ਜਾਣੋ ਕਿਹੜੇ-ਕਿਹੜੇ ਰੂਟਾਂ 'ਤੇ ਚੱਲਣਗੀਆਂ ਕੱਲ੍ਹ ਤੋਂ ਸਰਕਾਰੀ ਲਾਰੀਆਂ

ਜਾਣੋ ਕਿਹੜੇ-ਕਿਹੜੇ ਰੂਟਾਂ 'ਤੇ ਚੱਲਣਗੀਆਂ ਕੱਲ੍ਹ ਤੋਂ ਸਰਕਾਰੀ ਲਾਰੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ:
ਲਗਭਗ ਦਪ ਮਹੀਨਿਆਂ ਦੀਆਂ ਪਾਬੰਦੀਆਂ ਮਗਰੋਂ ਮਿਲੀ ਕੁੱਝ ਛੋਟ ਵਿਚ ਹੁਣ ਕੱਲ੍ਹ 20 ਮਈ ਤੋਂ ਬੱਸਾਂ ਦੀ ਆਵਾਜਾਈ ਵੀ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਆਵਾਜਾਈ ਮਹਿਕਮੇ ਨੇ ਪਹਿਲੇ ਪੜਾਅ ਹੇਠ ਪੰਜਾਬ ਦੇ ਕਰੀਬ ਰੂਟਾਂ 'ਤੇ ਬੱਸਾਂ ਚਲਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹਨਾਂ ਰੂਟਾਂ 'ਤੇ ਅੱਧੇ ਘੰਟੇ ਦੇ ਵਕਫੇ ਮਗਰੋਂ ਬੱਸ ਚੱਲੇਗੀ। 

ਅੰਤਰਰਾਜੀ ਬੱਸ ਸੇਵਾ ਸੂਬਿਆਂ ਦੀ ਆਪਸੀ ਰਜ਼ਾਮੰਦੀ ’ਤੇ ਨਿਰਭਰ ਕਰੇਗੀ ਜਦਕਿ ਗ਼ੈਰ-ਕੰਟੇਨਮੈਂਟ ਜ਼ੋਨਾਂ ’ਚ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਤੋਂ ਇਲਾਵਾ ਟੈਕਸੀ, ਕੈਬਜ਼, ਰਿਕਸ਼ਾ ਤੇ ਆਟੋ ਰਿਕਸ਼ਾ ਦੀ ਸਰਵਿਸ ਅੱਜ ਚਾਲੂ ਹੋ ਗਈ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਫਿਲਹਾਲ ਨਹੀਂ ਦਿੱਤੀ ਪ੍ਰਵਾਨਗੀ:
ਚੰਡੀਗੜ੍ਹ ਪ੍ਰਸ਼ਾਸਨ ਨੇ ਹਰਿਆਣਾ ਤੇ ਪੰਜਾਬ ਨੂੰ ਬੱਸਾਂ ਦੇ ਦਾਖ਼ਲੇ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਚੰਡੀਗੜ੍ਹ ਨੂੰ ਜੋੜਦੇ ਛੇ ਰੂਟਾਂ ਦੀ ਸ਼ਨਾਖ਼ਤ ਹੋਈ ਹੈ ਪਰ ਕੋਈ ਬੱਸ ਯੂਟੀ ਵਿੱਚ ਦਾਖਲ ਨਹੀਂ ਹੋਵੇਗੀ ਅਤੇ ਇਸ ਦੀ ਥਾਂ ਮੁਹਾਲੀ ਤੇ ਜ਼ੀਰਕਪੁਰ ਤੱਕ ਬੱਸ ਸਰਵਿਸ ਚੱਲੇਗੀ।

ਕਿਹੜੇ-ਕਿਹੜੇ ਰੂਟਾਂ 'ਤੇ ਚੱਲਣਗੀਆਂ ਬੱਸਾਂ:
ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ, ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ, ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ, ਚੰਡੀਗੜ੍ਹ-ਅੰਬਾਲਾ ਅਤੇ ਚੰਡੀਗੜ੍ਹ-ਨੰਗਲ ਵਾਇਆ ਰੋਪੜ ਦੇ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਹੋਵੇਗੀ। ਲਿੰਕ ਸੜਕਾਂ ’ਤੇ ਹਾਲੇ ਬੱਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਵੇਗੀ। ਜੋ ਬੱਸਾਂ ਹੁਣ ਚੱਲਣੀਆਂ ਹਨ, ਉਹ ਵੀ ਰਸਤੇ ਵਿੱਚ ਨਹੀਂ ਰੁਕਣਗੀਆਂ। ਇਸੇ ਤਰ੍ਹਾਂ ਬਠਿੰਡਾ-ਮੋਗਾ-ਹੁਸ਼ਿਆਰਪੁਰ, ਲੁਧਿਆਣਾ-ਮਾਲੇਰਕੋਟਲਾ-ਪਾਤੜਾਂ, ਅਬੋਹਰ-ਮੋਗਾ-ਮੁਕਤਸਰ-ਜਲੰਧਰ, ਪਟਿਆਲਾ-ਮਾਨਸਾ-ਮਲੋਟ, ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ, ਜਲੰਧਰ-ਅੰਬਾਲਾ ਕੈਂਟ, ਬਠਿੰਡਾ-ਅੰਮ੍ਰਿਤਸਰ, ਜਲੰਧਰ-ਨੂਰਮਹਿਲ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ-ਟਾਂਡਾ, ਜਗਰਾਓਂ-ਰਾਏਕੋਟ, ਮੁਕਤਸਰ-ਬਠਿੰਡਾ, ਫਿਰੋਜ਼ਪੁਰ-ਮੁਕਤਸਰ, ਬੁਢਲਾਡਾ-ਰਤੀਆ, ਫਿਰੋਜ਼ਪੁਰ-ਫਾਜ਼ਿਲਕਾ, ਫਰੀਦਕੋਟ-ਲੁਧਿਆਣਾ-ਚੰਡੀਗੜ੍ਹ, ਬਰਨਾਲਾ-ਸਿਰਸਾ ਆਦਿ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਲੁਧਿਆਣਾ-ਜਲੰਧਰ-ਅੰਮ੍ਰਿਤਸਰ, ਗੋਇੰਦਵਾਲ ਸਾਹਿਬ-ਪੱਟੀ, ਹੁਸ਼ਿਆਰਪੁਰ-ਨੰਗਲ, ਅਬੋਹਰ-ਬਠਿੰਡਾ-ਸਰਦੂਲਗੜ੍ਹ, ਲੁਧਿਆਣਾ-ਸੁਲਤਾਨਪੁਰ ਅਤੇ ਫਗਵਾੜਾ-ਨਕੋਦਰ ਰੂਟ ਆਦਿ ’ਤੇ ਵੀ ਬੱਸ ਸਰਵਿਸ ਸ਼ੁਰੂ ਹੋਵੇਗੀ।

ਸਿਰਫ ਸਰਕਾਰੀ ਬੱਸਾਂ ਨੂੰ ਪ੍ਰਵਾਨਗੀ:
ਇਸ ਪਹਿਲੇ ਗੇੜ ਵਿਚ ਆਵਾਜਾਈ ਲਈ ਪ੍ਰਾਈਵੇਟ ਬੱਸਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਨੇ 20 ਮਈ ਤੋਂ ਬੱਸਾਂ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਅਗਾਊਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।  ਸ਼ਰਤ ਲਾਈ ਗਈ ਹੈ ਕਿ ਕਿਸੇ ਵੀ ਬੱਸ ਵਿਚ ਯਾਤਰੀ 50 ਫੀਸਦੀ ਤੋਂ ਜ਼ਿਆਦਾ ਨਹੀਂ ਹੋਣਗੇ। ਟਿਕਟਾਂ ਦੀ ਬੁਕਿੰਗ ਆਨਲਾਈਨ ਜਾਂ ਫਿਰ ਬੱਸ ਅੱਡਿਆਂ ਦੇ ਕਾਊਂਟਰਾਂ ਤੋਂ ਅਗਾਊਂ ਟਿਕਟ ਲੈਣੀ ਪਵੇਗੀ।

ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ 20 ਮਈ ਤੋਂ ਸੀਮਤ ਰੂਟਾਂ ’ਤੇ ਪਬਲਿਕ ਬੱਸ ਸਰਵਿਸ ਸ਼ੁਰੂ ਕਰਨ ਦਾ ਫ਼ੈਸਲਾ ਹੋ ਚੁੱਕਾ ਹੈ ਅਤੇ ਰੂਟਾਂ ਦੀ ਗਿਣਤੀ-ਘਟਾਈ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯੂਟੀ ਚੰਡੀਗੜ੍ਹ ਵਿੱਚ ਫਿਲਹਾਲ ਬੱਸਾਂ ਦਾਖਲ ਨਹੀਂ ਹੋਣਗੀਆਂ ਅਤੇ ਏਸੀ ਬੱਸਾਂ ਚਲਾਏ ਜਾਣ ਬਾਰੇ ਭਲਕੇ ਫ਼ੈਸਲਾ ਹੋ ਜਾਵੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।