ਪੰਜਾਬ ਚੋਣਾਂ ਦੌਰਾਨ ਬਹੁਕੋਣੇ ਮੁਕਾਬਲੇ ਦਲਿਤ ਵੋਟਰਾਂ ਦਾ ਵਧ ਝੁਕਾਅ ਕਾਂਗਰਸ ਵਲ

ਪੰਜਾਬ ਚੋਣਾਂ ਦੌਰਾਨ ਬਹੁਕੋਣੇ ਮੁਕਾਬਲੇ ਦਲਿਤ ਵੋਟਰਾਂ ਦਾ ਵਧ ਝੁਕਾਅ ਕਾਂਗਰਸ ਵਲ

*ਦਲਿਤ ਸਮਾਜ ਮੁੱਖ ਮੰਤਰੀ ਚੰਨੀ ਕਾਰਨ ਕਾਂਗਰਸ ਨੂੰ ਭੁਗਤਣ ਦੀ ਸੰਭਾਵਨਾ

ਅੰਮ੍ਰਿਤਸਰ ਟਾਈਮਜ਼

 ਜਲੰਧਰ:ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਬਹੁਕੋਣੀ ਹੈ। ਇਨ੍ਹਾਂ ਚੋਣਾਂ ਵਿੱਚ ਦਲਿਤ ਭਾਈਚਾਰੇ ਦੀਆਂ ਵੋਟਾਂ ਬਾਰੇ ਚਰਚਾ ਚੱਲ ਰਹੀ ਹੈ ਕਿ ਦਲਿਤ ਭਾਈਚਾਰਾ ਇਸ ਵਾਰ ਇਹ ਕਿਸ ਪਾਸੇ ਝੁਕੇਗਾ।ਪੰਜਾਬ ਵਿੱਚ ਦਲਿਤ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਤਾਂ ਚਲੀ  ਹੈ, ਪਰ ਦਲਿਤਾਂ ਦੇ ਮੁੱਦੇ ਕਿੱਧਰੇ ਚਰਚਾ ਵਿੱਚ ਨਹੀਂ ਦਿਖ ਰਹੇ।ਭਾਵੇਂ ਭਾਜਪਾ ਨੇ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੇ ਐਲਾਨ ਦੀ ਸ਼ੁਰੂਆਤ ਕੀਤੀ ਅਤੇ ਅਕਾਲੀ ਦਲ ਨੇ ਦਲਿਤ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਕੇ ਇਸ ਨੂੰ ਹੋਰ ਹਵਾ ਦਿੱਤੀ।ਪਰ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਆਪਣੀ ਤਰਫ਼ੋਂ ਮਾਸਟਰ ਸਟਰੋਕ ਖੇਡ ਦਿੱਤਾ।ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ 32 ਫ਼ੀਸਦੀ ਦਲਿਤ ਭਾਈਚਾਰੇ ਨੂੰ ਆਪਣੇ ਪੱਖ਼ ਵਿੱਚ ਕਰਨ ਲਈ ਸਾਰੀਆਂ ਰਵਾਇਤੀ ਤੇ ਨਵੀਆਂ ਪਾਰਟੀਆਂ ਜੱਦੋਜਹਿਦ ਵਿੱਚ ਲੱਗੀਆਂ ਹੋਈਆਂ ਹਨ।

ਵੰਡਿਆ ਹੋਇਆ ਦਲਿਤ ਭਾਈਚਾਰਾ 

ਪੰਜਾਬ ਦਾ ਦਲਿਤ ਭਾਈਚਾਰਾ ਮੁੱਖ ਤੌਰ ਉੱਤੇ 4 ਤਰੀਕੇ ਨਾਲ ਵੰਡਿਆ ਨਜ਼ਰ ਆਉਂਦਾ ਹੈ।ਪਹਿਲਾ ਧਰਮ ਦੇ ਅਧਾਰ ਉੱਤੇ, ਦੂਜਾ ਸਿਆਸੀ ਵਿਚਾਰਧਾਰਾ, ਤੀਜਾ ਖੇਤਰੀ ਅਧਾਰ ਅਤੇ ਚੌਥਾ ਜਾਤ ਆਧਾਰਿਤ।ਸਮਾਜਿਕ ਨਿਆਂ ਅਤੇ ਭਲਾਈ ਮੰਤਰਾਲੇ ਦੀ 2018 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਦਲਿਤਾਂ ਦੀਆਂ 39 ਸਬ ਕਾਸਟਾਂ ਹਨ।ਧਰਮ ਦੇ ਅਧਾਰ ਉੱਤੇ ਦੇਖਿਆ ਜਾਵੇ ਤਾਂ ਦਲਿਤ 5 ਧਰਮਾਂ ਵਿੱਚ ਵੰਡੇ ਹੋਏ ਹਨ, ਇਹ ਹਨ ਸਿੱਖ, ਹਿੰਦੂ, ਇਸਾਈ, ਮੁਸਲਿਮ ਅਤੇ ਬੋਧੀ।ਪੰਜਾਬ ਵਿਚ ਦਲਿਤ ਸਿਖਾਂ ਦੀ ਬਹੁਗਿਣਤੀ ਹੈ।ਇਨ੍ਹਾਂ ਧਰਮਾਂ ਤੋਂ ਇਲਾਵਾ ਰਮਦਾਸੀਆ, ਆਦਿ ਧਰਮੀ, ਕਬੀਰਪੰਥੀ, ਬਾਲਮੀਕੀ, ਰਾਧਾ ਸਵਾਮੀ ਅਤੇ ਹੋਰ ਕਈ ਸਥਾਨਕ ਪੰਥ ਤੇ ਡੇਰੇ ਵੀ ਹਨ।ਹੁਣ ਤਕ ਪੰਜਾਬ ਵਿੱਚ ਦਲਿਤ ਭਾਈਚਾਰੇ ਵਿੱਚ ਕਾਂਗਰਸ ਦਾ ਮਜ਼ਬੂਤ ਅਧਾਰ ਰਿਹਾ ਹੈ, ਪਰ ਬਸਪਾ  ਨੇ ਕਿਸੇ ਸਮੇਂਕਾਂਗਰਸ ਨੂੰ ਚੰਗਾ ਖੋਰਾ ਲਾਇਆ।ਇਸ ਤੋਂ ਇਲਾਵਾ ਅਕਾਲੀ ਦਲ ਅਤੇ ਹੁਣ ਆਪ  ਪਾਰਟੀ ਵਿੱਚ ਵੀ ਇਨ੍ਹਾਂ ਦੀ ਜ਼ਿਕਰਯੋਗ ਨੁਮਾਇੰਦਗੀ ਹੈ।ਪੰਜਾਬ ਦੀ ਕੋਈ ਅਜਿਹੀ ਸਿਆਸੀ ਪਾਰਟੀ ਨਹੀਂ ਹੈ, ਜਿਸ ਵਿੱਚ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਨਾ ਹੋਵੇ।

ਅਬਾਦੀ ਦੇ ਹਿਸਾਬ ਨਾਲ ਵੀ ਦਲਿਤ ਭਾਈਚਾਰੇ ਦਾ ਫ਼ਰਕ ਸਾਫ਼ ਨਜ਼ਰ ਆਉਂਦਾ ਹੈ। ਦਲਿਤਾਂ ਦੀ ਅਬਾਦੀ ਫ਼ੀਸਦ ਦੇ ਹਿਸਾਬ ਨਾਲ ਸਭ ਤੋਂ ਵੱਧ ਗਿਣਤੀ ਦੁਆਬੇ ਵਿੱਚ, 37 ਫ਼ੀਸਦ ਹੈ।ਦੁਆਬਾ ਬਿਆਸ ਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਖੇਤਰ ਹੈ, ਜਿਸ ਵਿੱਚ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਜ਼ਿਲ੍ਹੇ ਮੁੱਖ ਤੌਰ ਉੱਤੇ ਆਉਂਦੇ ਹਨ। ਪੰਜਾਬ ਤੋਂ ਵਿਦੇਸ਼ਾਂ ਵਿੱਚ ਪਰਵਾਸ ਕਰਨ ਵਾਲਿਆਂ ਵਿੱਚ ਇਹ ਖਿੱਤਾ ਮੋਹਰੀ ਹੈ ਅਤੇ ਦੁਆਬੇ ਦੇ ਦਲਿਤ ਵੀ ਇਸ ਵਿੱਚ ਪਿੱਛੇ ਨਹੀਂ ਰਹੇ।ਸਤਲੁਜ ਦਰਿਆ ਤੋਂ ਦੱਖਣ ਵੱਲ ਦਾ ਸਾਰਾ ਇਲਾਕਾ ਮਾਲਵਾ ਕਿਹਾ ਜਾਂਦਾ ਹੈ ਅਤੇ ਇੱਥੇ ਦਲਿਤਾਂ ਦੀ ਅਬਾਦੀ 31 ਫ਼ੀਸਦ ਹੈ।ਰੋਪੜ ਤੋਂ ਬਠਿੰਡੇ ਤੱਕ ਦਾ ਸਾਰਾ ਇਲਾਕਾ ਮਾਲਵੇ ਵਿੱਚ ਗਿਣਿਆ ਜਾਂਦਾ ਹੈ। ਮਾਝੇ ਵਿੱਚ 29 ਫ਼ੀਸਦ ਦਲਿਤ ਵਸੋਂ ਹੈ। ਬਿਆਸ ਤੇ ਰਾਵੀ ਵਿਚਲੇ ਖੇਤਰ ਨੂੰ ਮਾਝਾ ਖੇਤਰ ਕਿਹਾ ਜਾਂਦਾ ਹੈ।ਇਸ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਨਾਕੋਟ ਜ਼ਿਲ੍ਹੇ ਹਨ।ਮਾਲਵੇ ਅਤੇ ਮਾਝੇ ਦੀ ਜ਼ਿਆਦਾਤਰ ਦਲਿਤ ਅਬਾਦੀ ਮਜ਼੍ਹਬੀ ਸਿੱਖ ਹਨ, ਖੇਤ ਮਜ਼ਦੂਰੀ ਅਤੇ ਬੇਜ਼ਮੀਨੀਂ ਖੇਤੀ ਉਨ੍ਹਾਂ ਦਾ ਮੁੱਢਲਾ ਕਿੱਤਾ ਰਿਹਾ ਹੈ।

2011 ਦੀ ਜਨਗਣਨਾ ਮੁਤਾਬਕ ਪੰਜਾਬ ਦੀ ਕੁੱਲ 2.77 ਕਰੋੜ ਅਬਾਦੀ ਦਾ 31.9 ਫੀਸਦ ਦਲਿਤ ਹਨ।ਇਨ੍ਹਾਂ ਵਿੱਚੋਂ 19.4 ਐੱਸਸੀ ਸਿੱਖ, 12.4 ਐੱਸਸੀ ਹਿੰਦੂ ਅਤੇ .098 ਬੋਧੀ ਹਨ।ਦਲਿਤ ਭਾਈਚਾਰੇ ਵਿੱਚੋਂ 26.33 ਫ਼ੀਸਦ ਮਜ਼੍ਹਬੀ ਸਿੱਖ, 20.7 ਰਵਿਦਾਸੀਏ ਅਤੇ ਰਾਮਦਾਸੀਏ, 10 ਫੀਸਦ ਆਦਿ ਧਰਮੀ ਅਤੇ 8.6 ਫੀਸਦ ਬਾਲਮੀਕੀ ਹਨ।ਇੰਡੀਅਨ ਰਿਸਰਚ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਐਂਡ ਹਿਊਮੈਨਟੀਜ਼ ਦੀ ਦਲਿਤ ਵੋਟਰਾਂ ਬਾਰੇ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਕਾਂਗਰਸ ਨੇ 33 ਫ਼ੀਸਦ, 49 ਫ਼ੀਸਦ, 51.ਫੀਸਦ ਅਤੇ 41 ਫ਼ੀਸਦ ਦਲਿਤ ਸਿੱਖ ਵੋਟਾਂ ਕ੍ਰਮਵਾਰ 2002, 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਈਆਂ ਸਨ।ਜਦਕਿ ਇਨ੍ਹਾਂ ਚੋਣਾਂ ਦੌਰਾਨ 47 ਫ਼ੀਸਦ, 56 ਫ਼ੀਸਦ, 37 ਫੀਸਦ ਅਤੇ 43 ਫ਼ੀਸਦ ਹਿੰਦੂ ਦਲਿਤਾਂ ਦੀਆਂ ਵੋਟਾਂ ਹਾਸਲ ਕੀਤੀਆਂ ਸਨ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਕਾਂਗਰਸ ਨੂੰ ਉਸ 5-7 ਫ਼ੀਸਦ ਫਲੋਟਿੰਗ ਦਲਿਤ ਵੋਟ ਬੈਂਕ ਦਾ ਫ਼ਾਇਦਾ ਜ਼ਰੂਰ ਮਿਲ ਸਕਦਾ ਹੈ, ਜਿਹੜਾ ਕਿਸੇ ਪਾਰਟੀ ਦਾ ਪੱਕਾ ਕਾਡਰ ਨਹੀਂ ਹੁੰਦੀ। ਉਹ ਮੁੱਖ ਮੰਤਰੀ ਚਰਨਜੀਤ ਚੰਨੀ ਕਾਰਨ ਕਾਂਗਰਸ ਨੂੰ ਭੁਗਤ ਸਕਦਾ ਹੈ।''ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 15 ਮੁੱਖ ਮੰਤਰੀਆਂ ਵਿੱਚ ਗਿਆਨੀ ਜ਼ੈਲ ਸਿੰਘ (ਬੀਸੀ) ਨੂੰ ਛੱਡ ਦੇਈਏ ਤਾਂ ਕੋਈ ਵੀ ਦਲਿਤ ਮੁੱਖ ਮੰਤਰੀ ਨਹੀਂ ਸੀ।ਪੰਜਾਬ ਦੀ ਸਿਆਸੀ ਸੱਤਾ ਉੱਤੇ 21 ਫ਼ੀਸਦ ਅਬਾਦੀ ਵਾਲਾ ਜੱਟ ਸਿੱਖ ਭਾਈਚਾਰਾ ਹੀ ਕਾਬਜ਼ ਰਿਹਾ ਹੈ।

ਦਲਿਤਾਂ ਦੇ ਮੁੱਦੇ ਤੇ ਚੋਣਾਂ

ਸਿੱਖਿਆ, ਸਿਹਤ ਅਤੇ ਰੁਜ਼ਗਾਰ ਜਿਵੇਂ ਸਮਾਜ ਦੇ ਦੂਜੇ ਵਰਗਾਂ ਲਈ ਮੁੱਦੇ ਹਨ, ਉਵੇਂ ਹੀ ਇਹ ਦਲਿਤਾਂ ਲਈ ਵੀ ਅਹਿਮ ਹਨ।ਦਲਿਤ ਚਿੰਤਕ ਬਲਵਿੰਦਰ ਅੰਬੇਡਕਰ ਅਨੁਸਾਰ ਪਿੰਡਾਂ ਵਿੱਚ ਕਾਂਗਰਸ ਤੇ ਆਪ ਨੇ ਇਹ ਲੋਕ ਮਸਲੇ ਚੋਣ ਮੁੱਦੇ ਨਹੀਂ ਬਣਨ ਦਿਤੇ।  ਨੌਕਰੀਆਂ ਵਿੱਚ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਵਾਉਣ ਦਾ ਮਾਮਲਾ ਨੌਕਰੀ ਪੇਸ਼ੇ ਵਾਲੇ ਦਲਿਤਾਂ ਲਈ ਵੱਡਾ ਮੁੱਦਾ ਹੈ। ਇਹ ਮਸਲਾ ਸਿਰਫ ਬਸਪਾ ਨੇ ਉਠਾਇਆ ਹੈ।ਪਿੰਡਾਂ ਵਿੱਚ ਸ਼ਾਮਲਾਟ ਜ਼ਮੀਨ, ਜੋ ਨਿਯਮ ਮੁਤਾਬਕ 25 ਫ਼ੀਸਦ ਦਲਿਤਾਂ ਨੂੰ ਠੇਕੇ ਉੱਤੇ ਮਿਲਣੀ ਚਾਹੀਦੀ ਹੈ, ਉਹ ਪਿੰਡਾਂ ਵਿੱਚ ਖ਼ਾਸਕਰ ਮਾਲਵੇ ਵਿੱਚ ਅਹਿਮ ਮੁੱਦਾ ਹੈ।

 ਦਲਿਤਾਂ ਵਿਚ ਡੇਰਿਆਂ ਦਾ ਬੋਲਬਾਲਾ

ਜਾਤ ਅਧਾਰਿਤ ਮਤਭੇਦ ਅਤੇ ਜ਼ੁਲਮ ਦੇ ਸ਼ਿਕਾਰ ਦਲਿਤ ਲੋਕਾਂ ਦੇ ਛੁਟਕਾਰੇ ਲਈ ਸਮਾਜ ਸੁਧਾਰ ਦੇ ਨਾਂ ਉੱਤੇ ਹੋਂਦ ਵਿੱਚ ਆਏ ਇਨ੍ਹਾਂ ਡੇਰਿਆਂ ਤੋਂ ਦਲਿਤ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।ਮਾਲਵੇ ਦਾ ਡੇਰਾ ਸੱਚਾ ਸੌਦਾ, ਦੁਆਬੇ ਦਾ ਡੇਰਾ ਸੱਚ ਖੰਡ ਬੱਲਾਂ, ਆਸ਼ੂਤੋਸ਼ ਦਾ ਨੂਰਮਹਿਲੀਆਂ ਡੇਰਾ, ਫਿਲੌਰ ਦਾ ਬ੍ਰਹਮਦਾਸ ਫਿਲੌਰੀਆ ਅਤੇ ਮਾਝੇ ਦਾ ਡੇਰਾ ਬਿਆਸ ਤੇ ਪਠਾਨਕੋਟ ਦਾ ਗੁਰਦੀਪ ਗਿਰੀ ਡੇਰਾ ਅਜਿਹੇ ਪ੍ਰਮੁੱਖ ਡੇਰੇ ਹਨ, ਜਿਨ੍ਹਾਂ ਨਾਲ ਵੱਡੀ ਗਿਣਤੀ ਦਲਿਤ ਜੁੜੇ ਹੋਏ ਹਨ।