ਸ਼ਰਾਬ ਤਸਕਰੀ ਕੇਸ ’ਚ ਮੁਲਜ਼ਮ ਦੀ ਥਾਂ ਭਰਾ ਜੇਲ੍ਹ ’ਚ ਡੱਕਿਆ

ਸ਼ਰਾਬ ਤਸਕਰੀ ਕੇਸ ’ਚ ਮੁਲਜ਼ਮ ਦੀ ਥਾਂ ਭਰਾ ਜੇਲ੍ਹ ’ਚ ਡੱਕਿਆ

ਨਿਹਾਲ ਸਿੰਘ ਵਾਲਾ: ਪੁਲੀਸ ਨੇ ਸ਼ਰਾਬ ਤਸਕਰੀ ਦੇ ਕੇਸ ’ਚ ਅਦਾਲਤ ’ਚੋਂ ਗੈਰਹਾਜ਼ਰ ਮੁਲਜ਼ਮ ਦੀ ਥਾਂ ਉਸ ਦੇ ਭਰਾ ਨੂੰ ਹੀ ਜੇਲ੍ਹ ’ਚ ਡੱਕ ਦਿੱਤਾ। ਡੇਢ ਸਾਲ ਮਗਰੋਂ ਭਰਾ ਦੇ ਸ਼ਰਾਬ ਤਸਕਰੀ ਕੇਸ ’ਚ ਫੜੇ ਜਾਣ ਉੱਤੇ ਜੇਲ੍ਹ ’ਚ ਆਈਡੀ ਬਣਾਉਣ ਸਮੇਂ ਆਧਾਰ ਕਾਰਡ ਤੋਂ ਫਿੰਗਰ ਪ੍ਰਿੰਟ ਹਾਸਲ ਕੀਤੇ ਤਾਂ ਸਾਰਾ ਭੇਤ ਖੁੱਲ੍ਹ ਗਿਆ। ਥਾਣਾ ਨਿਹਾਲ ਸਿੰਘ ਵਾਲਾ ’ਚ ਦੋਵਾਂ ਭਰਾਵਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਪਾਉਣ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਸਬ-ਜੇਲ੍ਹ, ਮੋਗਾ ਦੀ ਸ਼ਿਕਾਇਤ ਉੱਤੇ ਦੋ ਭਰਾਵਾਂ ਰਾਜਿੰਦਰ ਕੁਮਾਰ ਅਤੇ ਜਸਵਿੰਦਰ ਕੁਮਾਰ ਪਿੰਡ ਦੀਨਾ ਸਾਹਿਬ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਬੜਾ ਗੰਭੀਰ ਹੈ ਤੇ ਲਾਪ੍ਰਵਾਹੀ ਦੋਸ਼ ਹੇਠ ਸਬੰਧਤ ਪੁਲੀਸ ਮੁਲਾਜਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਪੁਲੀਸ ਮੁਤਾਬਕ ਮੁਲਜ਼ਮ ਜਸਵਿੰਦਰ ਕੁਮਾਰ ਖ਼ਿਲਾਫ਼ 30 ਜਨਵਰੀ 2016 ਨੂੰ ਥਾਣਾ ਨਿਹਾਲ ਸਿੰਘ ਵਾਲਾ ’ਚ ਆਬਕਾਰੀ ਐਕਟ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ’ਚ ਪੁਲੀਸ ਨੇ ਆਪਣੇ ਪੱਧਰ ’ਤੇ ਹੀ ਜ਼ਮਾਨਤ ਮਨਜ਼ੂਰ ਕਰ ਲਈ ਅਤੇ ਮਗਰੋਂ ਮੁਲਜ਼ਮ ਵਿਦੇਸ਼ (ਮਲੇਸ਼ੀਆ) ਚਲਾ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ (ਐੱਸਡੀਜੇਐੱਮ) ਨਿਹਾਲ ਸਿੰਘ ਵਾਲਾ ਦੀ ਅਦਾਲਤ ’ਚ 23 ਮਾਰਚ 2017 ਨੂੰ ਦੋਸ਼ ਪੱਤਰ ਦਾਇਰ ਕਰ ਦਿੱਤਾ। ਪੇਸ਼ੀ ਤੋਂ ਗ਼ੈਰਹਾਜ਼ਰ ਹੋਣ ਕਰਕੇ ਅਦਾਲਤ ਨੇ 12 ਦਸੰਬਰ 2017 ਨੂੰ ਮੁਲਜ਼ਮ ਜਸਵਿੰਦਰ ਕੁਮਾਰ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਇਸ ’ਤੇ ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ 4 ਜਨਵਰੀ 2018 ਨੂੰ ਮੁਲਜ਼ਮ ਜਸਵਿੰਦਰ ਕੁਮਾਰ ਦੀ ਥਾਂ ਉਸ ਦੇ ਭਰਾ ਰਾਜਿੰਦਰ ਕੁਮਾਰ ਉਰਫ਼ ਕੋਕੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਡੱਕ ਦਿੱਤਾ ਅਤੇ ਤਕਰੀਬਨ 25 ਦਿਨ ਜੇਲ੍ਹ ’ਚ ਰਹਿਣ ਮਗਰੋਂ 29 ਜਨਵਰੀ 2018 ਨੂੰ ਅਦਾਲਤ ’ਚੋਂ ਜ਼ਮਾਨਤ ਮਿਲਣ ਮਗਰੋਂ ਰਿਹਾਅ ਹੋਇਆ। ਪੁਲੀਸ ਦਾ ਦਾਅਵਾ ਕਰ ਰਹੀ ਹੈ ਕਿ ਰਾਜਿੰਦਰ ਕੁਮਾਰ ਕੋਕੀ ਨੇ ਜਾਣ-ਬੁੱਝ ਕੇ ਹੀ ਆਪਣੇ ਆਪ ਨੂੰ ਜਸਵਿੰਦਰ ਕੁਮਾਰ ਦੱਸਿਆ ਸੀ ਜਦਕਿ ਨਿਹਾਲ ਸਿੰਘ ਵਾਲਾ ਪੁਲੀਸ ਨੇ ਉਸੇ ਦਿਨ 30 ਜਨਵਰੀ 2016 ਨੂੰ ਰਾਜਿੰਦਰ ਕੁਮਾਰ ਨੂੰ ਵੀ 12 ਬੋਤਲਾਂ ਦੇਸ਼ੀ ਠੇਕਾ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਇਸ ਮਗਰੋਂ ਜਸਵਿੰਦਰ ਕੁਮਾਰ ਦੇ ਨਾਂ ’ਤੇ ਜੇਲ੍ਹ ’ਚ ਰਹਿਣ ਵਾਲੇ ਰਾਜਿੰਦਰ ਕੁਮਾਰ ਉਰਫ਼ ਕੋਕੀ ਕੋਲੋਂ ਨਿਹਾਲ ਸਿੰਘ ਵਾਲਾ ਪੁਲੀਸ ਨੇ 10 ਜੁਲਾਈ 2019 ਨੂੰ 4 ਪੇਟੀਆਂ ਸ਼ਰਾਬ ਬਰਾਮਦ ਕੀਤੀ ਅਤੇ ਅਦਾਲਤ ’ਚ ਪੇਸ਼ ਕਰਨ ਮਗਰੋਂ ਸਬ ਜੇਲ੍ਹ, ਮੋਗਾ ’ਚ 11 ਜੁਲਾਈ ਨੂੰ ਬੰਦ ਕਰਵਾਇਆ। ਸਬ ਜੇਲ੍ਹ, ਮੋਗਾ ਦੇ ਸੁਪਰਡੈਂਟ ਨੇ ਪੁਲੀਸ ਵਿਭਾਗ ਨੂੰ ਲਿਖੇ ਪੱਤਰ ’ਚ ਕਿਹਾ ਕਿ ਜਦੋਂ ਨਿਯਮਾਂ ਅਨੁਸਾਰ ਮੁਲਜ਼ਮ ਦੀ ਪਾਈਸ ਸਾਫਟਵੇਅਰ ਦੀ ਆਈਡੀ ਬਣਾਉਣ ਲਈ ਮੁਲਜ਼ਮ ਦਾ ਚਿਹਰਾ ਸਕੈਨ ਕੀਤਾ ਤਾਂ ਸਾਫਟਵੇਅਰ ਨੇ ਜਸਵਿੰਦਰ ਕੁਮਾਰ ਦਾ ਅਸਲ ਡਾਟਾ ਪੇਸ਼ ਕਰ ਦਿੱਤਾ ਅਤੇ ਸਾਰਾ ਭੇਤ ਖੁੱਲ੍ਹ ਗਿਆ। ਜੇਲ੍ਹ ਸੁਪਰਡੈਂਟ ਦੇ ਪੱਤਰ ’ਤੇ ਪੁਲੀਸ ਨੇ 3 ਮਹੀਨੇ ਦੀ ਜਾਂਚ ਪੜਤਾਲ ਮਗਰੋਂ ਦੋਵਾਂ ਭਰਾਵਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।