ਪਟਿਆਲਾ ਵਿਚ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਔਰਤ ਦੀ ਹੱਤਿਆ-ਪੁੱਤਰ ਗੰਭੀਰ ਜ਼ਖ਼ਮੀ

ਪਟਿਆਲਾ ਵਿਚ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਔਰਤ ਦੀ ਹੱਤਿਆ-ਪੁੱਤਰ ਗੰਭੀਰ ਜ਼ਖ਼ਮੀ

ਅੰਮ੍ਰਿਤਸਰ ਟਾਈਮਜ਼

ਪਟਿਆਲਾ :ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ ਵਿਚ ਰਹਿੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮ ਔਰਤ ਤੇ ਉਸ ਦੀ ਲੜਕੇ 'ਤੇ ਇਕ ਵਿਅਕਤੀ ਵਲੋਂ ਕਿਰਪਾਨ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ । ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਸਤਵਿੰਦਰ ਕੌਰ ਦੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸ ਦੇ ਲੜਕੇ ਮਨਪ੍ਰੀਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਵਿਖੇ ਪੀ.ਜੀ.ਆਈ. ਵਿਚ ਰੈਫ਼ਰ ਕਰ ਦਿੱਤਾ ਹੈ । ਪਟਿਆਲਾ ਸਿਟੀ-2 ਦੇ ਡੀ.ਐੱਸ.ਪੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਸਤਵਿੰਦਰ ਕੌਰ ਦੇ ਮੁਲਜ਼ਮ ਹਰਪ੍ਰੀਤ ਸਿੰਘ ਬੌਬੀ ਵਾਸੀ ਪਟਿਆਲਾ ਨਾਲ ਸੰਬੰਧ ਸਨ, ਪ੍ਰੰਤੂ ਬੌਬੀ ਵਲੋਂ ਵਿਆਹ ਤੋਂ ਟਾਲਮਟੋਲ ਕਰਨ 'ਤੇ ਸਤਵਿੰਦਰ ਕੌਰ ਨੇ ਉਸ ਨਾਲੋਂ ਨਾਤਾ ਤੋੜ ਲਿਆ ਸੀ, ਜਿਸ ਤੋਂ ਤੈਸ਼ ਵਿਚ ਆਏ ਬੌਬੀ ਨੇ ਬੀਤੀ ਰਾਤ  ਸਤਵਿੰਦਰ ਕੌਰ ਦੇ ਘਰ ਵਿਚ ਦਾਖਲ ਹੋ ਕੇ ਕਿਰਪਾਨ ਨਾਲ ਕਈ ਵਾਰ ਕਰਕੇ ਸਤਵਿੰਦਰ ਕੌਰ ਤੇ ਮਨਪ੍ਰੀਤ ਸਿੰਘ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਅਨਾਜ ਮੰਡੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਬੀਬੀ ਸਤਵਿੰਦਰ ਕੌਰ ਕਮੇਟੀ ਅੰਦਰ ਬਤੌਰ ਸੇਵਾਦਾਰ ਵਜੋਂ ਕੰਮ ਕਰਦੀ ਸੀ ।