ਪਰਨੀਤ ਕੌਰ ਨੇ ਸੁੱਕੀ ਘੱਗਰ 'ਤੇ ਸਿੰਜਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ

ਪਰਨੀਤ ਕੌਰ ਨੇ ਸੁੱਕੀ ਘੱਗਰ 'ਤੇ ਸਿੰਜਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ

ਬਨੂੜ: ਡਰੇਨੇਜ ਵਿਭਾਗ ਵੱਲੋਂ ਘੱਗਰ ਨਦੀ ਵਿੱਚੋਂ ਬਨੂੜ ਦੇ 66 ਪਿੰਡਾਂ ਦੇ ਕਿਸਾਨਾਂ ਨੂੰ ਸਿੰਜਾਈ ਦਾ ਪਾਣੀ ਦੇਣ ਲਈ ਤਕਰੀਬਨ 175 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਬਨੂੜ ਕੈਨਾਲ ਪ੍ਰਾਜੈਕਟ ਦਾ ਅੱਜ ਸੰਸਦ ਮੈਂਬਰ ਪਰਨੀਤ ਕੌਰ ਅਤੇ ਦੀਪਇੰਦਰ ਸਿੰਘ ਢਿੱਲੋਂ ਨੇ ਉਦਘਾਟਨ ਕੀਤਾ। ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਜਿਥੇ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਇਸ ਦਾ ਦੂਜਾ ਪੱਖ ਵੀ ਹੈ ਜੋ ਕਾਫੀ ਖਤਰਨਾਕ ਹੈ। ਘੱਗਰ ਨਦੀ ਵਿੱਚ ਇਸ ਵੇਲੇ ਪਹਾੜਾਂ ਤੋਂ ਬਿਲਕੁਲ ਪਾਣੀ ਨਹੀਂ ਆਉਂਦਾ। ਇਥੇ ਪੰਚਕੂਲਾ ਤੇ ਡੇਰਾਬੱਸੀ ਖੇਤਰ ਦੇ ਦੂਸ਼ਿਤ ਤੇ ਸੀਵਰੇਜ ਦੇ ਪਾਣੀ ਤੋਂ ਇਲਾਵਾ ਫੈਕਟਰੀਆਂ ਵੱਲੋਂ ਆਪਣਾ ਜ਼ਹਿਰੀਲਾ ਪਾਣੀ ਨਿਕਾਸ ਕੀਤਾ ਜਾਂਦਾ ਹੈ। ਇਹ ਦੂਸ਼ਿਤ ਪਾਣੀ ਹੁਣ ਹੋਰ ਪਿੰਡਾਂ ਵਿੱਚ ਬਿਮਾਰੀਆਂ ਵੰਡੇਗਾ।

ਇਕੱਤਰ ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਨੂੰ ਸਾਲ 2006 ਵਿੱਚ ਉਸ ਵੇਲੇ ਡਿਜ਼ਾਈਨ ਕੀਤਾ ਗਿਆ ਸੀ, ਜਦ ਘੱਗਰ ਨਦੀ ਵਿੱਚ 400 ਕਿਊਸਿਕ ਪਾਣੀ ਹੁੰਦਾ ਸੀ, ਪਰ ਬੀਤੇ ਸਮੇਂ ਦੌਰਾਨ ਲਗਾਤਾਰ ਪਹਾੜਾਂ ਤੋਂ ਆਉਣ ਵਾਲਾ ਪਾਣੀ ਸੁੱਕਣ ਤੇ ਘੱਗਰ ਨਦੀ ਵਿੱਚ ਰਲਣ ਵਾਲੀ ਕੌਸ਼ੱਲਿਆ ਨਦੀ ਤੇ ਹਰਿਆਣਾ ਦੇ ਪਿੰਜੋਰ ਵਿਚ ਕੌਸ਼ੱਲਿਆ ਡੈਮ ਬਣਨ ਮਗਰੋਂ ਪਾਣੀ ਦੀ ਸਮਰਥਾਂ ਬਿਲਕੁਲ ਘੱਟ ਗਈ ਹੈ।

ਘੱਗਰ ਨਦੀ ਵਿੱਚ ਪਾਣੀ ਨਾ ਹੋਣ ਕਾਰਨ ਹੁਣ ਬਨੂੜ ਦੇ ਪਿੰਡਾਂ ਨੂੰ ਪਾਣੀ ਸਪਲਾਈ ਕਰਨ ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਬੀਤੇ ਕੁਝ ਸਾਲਾ ਤੋਂ ਘੱਗਰ ਨਦੀ ਵਿੱਚ ਮੀਂਹ ਦੇ ਦਿਨਾਂ ਨੂੰ ਛੱਡ ਕੇ ਸਿਰਫ਼ 80 ਤੋਂ 105 ਕਿਊਸਿਕ ਪਾਣੀ ਹੀ ਵਗਦਾ ਹੈ। ਜਦਕਿ ਇਸ ਵਿੱਚ ਵੀ ਵੱਡੀ ਮਾਤਰਾ ਪੰਚਕੂਲਾ ਅਤੇ ਡੇਰਾਬੱਸੀ ਖੇਤਰ ਦੇ ਸੀਵਰੇਜ ਦੇ ਦੂਸ਼ਿਤ ਪਾਣੀ ਦੀ ਹੈ। ਅੱਜ ਪ੍ਰਾਜੈਕਟ ਦੇ ਉਦਘਾਟਨ ਵੇਲੇ ਮੌਕੇ ’ਤੇ ਦੂਸ਼ਿਤ ਪਾਣੀ ਵਿੱਚੋਂ ਕਾਫੀ ਬਦਬੂ ਆ ਰਹੀ ਸੀ। ਉਦਘਾਟਨ ਸਮਾਰੋਹ ਦੌਰਾਨ ਲੋਕਾਂ ਦਾ ਬੈਠਣਾ ਔਖਾ ਹੋ ਗਿਆ ਸੀ। ਨਦੀ ਦਾ ਪਾਣੀ ਐਨਾ ਦੂਸ਼ਿਤ ਹੋ ਚੁੱਕਾ ਹੈ, ਜਿਸ ਵਿੱਚ ਅੱਜ ਝੱਗ ਬਣੀ ਹੋਈ ਸੀ। ਇਸ ਤੋਂ ਸਪਸ਼ਟ ਹੈ ਕਿ ਘੱਗਰ ਵਿੱਚ ਪਾਣੀ ਨਾ ਹੋਣ ਕਾਰਨ ਡਰੇਨੇਜ਼ ਵਿਭਾਗ ਸੀਵਰੇਜ ਦੇ ਦੂਸ਼ਿਤ ਪਾਣੀ ਸਹਾਰੇ ਇਸ ਪ੍ਰਾਜੈਕਟ ਨੂੰ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।

ਗੱਲ ਕਰਨ ’ਤੇ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨਦੀ ਨਾਲਿਆਂ ਦਾ ਪਾਣੀ ਸਵੱਛ ਕਰਨ ਦੀ ਮੁਹਿੰਮ ਛੇੜੀ ਗਈ ਹੈ, ਜਿਸ ਵਿੱਚ ਇਸ ਘੱਗਰ ਨਦੀ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਕੰਢੇ ਡਿੱਗਣ ਵਾਲੇ ਪੁਆਇੰਟਾਂ ਦੀ ਪਛਾਣ ਕਰਕੇ ਸਬੰਧਿਤ ਥਾਵਾਂ ’ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਤੋਂ ਇਲਾਵਾ ਫੈਕਟਰੀਆਂ ਦਾ ਦੂਸ਼ਿਤ ਪਾਣੀ ਡਿੱਗਣ ਤੋਂ ਬੰਦ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਘੱਗਰ ਨਦੀ ਦਾ ਪਾਣੀ ਪਹਿਲਾਂ ਵਾਂਗ ਸਵੱਛ ਹੋਵੇਗਾ।