ਪੰਜਾਬ ਦੀ ਰਾਜਨੀਤੀ 'ਚ ਕਾਲੀਆਂ ਝੰਡੀਆਂ ਦੀ ਦਹਿਸ਼ਤ 

ਪੰਜਾਬ ਦੀ ਰਾਜਨੀਤੀ 'ਚ ਕਾਲੀਆਂ ਝੰਡੀਆਂ ਦੀ ਦਹਿਸ਼ਤ 

n ਬਠਿੰਡਾ ਬਣ ਗਿਆ ਹੈ ਬਾਦਲਾਂ ਲਈ ਗਲੇ ਦੀ ਹੱਡੀ
n ਹਰਸਿਮਰਤ ਬਾਦਲ ਨੂੰ ਘੇਰਨ ਵਾਲਿਆਂ ਨੂੰ ਸੁਖਬੀਰ ਬਾਦਲ ਨੇ ਦਿੱਤੀ ਧਮਕੀ, ਕਿਹਾ ਇੱਕ ਇਸ਼ਾਰੇ 'ਤੇ ਕਰਦੂੰ 5 ਲੱਖ ਬੰਦਾ ਇਕੱਠਾ

ਬਠਿੰਡਾ/ਏਟੀ ਨਿਊਜ਼ :
ਪੰਜਾਬ ਦੀਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਬੁਰੀ ਤਰ੍ਹਾਂ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਹਨ ਕਿ ਉਹ ਉਹਨਾਂ ਨੂੰ ਘੇਰ ਕੇ ਸੁਆਲ ਵੀ ਪੁੱਛ ਰਹੇ ਹਨ ਤੇ ਕਾਲੇ ਝੰਡੇ ਵੀ ਦਿਖਾ ਰਹੇ ਹਨ। ਕਾਲੇ ਝੰਡੇ ਤੇ ਲੋਕਾਂ ਦੇ ਸੁਆਲ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਲਈ ਦਹਿਸ਼ਤ ਦਾ ਕਾਰਨ ਬਣੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਭ ਤੋਂ ਭਾਰੂ ਹੈ। ਪੰਜਾਬ ਦੇ ਹੋਰ ਏਜੰਡੇ ਤੇ ਕਿਸਾਨੀ ਮੁੱਦਾ ਵੀ ਹੌਟ ਬਣਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਮਾਲਵੇ ਵਿਚ ਉਮੀਦਵਾਰਾਂ ਵਿਰੁੱਧ ਸਰਗਰਮ ਹੋ ਗਏ ਹਨ। ਇਹਨਾਂ ਨੇ 12 ਜ਼ਿਲ੍ਹਿਆਂ ਦੇ 155 ਪਿੰਡਾਂ ਵਿਚ ਮਾਰਚ ਤੇ ਰੈਲੀਆਂ ਕੀਤੀਆਂ ਹਨ। 
ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਲੋਕ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਨੂੰ ਲੋਕਾਂ ਦੇ ਰੋਸ ਦਾ ਸਭ ਤੋਂ ਵੱਧ ਸਾਹਮਣਾ ਬਠਿੰਡਾ ਹਲਕੇ ਵਿੱਚ ਕਰਨਾ ਪੈ ਰਿਹਾ ਹੈ। ਇੱਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਚੋਣ ਲੜ ਰਹੀ ਹੈ। ਇਸ ਲਈ ਬਠਿੰਡਾ ਫਤਹਿ ਕਰਨਾ ਬਾਦਲ ਪਰਿਵਾਰ ਦੇ ਵੱਕਾਰ ਦਾ ਸਵਾਲ ਹੈ।
ਇਸ ਲਈ ਜਿਉਂ-ਜਿਉਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਤਾਂ ਰੋਸ ਪ੍ਰਦਰਸ਼ਨ ਵੀ ਤਿੱਖੇ ਹੁੰਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਾਲੀਆਂ ਝੰਡੀਆਂ ਹੀ ਵਿਖਾਈਆਂ ਜਾਂਦੀਆਂ ਸੀ ਪਰ ਸ਼ਨੀਵਾਰ ਨੂੰ ਹਲਕਾ ਮੌੜ ਦੇ ਪਿੰਡਾਂ ਵਿਚ ਪਹਿਲੀ ਵਾਰ ਸੰਗਠਤ ਰੂਪ ਵਿੱਚ ਸੰਗਤਾਂ ਵੱਲੋਂ ਹਰਸਿਮਰਤ ਨੂੰ ਪਿੰਡ ਹੀ ਨਾ ਵੜਨ ਦਿੱਤਾ। ਇਹ ਰੋਸ ਪ੍ਰਦਰਸ਼ਨ ਹਿੰਸਕ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਸੀ।
ਪਿੰਡ ਮੰਡੀ ਕਲਾਂ ਵਿਚ ਰੋਸ ਪ੍ਰਦਰਸ਼ਨ ਇੰਨਾ ਤਿੱਖਾ ਹੋ ਗਿਆ ਕਿ ਹਰਸਿਮਰਤ ਕੌਰ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ। ਉਨ੍ਹਾਂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉੱਠ ਕੇ ਚੋਣ ਜਲਸੇ ਲਈ ਧਰਮਸ਼ਾਲਾ ਵਿਚ ਪੁੱਜੇ ਤਾਂ ਪੰਥਕ ਜਥੇਬੰਦੀਆਂ ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਜਿਸ ਵਿਚ ਪੁਲਿਸ ਮੁਲਾਜ਼ਮ ਦੇ ਸੱਟਾਂ ਲੱਗੀਆਂ। ਪੁਲਿਸ ਨੇ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਤੇ ਕੁਝ ਪੰਥਕ ਜਥੇਬੰਦੀਆਂ ਨਾਲ ਸੰਬੰਧਿਤ ਵਿਅਕਤੀ ਹਿਰਾਸਤ ਵਿਚ ਲੈ ਲਏ।
ਬੇਸ਼ੱਕ ਅਕਾਲੀ ਦਲ ਇਲਜ਼ਾਮ ਲਾ ਰਿਹਾ ਹੈ ਕਿ ਇਹ ਕਾਂਗਰਸ ਦੀ ਸਜ਼ਿਸ਼ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸ ਤੋਂ ਵੀ ਪੂਰੇ ਔਖੇ ਹਨ ਪਰ ਉਨ੍ਹਾਂ ਨੂੰ ਬਾਦਲ ਪਰਿਵਾਰ ਵੱਡਾ ਦੋਸ਼ੀ ਲੱਗਦਾ ਹੈ। ਲੋਕਾਂ ਵਿੱਚ ਇਹ ਰੋਸ ਬਾਦਲ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਅਕਾਲੀ ਦਲ ਦੇ ਪੰਥਕ ਏਜੰਡੇ ਤੋਂ ਥਿੜਕਣ ਕਰਕੇ ਹੈ। 
ਆਪਣੀ ਨੂੰਹ ਹਰਸਿਮਰਤ ਕੌਰ ਦੇ ਚੋਣ ਪ੍ਰਚਾਰ ਲਈ ਪਿੰਡ ਘੁੱਦਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਥਾਂ-ਥਾਂ 'ਤੇ ਹੋ ਰਹੇ ਘਿਰਾਓ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਕਾਂਗਰਸ ਦੀ ਸਾਜਿਸ਼ ਹੈ। ਇਸ ਦਾ ਮੂੰਹ ਤੋੜ ਉੱਤਰ ਦਿੱਤਾ ਜਾਵੇਗਾ।

ਸੁਖਬੀਰ ਬਾਦਲ ਨੇ ਦਿੱਤੀ ਧਮਕੀ-
ਬੀਬੀ ਹਰਸਿਮਰਤ ਕੌਰ ਬਾਦਲ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਥਕ ਜਥੇਬੰਦੀਆਂ ਲਈ ਸਖਤ ਰਵੱਈਆ ਅਪਣਾ ਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਵੀ ਅਕਾਲੀ ਵਰਕਰ 'ਤੇ ਕੋਈ ਵੀ ਆਂਚ ਆਈ ਤਾਂ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸ਼ਨ ਅਤੇ ਉਹ ਲੋਕ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਧਮਕੀ ਵਾਲੇ ਅੰਦਾਜ਼ ਵਿਚ ਕਿਹਾ ਕਿ ਇਸ ਤੋਂ ਬਾਅਦ ਅਜਿਹਾ ਕਰਨ ਵਾਲਿਆਂ ਨੂੰ ਪੂਰੀ ਜਿੰਦਗੀ ਜੇਲ੍ਹ ਵਿਚੋਂ ਬਾਹਰ ਨਹੀਂ ਨਿਕਲਣ ਦਿਆਂਗਾ। ਉਹਨਾਂ ਕਿਹਾ ਕਿ ਇਕ ਇਸ਼ਾਰੇ 'ਤੇ ਮੈਂ ਪੰਜ ਲੱਖ ਬੰਦਾ ਇਕੱਠਾ ਕਰ ਦਿਆਂਗਾ।

ਕੀ ਸਥਿਤੀ ਹੈ ਬਠਿੰਡੇ ਦੀ
ਸੂਬੇ ਦੀ ਸਭ ਤੋਂ ਚਰਚਿਤ ਬਠਿੰਡਾ ਲੋਕ ਸਭਾ ਸੀਟ 'ਤੇ ਵੋਟਾਂ ਦੇ ਦਿਨ ਨਜਦੀਕ ਆਉਂਦੇ ਹੀ ਮੁਕਾਬਲਾ ਸਖ਼ਤ ਹੋਣ ਲੱਗਾ ਹੈ। ਦੂਜੇ ਪਾਸੇ ਨਰਿੰਦਰ ਮੋਦੀ ਤੇ ਪ੍ਰਿਅੰਕਾ ਗਾਂਧੀ ਵਲੋਂ ਬਠਿੰਡਾ ਵਿਚ ਚੋਣ ਰੈਲੀਆਂ ਕਰਕੇ ਸਿਆਸੀ ਮਾਹੌਲ ਨੂੰ ਹੋਰ ਗਰਮ ਕਰ ਦੇਣਾ ਹੈ। ਹਾਲਾਂਕਿ ਇਸ ਹਲਕੇ ਤੋਂ 27 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚ ਹੀ ਬਣਦਾ ਜਾਪ ਰਿਹਾ ਹੈ। ਹਾਲਾਂਕਿ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖ਼ਹਿਰਾ ਵਲੋਂ ਵੀ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।
ਬਾਦਲ ਪਰਿਵਾਰ ਵਲੋਂ ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤਣ ਲਈ ਪੂਰਾ ਟਿੱਲ ਲਗਾਇਆ ਜਾ ਰਿਹਾ ਹੈ। ਬੇਸ਼ੱਕ ਖੁਦ ਸੁਖਬੀਰ ਸਿੰਘ ਬਾਦਲ ਫ਼ਿਰੋਜਪੁਰ ਹਲਕੇ ਵਿਚ ਡਟੇ ਹੋਏ ਹਨ ਪਰ ਇਸਦੇ ਬਾਵਜੂਦ ਉਹ ਬਠਿੰਡਾ ਹਲਕੇ ਵਿਚ ਚੋਣ ਪ੍ਰਚਾਰ ਲਈ ਆ ਰਹੇ ਹਨ। ਇਸ ਤੋਂ ਇਲਾਵਾ ਬੀਬੀ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠਿਆ ਵੀ ਅੰਮ੍ਰਿਤਸਰ ਸਾਹਿਬ ਹਲਕੇ ਨੂੰ ਛੱਡ ਕੇ ਆਪਣੀ ਟੀਮ ਸਹਿਤ ਬਠਿੰਡਾ ਵਿਚ ਜੰਗੀ ਪੱਧਰ 'ਤੇ ਚੋਣ ਮੁਹਿੰਮ ਚਲਾ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ ਪ੍ਰਚਾਰ ਕਰ ਚੁੱਕੇ ਹਨ।
ਸਿਆਸੀ ਮਾਹਿਰਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਬਾਦਲ ਦਲ ਲਈ ਖਤਰਨਾਕ ਸਾਬਤ ਹੋ ਰਿਹਾ ਹੈ। ਪਰ ਰਾਜਾ ਵੜਿੰਗ ਨੇ ਖਾੜਕੂਵਾਦ ਦੇ ਨਾਮ 'ਤੇ ਜ਼ਹਿਰੀਲਾ ਭਾਸ਼ਣ ਦੇ ਕੇ ਸਿੱਖਾਂ ਨੂੰ ਆਪਣੇ ਨਾਲੋਂ ਨਰਾਜ਼ ਕਰ ਲਿਆ ਹੈ, ਕਿਉਂਕਿ ਉਸ ਦੀ ਬਹੁਤੀ ਟੇਕ ਹਿੰਦੂ ਵੋਟਾਂ 'ਤੇ ਹੈ। ਜੇਕਰ 9 ਹਲਕਿਆਂ ਵਿਚ  ਕਾਂਗਰਸ ਦੇ ਵੱਡੇ ਆਗੂ ਡਟ ਕੇ ਰਾਜਾ ਵੜਿੰਗ ਨਾਲ ਮੈਦਾਨ ਵਿਚ ਖੜੇ ਰਹੇ ਤਾਂ ਸਚਮੁੱਚ ਹੀ ਬਠਿੰਡਾ ਅਕਾਲੀਆਂ ਲਈ 'ਡੇਂਜਰਜ਼' ਜ਼ੋਨ ਬਣ ਸਕਦਾ ਹੈ।
ਸਿਆਸੀ ਗਣਿਤ ਮੁਤਾਬਕ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਦੋਨਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ-ਹਾਰ ਦਾ ਆਧਾਰ ਚਾਰ ਹਲਕਿਆਂ 'ਤੇ ਸਿਰ ਉਪਰ ਖੜਾ ਹੈ। ਵੱਡੀ ਗੱਲ ਲੰਬੀ ਵਿਧਾਨ ਸਭਾ ਹਲਕੇ ਵਿਚ ਪਿਛਲੀ ਵਾਰ ਅਕਾਲੀ ਦਲ ਦੀ ਰਹੀ 35 ਹਜ਼ਾਰ ਵੋਟਾਂ ਦੀ ਲੀਡ ਵਿਚੋਂ ਰਾਜਾ ਵੜਿੰਗ ਕਿੰਨੀ ਤੋੜਣ ਵਿਚ ਸਫ਼ਲ ਰਹਿੰਦਾ ਹੈ। ਇਸੇ ਤਰਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਦੇ ਹੱਕ ਵਿਚ ਵਧੀ ਕਰੀਬ 30 ਹਜ਼ਾਰ ਵੋਟਾਂ ਨੂੰ ਅਕਾਲੀ ਦਲ ਕਿੰਨਾਂ ਘਟਾਉਣ ਵਿਚ ਸਫ਼ਲ ਰਹਿੰਦਾ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਹਲਕੇ ਵਿਚ ਅਕਾਲੀ ਦਲ ਨੂੰ ਮਿਲੀ 28 ਹਜ਼ਾਰ ਨਿਰਣਾਇਕ ਲੀਡ ਅਤੇ ਮਾਨਸਾ ਵਿਚ ਕਾਂਗਰਸ ਦੀ ਵਧੀ ਵੋਟ ਬੈਂਕ ਵੀ ਇਸ ਵਿਚ ਆਪਣੀ ਭੂਮਿਕਾ ਅਦਾ ਕਰੇਗੀ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਪਾਰਟੀ ਦਾ ਵੋਟ ਬੈਂਕ ਇਕਜੁਟ ਰੱਖਣ ਲਈ ਪੂਰੀ ਤਰ੍ਹਾਂ ਭੱਜ ਦੋੜ ਕਰ ਰਹੀ ਹੈ। ਹਾਲਾਂਕਿ ਕਈ ਟਿਕਟ ਦੇ ਦਾਅਵੇਦਾਰ ਰਹੇ ਆਗੂ ਉਨ੍ਹਾਂ ਦੀ ਚੋਣ ਮੁਹਿੰਮ ਠੰਢਾ ਉਤਸਾਹ ਦਿਖਾ ਰਹੇ ਹਨ। ਜਦੋਂ ਕਿ ਚੰਗਾ ਬੁਲਾਰਾ ਹੋਣ ਦੇ ਨਾਤੇ ਸੁਖਪਾਲ ਸਿੰਘ ਖ਼ਹਿਰਾ ਆਪ ਵਿਚ ਵੱਡਾ ਸੰਨ ਲਗਾਊਣ ਤੋਂ ਇਲਾਵਾ ਆਮ ਲੋਕਾਂ ਵਿਚ ਵੀ ਆਪਣੀ ਚੰਗੀ ਭੱਲ ਬਣਾ ਰਹੇ ਹਨ। ਹਲਕੇ ਦੇ ਸਿਆਸੀ ਉਤਰਾਅ-ਚੜਾਅ ਨੂੰ ਨੇੜੇ ਤੋਂ ਦੇਖਣ ਵਾਲਿਆਂ ਮੁਤਾਬਕ ਕਈ ਖੇਤਰਾਂ ਵਿਚ ਦੋਨਾਂ ਪਾਰਟੀਆਂ (ਅਕਾਲੀ-ਕਾਂਗਰਸ) ਦੇ ਅੰਦਰ ਆਗੂਆਂ ਤੇ ਵਰਕਰਾਂ ਦੀ ਆਪਸੀ ਖਹਿਬਾਜੀ ਦੇ ਚੱਲਦੇ ਖ਼ਹਿਰਾ ਭਾਰੀ ਪੈ ਸਕਦੇ ਹਨ।


ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਭਗਵੰਤ ਮਾਨ ਦਾ ਪਿੰਡ ਅਕਾਲਗੜ੍ਹ ਵਿੱਚ ਲੋਕਾਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਪਿੰਡ ਵਾਸੀਆਂ ਨੇ ਭਗਵੰਤ ਮਾਨ ਮੁਰਦਾਬਾਦ ਅਤੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਅਰੇ ਵੀ ਲਾਏ। ਪਰ ਭਗਵੰਤ ਮਾਨ ਨੇ ਉਲਟਾ ਰੋਡ ਸ਼ੋਅ ਕਰਦਿਆਂ ਲੋਕਾਂ ਦੇ ਰੋਸ ਦਾ ਸੁਆਗਤ ਕੀਤਾ।
ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਜਿਹੜੀ ਪੰਚਾਇਤ ਬਿਨ੍ਹਾਂ ਮੁਕਾਬਲਾਂ ਜਾਂ ਸਰਬਸੰਮਤੀ ਨਾਲ ਚੁਣੀ ਜਾਵੇਗੀ, ਉਸ ਨੂੰ ਪੰਜ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ ਪਰ ਉਹ ਪੰਚਾਇਤੀ ਚੋਣਾਂ ਤੋਂ ਬਾਅਦ ਇਸ ਪਿੰਡ ਵਿੱਚ ਨਹੀਂ ਵੜਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

ਪ੍ਰਨੀਤ ਕੌਰ ਨੂੰ ਕਾਲੀਆਂ ਝੰਡੀਆਂ ਦਿਖਾਉਣ 'ਤੇ ਚੱਲੇ ਇੱਟਾਂ-ਰੋੜੇ
ਹਲਕਾ ਸ਼ੁਤਰਾਣਾ ਦੇ ਪਿੰਡ ਕੁਲਾਰਾਂ ਵਿਚ  ਚੋਣ ਪ੍ਰਚਾਰ ਲਈ ਪੁੱਜੀ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਤੇ ਹਲਕਾ ਵਿਧਾਇਕ ਨਿਰਮਲ ਸਿੰਘ ਨੂੰ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਇਸ ਕਾਰਨ ਸਮਾਗਮ ਦੇ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਵਿਚਾਲੇ ਤਕਰਾਰ ਵੱਧ ਗਈ ਤੇ ਦੋਵਾਂ ਧਿਰਾਂ ਵਿਚਕਾਰ ਇੱਟਾਂ-ਰੋੜੇ ਵੀ ਚੱਲੇ ਜਿਸ ਨਾਲ 3 ਔਰਤਾਂ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ।

ਲੀਡਰਾਂ ਨੂੰ ਬਾਊਂਸਰਾਂ ਤੇ ਨਿਹੰਗ ਸਿੰਘਾਂ ਦਾ ਆਸਰਾ
ਕਾਲੀਆਂ ਝੰਡੀਆਂ ਤੋਂ ਡਰਦੇ ਲੋਕ ਸਭਾ ਚੋਣ ਮੈਦਾਨ ਵਿਚ ਕੁੱਦੇ ਉਮੀਦਵਾਰ ਹੁਣ 'ਯੂਥ ਬ੍ਰਿਗੇਡ' ਨਾਲ ਲੈ ਕੇ ਚੱਲਣ ਲੱਗੇ ਹਨ। ਕਈ ਆਗੂਆਂ ਨੇ ਬਾਊਂਸਰ ਵੀ ਲਏ ਹਨ।
ਵੇਰਵਿਆਂ ਅਨੁਸਾਰ ਸਾਬਕਾ ਚੇਅਰਮੈਨ ਸੁਖਰਾਜ ਸਿੰਘ ਨੱਤ ਨੇ ਹਿਫ਼ਾਜ਼ਤ ਲਈ ਤਿੰਨ ਬਾਊਂਸਰ ਰੱਖ ਲਏ ਹਨ। ਜਲੰਧਰ ਦੀ ਐੱਸ.ਐੱਨ.ਪੀ ਬਾਊਂਸਰਜ਼ ਕੰਪਨੀ ਦੇ  ਸੁਮਿਤ ਨੇ ਦੱਸਿਆ ਕਿ ਸਿਆਸੀ ਲੋਕਾਂ ਵੱਲੋਂ ਬਾਊਂਸਰਾਂ ਦੀ ਕਾਫ਼ੀ ਮੰਗੀ ਸੀ ਪ੍ਰੰਤੂ ਉਨ੍ਹਾਂ ਜੁਆਬ ਦੇ ਦਿੱਤਾ। ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਨੇ ਪਹਿਲਾਂ ਹੀ ਬਾਊਂਸਰ ਨਾਲ ਰੱਖੇ ਹੋਏ ਹਨ ਜਦੋਂ ਕਿ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨਾਲ ਯੂਥ ਬ੍ਰਿਗੇਡ ਹੈ। 
ਬਠਿੰਡਾ ਹਲਕੇ ਵਿੱਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਭਰਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਰਕਾਰੀ ਸੁਰੱਖਿਆ ਤੋਂ ਇਲਾਵਾ ਯੂਥ ਬ੍ਰਿਗੇਡ ਵੀ ਹੁੰਦੀ ਹੈ, ਇਹ ਵਿਸ਼ੇਸ਼ ਤੌਰ 'ਤੇ ਸੁਆਲ ਪੁੱਛਣ ਵਾਲਿਆਂ 'ਤੇ ਨਜ਼ਰ ਰੱਖਦੇ ਹਨ। ਫਰੀਦਕੋਟ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਨਾਲ ਪੱਕੇ ਤੌਰ 'ਤੇ ਪੰਜ ਛੇ ਨਿਹੰਗ ਸਿੰਘ ਹਮੇਸ਼ਾਂ ਨਾਲ ਹੁੰਦੇ ਹਨ। ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੀ ਆਪਣੇ ਨਾਲ ਯੂਥ ਬ੍ਰਿਗੇਡ ਲੈ ਕੇ ਚੱਲਦੇ ਹਨ।