਤਨਖਾਹਾਂ ਵਧਾਉਣ ਜਾਂ ਘਟਾਉਣ ਦੀ ਜ਼ਿੰਮੇਵਾਰੀ ਵੀ ਬੋਰਡ ਆਫ ਗਵਰਨਰਜ਼ ਕਰੇਗਾ ।ਜਿਸ ਨਾਲ ਹਰ ਪਾਸੇ ਤਾਨਾਸ਼ਾਹੀ ਦਾ ਮਾਹੌਲ ਬਣਿਆ ਰਹੇਗਾ। ਵਿੱਦਿਆ ਦਾ ਨਿੱਜੀਕਰਨ ਕੀਤਾ ਜਾਵੇਗਾ ਜਿਸ ਨਾਲ ਪੜ੍ਹਾਈ ਹੋਰ ਮਹਿੰਗੀ ਹੋ ਜਾਵੇਗੀ ਅਤੇ ਆਮ ਲੋਕਾਂ ਦੇ ਹੱਥੋਂ ਖੁੱਸ ਜਾਵੇਗੀ। ਤਕਰੀਰਾਂ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਰਹੀ ਹੈ ।ਆਨਲਾਈਨ ਕਲਾਸਾਂ ਦੇ ਜ਼ਰੀਏ ਲੱਖਾਂ ਰੁਪਏ ਫੀਸਾਂ ਲੈ ਕੇ ਮਾਪਿਆਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਉਨ੍ਹਾਂ ਮੰਗ ਕੀਤੀ ਕਿ ਆਨਲਾਈਨ ਕਲਾਸਾਂ ਨੂੰ ਬੰਦ ਕਰ ਕੇ ਫੌਰੀ ਵਿੱਦਿਅਕ ਅਦਾਰੇ ਖੋਲ੍ਹੇ ਜਾਣ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਈਆਂ ਜਾਣ ਤਾਂ ਕਿ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋ ਸਕੇ।

ਹੋਰਨਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਨੇ ਵੀ ਹੱਕ ਵਿਚ ਆਈਆਂ ਜਿਨ੍ਹਾਂ ਵਿੱਚੋਂ ਨੌਜਵਾਨ ਭਾਰਤ ਸਭਾ ਵੱਲੋਂ ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦੇ ਹੋਏ  ਸਰਕਾਰਾਂ ਦੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ, ਗੌਰਮਿੰਟ ਟੀਚਰ ਸਕੂਲ ਯੂਨੀਅਨ ਦੇ ਸਕੱਤਰ ਬਲਕਾਰ ਸਿੰਘ ਵਲਟੋਹਾ, ਪੰਜਾਬ ਇਸਤਰੀ ਸਭਾ ਵੱਲੋਂ ਰਾਜਿੰਦਰਪਾਲ ਕੌਰ, ਆਲ ਇੰਡੀਆ ਕਿਸਾਨ ਸਭਾ ਵੱਲੋਂ ਬਲਕਾਰ ਦੋਧਾਲਾ ਜੀ ਨੇ ਸੰਬੋਧਨ ਕਰਦੇ ਹੋਏ ਵਿਦਿਆਰਥੀ ਮੰਗਾਂ ਦੀ ਹਮਾਇਤ ਕੀਤੀ ਇਸ ਮੌਕੇ ਤਰਕਸ਼ੀਲ ਸੁਸਾਇਟੀ ਵੱਲੋਂ ਵੀ ਹਮਾਇਤ ਕੀਤੀ ਗਈ। ਵਿਦਿਆਰਥੀ ਸਾਥੀ ਨਵਜੋਤ, ਜਸਪ੍ਰੀਤ,ਅੰਕਿਤਾ, ਵਿਕਰਾਂਤ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ।