ਬਾਦਲ ਦਲ ਜਥੇਬੰਦਕ ਤਬਦੀਲੀਆਂ ਦਾ ਦੌਰ ਸ਼ੁਰੂ ਕਰਨ ’ਵਿਚ ਰਿਹਾ ਅਸਫ਼ਲ

ਬਾਦਲ ਦਲ ਜਥੇਬੰਦਕ ਤਬਦੀਲੀਆਂ ਦਾ ਦੌਰ ਸ਼ੁਰੂ ਕਰਨ ’ਵਿਚ  ਰਿਹਾ ਅਸਫ਼ਲ

ਜਗਮੀਤ ਬਰਾੜ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਵਿਚ ਅਕਾਲੀ ਦਲ

*ਮੇਰੇ ਵਿਰੁੱਧ ਲਗਾਏ ਦੋਸ਼ ਬਿਲਕੁਲ ਬੇਬੁਨਿਆਦ-ਬਰਾੜ   

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਜਮਹੂਰੀਅਤ ਕਾਇਮ ਕਰਨ ਅਤੇ ਖੁੱਸੇ ਆਧਾਰ ਦੀ ਬਹਾਲੀ ਲਈ ਜਥੇਬੰਦਕ ਤਬਦੀਲੀਆਂ ਦੇ ਮਿਥੇ ਪ੍ਰੋਗਰਾਮ ਤੋਂ ਖੁੰਝਦਾ ਦਿਖਾਈ ਦੇ ਰਿਹਾ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋ ਕੁ ਮਹੀਨੇ ਪਹਿਲਾਂ ਜਥੇਬੰਦਕ ਢਾਂਚੇ ’ਵਿਚ ਵੱਡੀਆਂ ਤਬਦੀਲੀਆਂ ਦਾ ਐਲਾਨ ਕਰਦਿਆਂ ਨਵੰਬਰ ਤੱਕ ਇਹ ਪ੍ਰਕਿਰਿਆ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ਅਤੇ ਹਲਕਾਵਾਰ ਨਿਗਰਾਨਾਂ ਦੀਆਂ ਨਿਯੁਕਤੀਆਂ ਤਾਂ ਕਰ ਦਿੱਤੀਆਂ ਗਈਆਂ ਪਰ ਪਾਰਟੀ ਦੀਆਂ ਚੋਣਾਂ ਦਾ ਅਮਲ ਹੁਣ ਤੱਕ ਸ਼ੁਰੂ ਨਹੀਂ ਕੀਤਾ ਗਿਆ। ਮਹੱਤਵਪੂਰਨ ਤੱਥ ਇਹ ਹੈ ਕਿ ਅਕਾਲੀ ਦਲ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਹੋਏ ਨੂੰ ਦੋ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਪਾਰਟੀ ਵੱਲੋਂ ਪਿਛਲੇ ਦਿਨਾਂ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ, ਜਿਨ੍ਹਾਂ ਵਿੱਚ ਦਿੱਲੀ ਦੇ ਸਿੱਖ ਆਗੂਆਂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਸਮਝੌਤਾ ਅਤੇ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ’ਵਿਚ ਉਲੀਕਿਆ ਜਾਣ ਵਾਲਾ ਪ੍ਰੋਗਰਾਮ ਸ਼ਾਮਲ ਹੈ। ਇਨ੍ਹਾਂ ਮਸਲਿਆਂ ਬਾਰੇ ਪਾਰਟੀ ਪੱਧਰ ’ਤੇ ਕਿਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਗਈਆਂ, ਇਸ ਸਬੰਧੀ ਸਮੁੱਚੀ ਲੀਡਰਸ਼ਿਪ ਹਨੇਰੇ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ, ਜੋ ਕਿ ਨਵੰਬਰ ਵਿੱਚ ਹੋਣੀ ਹੈ, ਲਈ ਵੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਦੇ ਮੈਂਬਰਾਂ ਨਾਲ ਵਿਚਾਰਾਂ ਕਰਨੀਆਂ ਤਾਂ ਸ਼ੁਰੂ ਕਰ ਦਿੱਤੀਆਂ ਹਨ ਪਰ ਲੀਡਰਸ਼ਿਪ ਵੱਲੋਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ, ਇਸ ਸਬੰਧੀ ਕੋਈ ਸਥਿਤੀ ਸਾਹਮਣੇ ਨਹੀਂ ਆ ਰਹੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਹੈ ਕਿ ਇਸ ਸਮੇਂ ਅਕਾਲੀ ਦਲ ਦੀਆਂ ਸਮੁੱਚੀਆਂ ਗਤੀਵਿਧੀਆਂ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ ਤੇ ਜੇ ਕੋਈ ਕਮੇਟੀ ਸਰਗਰਮ ਹੈ ਤਾਂ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਅਨੁਸਾਸ਼ਨੀ ਕਮੇਟੀ ਹੀ ਹੈ। ਪੰਜਾਬ ’ਚ ਪੰਜ ਸਾਲਾਂ ਦੇ ਵਕਫ਼ੇ ਦੌਰਾਨ ਹੀ ਦੋ ਵਿਧਾਨ ਸਭਾ ਅਤੇ ਇੱਕ ਸੰਸਦੀ ਚੋਣ ’ਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਅਕਾਲੀ ਦਲ ਪੂਰੀ ਤਰ੍ਹਾਂ ਸੰਕਟ ’ਵਿਚ ਘਿਰਿਆ ਹੋਇਆ ਦਿਖਾਈ ਦੇ ਰਿਹਾ ਹੈ। ਪਾਰਟੀ ਦੀ ਲੀਡਰਸ਼ਿਪ ਵੀ ਨਮੋਸ਼ੀ ਭਰੇ ਮਹੌਲ ’ਵਿਚ ਲੰਘ ਰਹੀ ਹੈ। ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਬਣਾਈ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੈਦਾ ਹੋਏ ਹਾਲਾਤ ਨੇ ਤਾਂ ਸੰਕਟ ਨੂੰ ਡੂੰਘਾ ਕੀਤਾ ਦਿਖਾਈ ਦੇ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵੱਲੋਂ ਜ਼ਿਲ੍ਹਾ ਤੇ ਵਿਧਾਨ ਸਭਾ ਹਲਕਾਵਾਰ ਨਿਗਰਾਨਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਇਹ ਨਿਯੁਕਤੀਆਂ ਜਥੇਬੰਦਕ ਚੋਣਾਂ ਦਾ ਮੁੱਢ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਮੰਨਿਆ ਕਿ ਨਵੰਬਰ ਮਹੀਨੇ ਦੀ ਮਿਥੀ ਗਈ ਸਮਾਂ ਸੀਮਾ ਤੱਕ ਜਥੇਬੰਦਕ ਚੋਣਾਂ ਸੰਭਵ ਨਹੀਂ ਪਰ ਪਾਰਟੀ ਵੱਲੋਂ ਇਨ੍ਹਾਂ ਤਬਦੀਲੀਆਂ ਲਈ ਤਿਆਰੀਆਂ ਜਾਰੀ ਹਨ।ਅਕਾਲੀ ਦਲ ਹਾਈਕਮਾਨ ਸੀਨੀਅਰ ਆਗੂ ਜਗਮੀਤ ਬਰਾੜ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੇ ਰੌਂਅ ਵਿਚ ਹੈ। ਪਾਰਟੀ ਵਲੋਂ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਕ ਹਫਤੇ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਹੈ। ਇਹ ਨੋਟਿਸ ਪਾਰਟੀ ਵਿਰੋਧੀ ਗਤੀਵਿਧੀਆਂ, ਲਗਾਤਾਰ ਪਾਰਟੀ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦੇ ਚੱਲਦੇ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਕਾਰਨ ਦੱਸੋ ਨੋਟਿਸ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਜਾਰੀ ਕੀਤਾ ਹੈ।

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਜਗਮੀਤ ਬਰਾੜ ਵਲੋਂ ਲਗਾਤਾਰ ਪਾਰਟੀ ਵਿਰੋਧੀ ਨਾ ਸਿਰਫ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਸਗੋਂ ਪਾਰਟੀ ਲੀਡਰਿਸ਼ਪ ’ਤੇ ਵੀ ਸਵਾਲ ਚੁੱਕੇ ਜਾ ਰਹੇ ਸਨ, ਜਿਸ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਚੱਲ ਰਹੀ ਸੀ। ਹੁਣ ਜਦੋਂ ਅਕਾਲੀ ਦਲ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਬਰਾੜ ਨੂੰ ਇਕ ਹਫਤੇ ਵਿਚ ਜਵਾਬ ਦੇਣ ਲਈ ਆਖਿਆ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਜਗਮੀਤ ਬਰਾੜ ਦਾ ਇਸ ’ਤੇ ਕੀ ਪ੍ਰਤੀਕਰਮ ਹੁੰਦਾ ਹੈ।

ਦੱਸਣਯੋਗ ਹੈ ਕਿ ਜਗਮੀਤ ਬਰਾੜ ਨੇ 10 ਅਕਤੂਬਰ ਨੂੰ ਕੋਆਰਡੀਨੇਸ਼ਨ ਕਮੇਟੀ ਦਾ ਐਲਾਨ ਕੀਤਾ ਸੀ। ਬਰਾੜ ਨੇ 21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੂੰਦੜ, ਰਵੀ ਇੰਦਰ ਸਿੰਘ, ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ 11 ਹੋਰ ਵੱਡੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। 

ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਵਲੋਂ ਬਣਾਈ ਗਈ ਕੋਆਰਡੀਨੇਸ਼ਨ ਕਮੇਟੀ ਨੂੰ ਖਾਰਜ ਕਰ ਦਿੱਤਾ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਆਖਿਆ ਸੀ ਕਿ ਜਗਮੀਤ ਬਰਾੜ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਾਰਟੀ ਦੀ ਤਾਲਮੇਲ ਕਮੇਟੀ ਬਣਾ ਸਕਣ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਪੱਸ਼ਟ ਕਰਦਾ ਹੈ ਕਿ ਅਸੀਂ ਨਾ ਤਾਂ ਕੋਈ ਤਾਲਮੇਲ ਕਮੇਟੀ ਬਣਾਈ ਹੈ ਅਤੇ ਨਾ ਹੀ ਕਿਸੇ ਨੂੰ ਕਮੇਟੀ ਬਨਾਉਣ ਦਾ ਅਧਿਕਾਰ ਦਿੱਤਾ ਹੈ। ਅਕਾਲੀ ਦਲ ਬਰਾੜ ਵਲੋਂ ਬਣਾਈ ਗਈ ਤਾਲਮੇਲ ਕਮੇਟੀ ਨੂੰ ਖਾਰਜ ਕਰਦਾ ਹੈ।ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵਲੋਂ ਜਾਰੀ ਨੋਟਿਸ 'ਵਿਚ ਕਿਹਾ ਗਿਆ ਹੈ ਕਿ ਬੀਤੇ ਦਿਨੀਂ 10 ਅਕਤੂਬਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਕੀਤੀ ਪ੍ਰੈਸ ਕਾਨਫ਼ਰੰਸ 'ਵਿਚ ਤੁਸੀਂ (ਜਗਮੀਤ ਸਿੰਘ ਬਰਾੜ) ਆਪਣੇ ਆਪ ਨੂੰ 21 ਮੈਂਬਰੀ ਤਾਲਮੇਲ ਕਮੇਟੀ ਦਾ ਕਨਵੀਨਰ ਨਿਯੁਕਤ ਕਰ ਲਿਆ, ਹਾਲਾਂਕਿ ਇਸ ਵਾਸਤੇ ਪਾਰਟੀ ਵਲੋਂ ਤੁਹਾਨੂੰ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਸੀ ਤੇ ਤੁਹਾਨੂੰ ਅਧਿਕਾਰਤ ਪਲੇਟਫ਼ਾਰਮ 'ਤੇ ਹੀ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਸਨ ।ਦੂਸਰਾ ਮੌੜ ਹਲਕੇ ਦੇ ਪਾਰਟੀ ਵਰਕਰਾਂ ਵਲੋਂ ਤੁਹਾਡੇ ਵਲੋਂ ਦਿੱਤੇ ਬੇਲੋੜੇ ਬਿਆਨਾਂ ਦੀ ਸ਼ਿਕਾਇਤ ਕੀਤੀ ਹੈ ਤੇ ਤੀਸਰਾ ਤੁਹਾਡੇ ਵਲੋਂ ਵੀਡੀਓ ਬਿਆਨ ਜੋ ਤੁਸੀਂ ਸੋਸ਼ਲ ਮੀਡੀਆ 'ਵਿਚ ਪੋਸਟ ਕੀਤੇ ਗਏ ਜੋ ਕਿ ਪਾਰਟੀ 'ਵਿਚ ਵੰਡੀਆਂ ਪਾਉਣ ਲਈ ਉਤਸ਼ਾਹਿਤ ਕਰਦੇ ਹਨ । ਇਸ ਕਰਕੇ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ | ਬਰਾੜ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਕ ਹਫ਼ਤੇ ਦੇ ਵਿਚ ਜੁਆਬ ਨਾ ਦਿੱਤਾ ਗਿਆ ਤਾਂ ਤੁਹਾਡੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

ਇਸ ਸੰਬੰਧੀ ਜਗਮੀਤ ਸਿੰਘ ਬਰਾੜ ਨੇ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦਿਆਂ ਕਿਹਾ ਕਿ ਮੈਂ ਕਦੀ ਵੀ ਆਪਣੇ ਆਪ ਨੂੰ ਕਨਵੀਨਰ ਨਹੀਂ ਕਿਹਾ ਤੇ ਦੂਸਰੇ ਮੇਰੇ ਵਿਰੁੱਧ ਇਹ ਕਾਹਲੀ ਤੇ ਬੇਸਮਝੀ ਨਾਲ ਲਿਆ ਫ਼ੈਸਲਾ ਹੈ, ਜੋ ਕਿ ਬਹੁਤ ਖ਼ਤਰਨਾਕ ਸਾਬਿਤ ਹੋਵੇਗਾ ।ਬਰਾੜ ਨੇ ਕਿਹਾ ਕਿ ਇਹ ਇਸ ਕਰਕੇ ਵੀ ਨੋਟਿਸ ਮੈਨੂੰ ਜਾਰੀ ਕੀਤਾ ਗਿਆ ਕਿ 21 ਮੈਂਬਰੀ ਕਮੇਟੀ ਦੀ ਮੀਟਿੰਗ, ਜੋ ਕਿ ਥੋੜ੍ਹੇ ਦਿਨਾਂ 'ਵਿਚ ਅਕਾਲੀ ਦਲ ਦੀ ਏਕਤਾ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਸੀ, ਨਾ ਹੋ ਸਕੇ ।ਬਰਾੜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਜੇ ਨੋਟਿਸ ਨਹੀਂ ਮਿਲਿਆ, ਜਦੋਂ ਮਿਲਿਆ ਜਵਾਬ ਦੇਵਾਂਗਾ ।