ਲੁਧਿਆਣਾ ਗੈਂਗਲੈਂਡ ਬਣਿਆ ,20 ਦਿਨਾਂ 'ਵਿਚ ਮਿਲੇ 13 ਹਥਿਆਰ 

ਲੁਧਿਆਣਾ ਗੈਂਗਲੈਂਡ ਬਣਿਆ ,20 ਦਿਨਾਂ 'ਵਿਚ ਮਿਲੇ 13 ਹਥਿਆਰ 

   *ਕਈ ਵੱਡੇ ਗਿਰੋਹਾਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵੀ ਲੁਧਿਆਣਾ ਨਾਲ ਸਬੰਧਿਤ 

ਅੰਮ੍ਰਿਤਸਰ ਟਾਈਮਜ਼

ਲੁਧਿਆਣਾ : ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਹਥਿਆਰਾਂ ਲਿਆ ਕੇ ਲੁਧਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਵਿਚ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕ੍ਰਾਈਮ ਬ੍ਰਾਂਚ-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੇਮ ਵਿਹਾਰ ਟਿੱਬਾ ਰੋਡ ਦੇ ਰਹਿਣ ਵਾਲੇ ਜਗਦੀਪ ਸਿੰਘ ਦੀਪੂ ਅਤੇ ਮੁਹੱਲਾ ਗੋਲਡਨ ਐਵੇਨਿਊ ਕਾਲੋਨੀ ਟਿੱਬਾ ਰੋਡ ਦੇ ਵਾਸੀ ਪਰਮਜੀਤ ਕੁਮਾਰ ਪੰਮਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 315 ਬੋਰ ਦੀ 1 ਦੇਸੀ ਪਿਸਤੌਲ, 32 ਬੋਰ ਦੀਆਂ 2 ਦੇਸੀ ਪਿਸਤੌਲਾਂ, 10 ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਅਸਲਾ ਲਿਆ ਕੇ ਲੁਧਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਵਿਚ ਸਪਲਾਈ ਕਰਦੇ ਹਨ। ਸੂਚਨਾ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟਿੱਬਾ ਰੋਡ ਗੋਪਾਲ ਚੌਕ ’ਚ ਨਾਕਾਬੰਦੀ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲਾਂ, ਕਾਰਤੂਸ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਰਮਜੀਤ ਸਿੰਘ ਦੇ ਖਿਲਾਫ ਲਡ਼ਾਈ ਝਗਡ਼ੇ ਦਾ ਇਕ ਅਤੇ ਅਸਲਾ ਐਕਟ ਦੇ ਦੋ ਮਾਮਲੇ ਦਰਜ ਹਨ। ਇਸੇ ਤਰ੍ਹਾਂ ਮੁਲਜ਼ਮ ਜਗਦੀਪ ਸਿੰਘ ਉਰਫ਼ ਦੀਪੂ ਖ਼ਿਲਾਫ਼ ਇਰਾਦਾ ਕਤਲ ਦਾ ਇਕ ਮਾਮਲਾ ਦਰਜ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਦੋਵਾਂ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਪਿਛਲੇ ਛੇ ਮਹੀਨਿਆਂ ’ਵਿਚ ਸਭ ਤੋਂ ਵੱਧ ਹਥਿਆਰ ਇਸੇ ਮਹੀਨੇ ਬਰਾਮਦ ਕੀਤੇ ਹਨ। ਇਸ ਮਹੀਨੇ 20 ਦਿਨਾਂ ਵਿਚ ਪੁਲਿਸ ਵੱਲੋਂ 13 ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚ ਦੋ ਹੀ ਦੇਸੀ ਕੱਟੇ ਹਨ, ਜਦਕਿ ਬਾਕੀ 32, 30 ਤੇ 315 ਬੋਰ ਦੇ ਪਿਸਤੌਲ ਹਨ। ਜੂਨ ਦੀ ਸ਼ੁਰੂਆਤ ’ਵਿਚ ਜਦ ਸ਼ਹਿਰ ਵਿਚ ਵੱਡੀ ਲੁੱਟ ਦੀ ਵਾਰਦਾਤ ਵਿਚ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਤਾਂ ਦੇਰ ਸ਼ਾਮ ਦੀਪਕ ਮੈਂਟਲ ਨਾਮੀ ਨੌਜਵਾਨ ਨੇ ਸ਼ਰੇਆਮ ਫਾਇਰਿੰਗ ਕਰ ਕੇ ਇਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਪੁਲਿਸ ਹਰਕਤ ’ਚ ਆਈ ਤੇ ਲਗਾਤਾਰ ਕਾਰਵਾਈ ਕਰਦਿਆਂ ਨਾਜਾਇਜ਼ ਹਥਿਆਰ ਬਰਾਮਦ ਕੀਤੇ।

ਗੈਂਗਸਟਰਾਂ ਦੀ ਪਹਿਲੀ ਪਸੰਦ ਬਣਿਆ ਲੁਧਿਆਣਾ

  ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਵੱਡੇ ਗਿਰੋਹਾਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵੀ ਲੁਧਿਆਣਾ ਨਾਲ ਸਬੰਧ ਰੱਖਦੇ ਹਨ। ਉਸ ਦਾ ਸਾਥੀ ਬਲਵੀਰ ਚੌਧਰੀ ਉਸ ਦੇ ਗਿਰੋਹ ਦੇ ਮੈਂਬਰਾਂ ਨੂੰ ਆਪਣੇ ਕੋਲ ਠਹਿਰਾਉਂਦਾ ਰਿਹਾ ਹੈ ਤੇ ਉਨ੍ਹਾਂ ਦੇ ਹਥਿਆਰ ਵੀ ਆਪਣੇ ਕੋਲ ਹੀ ਰੱਖਦਾ ਹੈ। ਇਹੀ ਨਹੀਂ ਪੁਲਿਸ ਵੱਲੋਂ ਫਡ਼ੇ ਗਏ ਤਿੰਨ ਨੌਜਵਾਨਾਂ ਕੋਲੋਂ ਤਿੰਨ ਹਥਿਆਰ ਬਰਾਮਦ ਹੋਏ ਸਨ ਤੇ ਉਸ ਮਾਮਲੇ ’ਵਿਚ ਵੀ ਖ਼ੁਲਾਸਾ ਹੋਇਆ ਸੀ ਕਿ ਗੈਂਗਸਟਰ ਉਨ੍ਹਾਂ ਕੋਲ ਹਥਿਆਰ ਲੁਕੋ ਕੇ ਗਏ ਸਨ ਤੇ ਇਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਮੁਡ਼ ਇਥੇ ਰੱਖ ਜਾਂਦੇ ਸਨ। ਇਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਲੁਧਿਆਣਾ ਨੈਸ਼ਨਲ ਤੇ ਸਟੇਟ ਹਾਈਵੇ ਰਾਹੀਂ ਵੱਖ-ਵੱਖ ਸੂਬਿਆਂ ਨਾਲ ਜੁਡ਼ਿਆ ਹੈ। ਇਥੇ ਯੂਪੀ ਤੇ ਬਿਹਾਰ ਤੋਂ ਲੇਬਰ ਆਉਂਦੀ ਹੈ, ਜਿਸ ਦੀ ਆਡ਼ ਵਿਚ ਹਥਿਆਰ ਮਹਾਨਗਰ ਵਿਚ ਪਹੁੰਚ ਰਹੇ ਹਨ।

ਪੰਜਾਬ ਵਿਚ ਜ਼ਿਆਦਾਤਰ ਹਥਿਆਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਸਪਲਾਈ ਹੁੰਦੇ ਹਨ। ਕਿਸੀ ਸਮੇਂ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿਚ ਹਥਿਆਰ ਪੰਜਾਬ ਪਹੁੰਚਦੇ ਸਨ। ਬਾਅਦ ’ਚ ਮੱਧ ਪ੍ਰਦੇਸ਼ ਤੋਂ ਹਥਿਆਰ ਇਥੇ ਪੁੱਜਣ ਲੱਗੇ ਤੇ ਪਿਛਲੇ ਇਕ ਸਾਲ ਤੋਂ ਫਡ਼ੇ ਗਏ ਸਭ ਤੋਂ ਵੱਧ ਉੱਤਰ ਪ੍ਰਦੇਸ਼ ਤੋਂ ਬਣੇ ਪਾਏ ਗਏ। ਇਹੀ ਨਹੀਂ ਇਹ ਗੱਲ ਵੀ ਸਾਹਮਣੇ ਆਈ ਆਈ ਕਿ ਪੰਜਾਬ ’ਚ ਹਥਿਆਰ ਸਪਲਾਈ ਕਰਨ ਲਈ ਲੁਧਿਆਣਾ ਨੂੰ ਹੀ ਹੱਬ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਹਥਿਆਰ ਰੇਲਗੱਡੀਆਂ ਰਾਹੀਂ ਪੰਜਾਬ ਵਿਚ ਲਿਆਏ ਜਾ ਰਹੇ ਹਨ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਛੋਟੇ-ਛੋਟੇ ਮੁਲਜ਼ਮਾਂ ਨੂੰ ਇਸ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਥੇ ਕੰਮ ਲਈ ਆਉਣ ਵਾਲੇ ਮਜ਼ਦੂਰਾਂ ਤੇ ਦੂਸਰੇ ਮੁਲਾਜ਼ਮਾਂ ਦੀ ਆਡ਼ ਵਿਚ ਇਹ ਮੁਲਜ਼ਮ ਹਥਿਆਰਾਂ ਨਾਲ ਇਥੇ ਪਹੁੰਚ ਰਹੇ ਹਨ। ਹਥਿਆਰਾਂ ਦੀ ਡਲਿਵਰੀ ਲਈ ਪੈਸੰਜਰ ਟ੍ਰੇਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੁਧਿਆਣਾ ਸਟੇਸ਼ਨ ਤੋਂ ਪਹਿਲਾਂ ਹੀ ਮੁਲਜ਼ਮ ਆਊਟਰ ’ਤੇ ਉਤਰ ਜਾਂਦੇ ਹਨ।

ਡਾ. ਕੌਸਤੁਭ ਸ਼ਰਮਾ, ਪੁਲਿਸ ਕਮਿਸ਼ਨਰ, ਲੁਧਿਆਣਾ ਦਾ ਕਹਿਣਾ ਹੈ ਕਿ ਮੇਰੇ ਜੁਆਇਨ ਕਰਨ ਤੋਂ ਬਾਅਦ ਹੋਈਆਂ ਵਾਰਦਾਤਾਂ ਵਿਚ ਸ਼ਰੇਆਮ ਹਥਿਆਰਾਂ ਨੂੰ ਵਰਤਿਆ ਗਿਆ। ਇਸ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਤੇ ਹਥਿਆਰਾਂ ਦੀ ਰਿਕਵਰੀ ਹੋ ਰਹੀ ਹੈ। ਅਸੀਂ ਇਕੱਲੇ ਹਥਿਆਰ ਹੀ ਬਰਾਮਦ ਨਹੀਂ ਕਰ ਰਹੇ, ਬਲਕਿ ਇਨ੍ਹਾਂ ਦੀ ਚੇਨ ਨੂੰ ਤੋਡ਼ਨ ਵਿਚ ਲੱਗੇ ਹਾਂ। ਮਹਾਨਗਰ ਵਿਚ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

 

-