ਹਲਕਾ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਤੀਸਰੀ ਵਾਰ ਬਣੇ ਵਿਧਾਇਕ ਭੁਲੱਥ ਦੀ ਜਨਤਾ ਨੇ ਖਹਿਰਾ ਨਾਲ ਭਾਰੀ ਹਮਦਰਦੀ ਦਾ ਦਿੱਤਾ ਸਬੂਤ

ਹਲਕਾ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਤੀਸਰੀ ਵਾਰ ਬਣੇ ਵਿਧਾਇਕ  ਭੁਲੱਥ ਦੀ ਜਨਤਾ ਨੇ ਖਹਿਰਾ ਨਾਲ ਭਾਰੀ ਹਮਦਰਦੀ ਦਾ ਦਿੱਤਾ ਸਬੂਤ

ਅੰਮ੍ਰਿਤਸਰ times

ਭੁਲੱਥ, 10 ਮਾਰਚ (ਧਵਨ / ਅਜੈ ਗੋਗਨਾ )—ਵਿਧਾਨ ਸਭਾ ਚੋਣਾ ਪੰਜਾਬ ਦੇ ਆਏ ਨਤੀਜਿਆਂ ਨੇ ਕਈ ਉਮੀਦਵਾਰਾਂ ਦੇ ਚਿਹਰਿਆਂ ਤੇ ਖੁੱਸ਼ੀ ਤੇ ਕਈਆਂ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਅਤੇ ਵੱਡੀਆਂ ਸਿਆਸੀ ਸ਼ਖਸੀਅਤਾਂ ਦੀ ਹਾਰ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਇਸ ਵਾਰ ਬਦਲ ਦੀ ਲਹਿਰ ਬੇਹੱਦ ਸੰਘਣੀ ਸੀ। ਗੱਲ ਹਲਕਾ ਭੁਲੱਥ ਦੀ ਕਰੀਏ ਤਾਂ ਇੱਥੇ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਉਮੀਦਵਾਰ ਬਾਕੀ ਉਮਦੀਵਾਰਾਂ ਤੋ 9225 ਵੋਟਾਂ ਦੇ ਅੰਕੜੇ ਨਾਲ ਹਲਕੇ ਤੋ ਜਿੱਤ ਹਾਸਲ ਕੀਤੀ ਹੈ। ਇੱਥੇ ਹਲਕੇ ਤੋ ਸ੍ਰੋਮਣੀ ਅਕਾਲੀ ਦਲ ਦੇ ਉਮਦੀਵਾਰ ਬੀਬੀ ਜਗੀਰ ਕੌਰ ਦੂਜੇ ਸਥਾਨ ਅਤੇ ਆਪ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਤੀਜੇ ਸਥਾਨ ਤੇ ਰਹੇ । ਇਸ ਤੋ ਇਲਾਵਾ ਹਲਕੇ ਤੋਂ ਖਾਸ ਇਹ ਦੇਖਣ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਉਮੀਦਵਾਰ ਰਜਿੰਦਰ ਸਿੰਘ ਫੋਜੀ ਨੂੰ ਹਲਕਾ ਭੁਲੱਥ ਤੋਂ 2017 ਵਿੱਚ ਕਰੀਬ ਵੋਟਾਂ 708 ਹਾਸਲ ਹੋਈਆਂ ਸਨ ਪ੍ਰਤੂੰ ਇਸ ਵਾਰ ਰਜਿੰਦਰ ਸਿੰਘ ਫੋਜੀ ਨੂੰ ਪਿਛਲੀ ਵਾਰ ਤੋ ਬਹੁ ਮਾਤਰਾ ਨਾਲ 7578 ਵੋਟਾਂ ਮਿਲੀਆਂ, ਹਲਕੇ ਵਿੱਚ ਚੋਥਾ ਸਥਾਨ ਤੇ ਪਹੁੰਚੇ ਹਨ। ਇੱਥੇ ਇਹ ਵੀ ਜਿਕਰ ਕਰਨ ਯੋਗ ਹੈ ਕਿ ਹਲਕਾ ਭੁਲੱਥ ਤੋਂ ਅਜਾਦ ਉਮੀਦਵਾਰ ਗੁਰਵਿੰਦਰ ਸਿੰਘ ਬਾਜਵਾ ਨੇ ਅਦਾਕਾਰ ਦੀਪ ਸਿੱਧੂ ਦੇ ਦੇਂਹਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਨੂੰ ਸਮਰਥਨ ਦੇ ਦਿੱਤਾ ਸੀ। ਸੁਖਪਾਲ ਸਿੰਘ ਖਹਿਰਾ ਬਾਰੇ ਚਾਨਣਾ ਪਾਈਏ ਤਾਂ ਖਹਿਰਾ 2022 ਵਿਧਾਨ ਸਭਾ ਚੋਣਾਂ ਤੋ ਛੇ ਮਹੀਨੇ ਪਹਿਲਾ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ ਅਤੇ ਖਹਿਰਾ ਪਹਿਲੀ ਵਾਰ ਕਾਂਗਰਸ ਤੋਂ ਸਾਲ 2007 ਜੇਤੂ, ਦੂਜੀ ਵਾਰ ਆਮ ਆਦਮੀ ਪਾਰਟੀ ਤੋੰ ਸਾਲ 2017 ਜੇਤੂ ਅਤੇ ਹੁਣ ਸਾਲ 2022 ਤੀਸਰੀ ਵਾਰ ਕਾਂਗਰਸ ਤੋਂ ਹਲਕਾ ਭੁਲੱਥ ਤੋਂ ਜੇਤੂ ਬਣੇ ਹਨ। ਸੁਖਪਾਲ ਸਿੰਘ ਖਹਿਰਾ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ ਕੱਟਦੇ ਦੋਰਾਨ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ਤੇ ਉਨ੍ਹਾਂ ਦਾ ਪਰਿਵਾਰ ਖਹਿਰਾ ਦੀ ਗੈਰ-ਹਾਜਰੀ ਵਿੱਚ ਕਾਫੀ ਯਤਨ ਕਰਦੇ ਸਾਹਮਣੇ ਆਇਆ ਸੀ ਤੇ ਖਹਿਰਾ ਨੂੰ ਭੁਲੱਥ ਦੀ ਜਨਤਾ ਵੱਲੋਂ ਕਾਫੀ ਹਮਦਰਦੀ ਮਿਲੀ ਸੀ, ਜਿਸਦਾ ਸਬੂਤ ਖਹਿਰਾ ਦੀ ਹੋਈ ਜਿੱਤ ਨੇ ਦਿੱਤਾ ਹੈ। ਹਲਕਾ ਭੁਲੱਥ ਦੇ ਕਈ ਵੋਟਰਾਂ ਦਾ ਕਹਿਣਾ ਹੈ ਕਿ ਅਸੀ ਕਾਂਗਰਸ ਪਾਰਟੀ ਤੋ ਉੱਪਰ ਉੱਠ ਖਹਿਰਾ ਦੇ ਕਿਰਦਾਰ ਨੂੰ ਵੋਟ ਪਾਈ ਹੈ। ਇਸ ਜਿੱਤ ਮੋਕੇ ਹਲਕਾ ਭੁਲੱਥ ਦੇ ਵੋਟਰਾਂ ਤੇ ਖਹਿਰਾ ਸਮਰਥਕਾ ਵੱਲੋਂ ਖਹਿਰਾ ਨੂੰ ਢੇਰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਖਹਿਰਾ ਨੇ ਹੱਥ ਜੋੜ ਵੋਟਰਾਂ ਦਾ ਧੰਨਵਾਦ ਕੀਤਾ।