ਸਿੱਖ ਨਸਲਕੁਸ਼ੀ 1984 ਨਾਲ ਸੰਬਧਿਤ ਅਹਿਮ ਦਸਤਾਵੇਜ਼  "ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ  ਭਾਗ-2" ਜਾਰੀ

ਸਿੱਖ ਨਸਲਕੁਸ਼ੀ 1984 ਨਾਲ ਸੰਬਧਿਤ ਅਹਿਮ ਦਸਤਾਵੇਜ਼ 

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:  ਸਿੱਖ ਨਸਲਕੁਸ਼ੀ ੧੯੮੪ ਬਾਰੇ ਜਾਣਕਾਰੀ ਪੱਖੋਂ ਦਿੱਲੀ, ਬੋਕਾਰੋ ਅਤੇ ਕਾਨਪੁਰ ਚਰਚਾ ‘ਚ ਰਹੇ ਹਨ । ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਿਤ ਨਹੀਂ ਸੀ । ਇਸ ਦੌਰਾਨ ਪੂਰੇ ਭਾਰਤ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ।  ਵੱਖ ਵੱਖ ਥਾਵਾਂ ਤੇ ਸਿੱਖ ਪਛਾਣ ਨੂੰ ਨਿਸ਼ਾਨਾਂ ਬਣਾਉਂਦਿਆਂ ਹੋਇਆਂ ਯੋਜਨਾਬੱਧ ਤਰੀਕੇ ਨਾਲ ਹਮਲੇ ਕੀਤੇ ਗਏ । ਇਹ ਨਸ਼ਲਕੁਸ਼ੀ ਕੇਵਲ ਸਿੱਖਾਂ ਨੂੰ ਸਰੀਰਿਕ ਤੌਰ ਤੇ ਖਤਮ ਕਰਨ ਤੱਕ ਸੀਮਿਤ ਨਹੀਂ ਸੀ । ਇਹ ਓਹਨਾਂ ਨੂੰ ਡੂੰਘੀ ਮਾਨਸਿਕ ਪੀੜ ਦੇਣ ਅਤੇ ਵੱਡੀ ਆਰਥਿਕ ਸੱਟ ਮਾਰਣ ਦਾ ਇਕ ਕੋਝਾ ਯਤਨ ਵੀ ਸੀ । ਵੱਖ ਵੱਖ ਘਟਨਾਵਾਂ ਦੇ ਹਵਾਲਿਆਂ ਨਾਲ ਇਆਲੀ ਵਿਖੇ ਹੋਏ ਸਮਾਗਮ ਚ ਕਿਤਾਬ ਤੇ ਗੱਲਬਾਤ ਕਰਦਿਆਂ ਭਾਈ ਗੁਰਜੰਟ ਸਿੰਘ ਨੇ ਇਹ ਗੱਲ ਪਾਠਕਾਂ ਅੱਗੇ ਰੱਖੀ । ਓਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੀਆਂ ਥਾਵਾਂ ਤੇ ਸਿੱਖ ਗੁਰੂ ਅਦਬ ਨੂੰ ਮੁੱਖ ਰੱਖਦਿਆਂ ਸ਼ਹੀਦ ਹੋਏ।

ਸਿੱਖ ਨਸਲਕੁਸ਼ੀ ਦੌਰਾਨ ਸਿੱਖਾਂ ਦੇ ਜੂਝਣ ਦੇ ਕਿੱਸੇ ਵੀ ਭਾਈ ਗੁਰਜੰਟ ਸਿੰਘ ਨੇ ਸਾਂਝੇ ਕੀਤੇ ।
ਕਿਤਾਬ "ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ" ਦਾ ਪਹਿਲਾ ਭਾਗ 2022 ‘ਚ ਜਾਰੀ ਹੋਇਆ ਸੀ । ਇਸ ਕਿਤਾਬ ਚ 6 ਇੰਡੀਅਨ ਰਾਜਾਂ ‘ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੀ ਦੇ ਖੋਜ ਕਾਰਜ ਨੂੰ ਪਾਠਕਾਂ ਅੱਗੇ ਰੱਖਿਆ ਗਿਆ । ਕਿਤਾਬ ਦੇ ਅੱਜ ਜਾਰੀ ਹੋਏ ਦੂਜੇ ਭਾਗ ‘ਚ 5 ਹੋਰ ਰਾਜਾਂ - ਮਣੀਪੁਰ, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਘਟਨਾਵਾਂ ਦਾ ਵੇਰਵਾ ਹੈ । 
ਕਿਤਾਬ ਬਾਰੇ ਗੱਲ ਕਰਦਿਆਂ ਡਾ. ਸਿਕੰਦਰ ਸਿੰਘ ( ਨੇ ਬਿਪਰ ਸੁਭਾਅ, ਹਮਲਿਆਂ ਦੀ ਵਿਉਂਤਬੰਦੀ ਅਤੇ ਹਮਲਿਆਂ ਦੀ ਵਿਆਪਕਤਾ ਸਾਹਮਣੇ ਰੱਖੀ । ਜਿਕਰਯੋਗ ਹੈ ਕਿ ਭਾਈ ਗੁਰਜੰਟ ਸਿੰਘ ਨੇ 5 ਸਾਲ ਦਾ ਸਮਾਂ ਲਾ ਕੇ ਅਤੇ 3 ਲੱਖ ਤੋਂ ਵੱਧ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਜਾਣਕਾਰੀ ਇਕੱਠੀ ਕੀਤੀ ਜਿਸਨੂੰ ਭਾਈ ਸੁਖਜੀਤ ਸਿੰਘ ਵੱਲੋਂ ਲਿਖਤੀ ਰੂਪ ਦਿੱਤਾ ਗਿਆ।  ਕਿਤਾਬ ਗੁਰਦੁਆਰਾ ਥੜ੍ਹ ਸਾਹਿਬ ਪਾ:੬ ਵੀਂ, ਇਆਲੀ ਕਲਾਂ, ਲੁਧਿਆਣਾ ਵਿਖੇ ਜਾਰੀ ਹੋਈ । ਇਸ ਮੌਕੇ ਭਾਈ ਦਲਜੀਤ ਸਿੰਘ, ਭਾਈ ਨਰੈਣ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ  ਪਰਮਜੀਤ ਸਿੰਘ ਹਾਜ਼ਿਰ ਸਨ ।