ਖ਼ਣਨ ਮਾਮਲਾ ਵਿਚ ਈਡੀ  ਹੋਰਾਂ ਨੂੰ ਵੀ ਤਲਬ ਕਰੇਗਾ

ਖ਼ਣਨ ਮਾਮਲਾ ਵਿਚ ਈਡੀ  ਹੋਰਾਂ ਨੂੰ ਵੀ ਤਲਬ ਕਰੇਗਾ

ਮੁੱਖ ਮੰਤਰੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਪੁਛਗਿੱਛ ਬਾਅਦ ਚੰਨੀ ਦੀਆਂ  ਵੱਧ ਸਕਦੀਆਂ ਨੇ ਮੁਸ਼ਕਿਲਾਂ

ਅੰਮ੍ਰਿਤਸਰ ਟਾਈਮਜ਼

ਜਲੰਧਰ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰੇਤ ਖਣਨ ਦੇ ਮਾਮਲੇ ਵਿਚ ਹੋਰ ‘ਵੱਡੇ ਬੰਦਿਆਂ’ ਨੂੰ ਸੰਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।  ਜਾਣਕਾਰੀ ਅਨੁਸਾਰ ਰੇਤ ਖਣਨ ਦਾ ਮਾਮਲਾ ਇਕ ਵਾਰ ਫਿਰ ਕੇਂਦਰ ਵਿਚ ਆ ਗਿਆ ਹੈ ਤੇ ਈਡੀ ਵੱਲੋਂ ਕੁਝ ਰਾਜਸੀ ਆਗੂਆਂ ਅਤੇ ਇਸ ਧੰਦੇ ਨਾਲ ਜੁੜੇ ਦੋ ਠੇਕੇਦਾਰਾਂ ਨੂੰ ਵੀ ਸੰਮਨ ਭੇਜੇ ਜਾ ਰਹੇ ਹਨ। ਜਿਹੜੇ ਠੇਕੇਦਾਰਾਂ ਨੂੰ ਸੰਮਨ ਭੇਜੇ ਜਾ ਰਹੇ ਹਨ ਉਨ੍ਹਾਂ ਵਿਚੋਂ ਇਕ ਚੰਡੀਗੜ੍ਹ ਤੇ ਦੂਜਾ ਜੰਮੂ ਨਾਲ ਸਬੰਧਤ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਨੀ ਦਾ ਹੋਰ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਪੁੱਛ ਪੜਤਾਲ ਦੌਰਾਨ ਉਹ ਸਹਿਯੋਗ ਨਹੀਂ ਦੇ ਰਿਹਾ ਜਿਸ ਕਰਕੇ ਅਜੇ ਹੋਰ ਸਪੱਸ਼ਟਤਾ ਨਾਲ ਗੱਲਾਂ ਸਾਹਮਣੇ ਨਹੀਂ ਆਈਆਂ। ਜਲੰਧਰ ਵਿਚਲੇ ਈਡੀ ਦੇ ਦਫ਼ਤਰ ਵਿਚ ਹੀ ਹਨੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 3 ਫਰਵਰੀ ਦੀ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਈਡੀ ਦੀ ਪੁੱਛਗਿੱਛ ਵਿਚ ਉਨ੍ਹਾਂ ਦੇ ਰਿਸ਼ਤੇਦਾਰ (ਸਾਲੀ ਦੇ ਪੁੱਤਰ) ਭੁਪਿੰਦਰ ਸਿੰਘ ਹਨੀ ਨੇ ਮੰਨ ਲਿਆ ਹੈ ਕਿ ਉਸ ਕੋਲੋਂ ਤੇ ਉਸ ਦੇ ਸਹਿਯੋਗੀਆਂ ਕੋਲੋਂ ਮਿਲੀ 10 ਕਰੋਡ਼ ਰੁਪਏ ਦੀ ਰਾਸ਼ੀ ਉਸ ਨੇ ਨਾਜਾਇਜ਼ ਰੇਤ ਮਾਈਨਿੰਗ ਦੇ ਨਾਲ ਹੀ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਿਯੁਕਤੀਆਂ ਕਰਵਾ ਕੇ ਇਕੱਠੀ ਕੀਤੀ ਹੈ। 

ਈਡੀ ਵੱਲੋਂ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਤਫ਼ਤੀਸ਼ ਦੌਰਾਨ ਕੁਦਰਤਦੀਪ ਤੇ ਸੰਦੀਪ ਨੇ ਹੋਈ ਪੁੱਛਗਿੱਛ ਵਿਚ ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ 10 ਕਰੋਡ਼ ਰੁਪਏ ਦੀ ਰਕਮ ਭੁਪਿੰਦਰ ਸਿੰਘ ਹਨੀ ਨਾਲ ਹੀ ਸਬੰਧਿਤ ਹੈ। ਇਸ ਤੋਂ ਬਾਅਦ ਈਡ ਨੇ ਹਨੀ ਤੋਂ ਵੀ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਰਕਮ ਨਾਜਾਇਜ਼ ਮਾਈਨਿੰਗ ਨਾਲ ਸਬੰਧਿਤ ਹੈ ਪਰ ਬਾਅਦ ’ਚ ਜਾਂਚ ਵਿਚ ਸਹਿਯੋਗ ਨਹੀਂ ਕੀਤਾ। ਇਸ ਤੋਂ ਬਾਅਦ ਈਡੀ ਨੇ ਹਨੀ ਨੂੰ ਤਿੰਨ ਫਰਵਰੀ ਨੂੰ ਜਾਂਚ ਲਈ ਸੱਦਿਆ ਸੀ। ਨਾਲ ਹੀ ਕਿਹਾ ਸੀ ਕਿ ਉਹ 10 ਕਰੋਡ਼ ਰੁਪਏ ਨਾਲ ਸਬੰਧਿਤ ਦਸਤਾਵੇਜ਼ ਨਾਲ ਲੈ ਕੇ ਆਵੇ। ਭੁਪਿੰਦਰ ਸਿੰਘ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਪਿੱਛੋਂ ਈਡੀ ਨੇ ਜਲੰਧਰ ਵਿਚ ਪੁੱਛਗਿੱਛ ਦੌਰਾਨ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਿਕਰਯੋਗ ਹੈ ਕਿ 18 ਜਨਵਰੀ ਨੂੰ ਈਡੀ ਦੀ ਟੀਮ ਨੇ ਹਨੀ, ਉਸ ਦੇ ਦੋਸਤ ਤੇ ਭਾਈਵਾਲ ਕੁਦਰਤਦੀਪ ਸਿੰਘ ਤੇ ਸੰਦੀਪ ਕੁਮਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 10 ਕਰੋਡ਼ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।

ਚੋਣਾਂ ਵਿੱਚ ਗੂੰਜਣ ਲੱਗਾ ਨਾਜਾਇਜ਼ ਖਣਨ ਦਾ ਮੁੱਦਾ ,ਸਤਲੁਜ ਦਰਿਆ ਵਿਚ ਹੋ ਰਹੀ ਮਾਈਨਿੰਗ

ਸਤਲੁਜ ਦੇ ਕੰਢੇ ’ਤੇ ਆਉਣ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਰੇਤ ਮਾਫੀਆ ਬਾਰੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲੌਰ ਵਿਧਾਨ ਸਭਾ ਹਲਕਾ ਜਿੱਥੋਂ ਕਾਂਗਰਸ ਲਗਾਤਾਰ ਤਿੰਨ ਵਾਰ ਹਾਰ ਚੁੱਕੀ ਹੈ, ਇਸ ਹਲਕੇ ਵਿਚ ਵੀ ਲੋਕ ਕਾਂਗਰਸੀਆਂ ਨੂੰ ਹੀ ਮਾਈਨਿੰਗ ਬਾਰੇ ਸਵਾਲ ਕਰ ਰਹੇ ਹਨ। ਕਾਂਗਰਸ ਪਾਰਟੀ ਨੇ ਇੱਥੋਂ ਯੂਥ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਚੌਧਰੀ ਬਿਕਰਮਜੀਤ ਸਿੰਘ ਨੂੰ ਮੁੜ ਉਮੀਦਵਾਰ ਐਲਾਨਿਆ ਹੈ, ਜਿਹੜੇ ਕਿ 2017 ਵਿਚ ਚੋਣ ਹਾਰ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਚੌਧਰੀ ਸੰਤੋਖ ਸਿੰਘ ਫਿਲੌਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਚੋਣ ਹਾਰੇ ਸਨ।ਪਿੰਡ ਸੇਲਕੀਆਣਾ ਤੇ ਕਡਿਆਣਾ ਵਿਚ ਔਰਤਾਂ ਨੇ ਥੋੜ੍ਹੇ ਦਿਨ ਪਹਿਲਾਂ ਰੋਸ ਮੁਜ਼ਾਹਰਾ ਕੀਤਾ ਸੀ ਤੇ ਉਨ੍ਹਾਂ ਉਦੋਂ ‘ਰੇਤ ਮਾਫੀਏ ਨੂੰ ਭਜਾਓ-ਵਾਤਾਵਰਨ ਤੇ ਕਿਸਾਨੀ ਨੂੰ ਬਚਾਓ’ ਦਾ ਨਾਅਰਾ ਦਿੱਤਾ ਸੀ। ਦਰਿਆ ਕੰਢੇ ਵੱਸਣ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਅਗਸਤ 2019 ਵਿੱਚ ਫਿਲੌਰ ਤੇ ਲੋਹੀਆਂ ਇਲਾਕੇ ਵਿਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਿਆ ਸੀ। ਇਸ ਨਾਲ ਭਿਆਨਕ ਹੜ੍ਹ ਆਏ ਸਨ ਤੇ ਵੱਡੀ ਪੱਧਰ ’ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ। ਦਰਿਆ ਦੇ ਧੁੱਸੀ ਬੰਨ੍ਹ ਟੁੱਟਣ ਦਾ ਕਾਰਨ ਨਾਜਾਇਜ਼ ਮਾਈਨਿੰਗ ਨੂੰ ਦੱਸਿਆ ਜਾ ਰਿਹਾ ਸੀ। ਮਹਿਸਮਪੁਰ ਪਿੰਡ ਦੇ ਸਾਬਕਾ ਸਰਪੰਚ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪਾ ਕੇ ਕਾਂਗਰਸੀ ਆਗੂਆਂ ’ਤੇ ਦੋਸ਼ ਲਾਏ ਸਨ ਕਿ ਕਿਵੇਂ ਉਹ ਰੇਤਾ ਅਤੇ ਇੰਟਰਲਾਕ ਟਾਈਲਾਂ ਵਿਚੋਂ ਕਥਿਤ ਕਮਿਸ਼ਨ ਖਾ ਰਹੇ ਹਨ।

ਕਡਿਆਣਾ ਪਿੰਡ ਦੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਲੰਘੇ ਦਸੰਬਰ ਤੇ ਜਨਵਰੀ ਵਿਚ ਵੀ ਰੇਤ ਮਾਫੀਆ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਸਨ ਤੇ ਜਲੰਧਰ ਦੇ ਐੱਸਡੀਓ ਵਿਰੁੱਧ ਵੀ ਧਰਨਾ ਦਿੱਤਾ ਸੀ। ਲੋਕਾਂ ਦਾ ਕਹਿਣਾ ਸੀ ਕਿ ਦਰਿਆ ਕੰਢੇ ਬਹੁਤ ਸਾਰੇ ਗਰੀਬ ਲੋਕ ਰਹਿੰਦੇ ਹਨ ਤੇ ਜਦੋਂ ਹੜ੍ਹ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਉਜਾੜਾ ਹੁੰਦਾ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਮਾਈਨਿੰਗ ਕਰਨ ਵਿਚ ਸੱਤਾਧਾਰੀ ਧਿਰ ਦੇ ਜਿੱਤੇ ਤੇ ਹਾਰੇ ਹੋਏ ਆਗੂ ਮੋਹਰੀ ਭੂਮਿਕਾ ਨਿਭਾਅ ਕੇ ਕਰੋੜਾਂ ਰੁਪਏ ਕਮਾਉਂਦੇ ਰਹੇ ਹਨ। ਫਿਲੌਰ ਦੇ ਪਿੰਡਾਂ ਵਿੱਚ ਪੰਚਾਇਤ ਵਿਭਾਗ ’ਤੇ ਇਹ ਦੋਸ਼ ਵੀ ਲੱਗੇ ਹਨ ਕਿ ਉਹ ਪਿੰਡਾਂ ਨੂੰ ਜਿਹੜੀਆਂ ਇੰਟਰਲਾਕ ਟਾਈਲਾਂ ਸਪਲਾਈ ਕਰ ਰਹੇ ਸਨ ਉਨ੍ਹਾਂ ਵਿਚ ਮੋਟਾ ਕਮਿਸ਼ਨ ਰੱਖਿਆ ਜਾਂਦਾ ਸੀ।

ਕਾਂਗਰਸ ਤੇ ਚੰਨੀ ਈਡੀ ਤੋਂ ਔਖੇ

ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ’ਤੇ ‘ਹਮਲਾ’ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਦਾਅਵਾ ਕੀਤਾ ਕਿ ਇਹ ਕਦਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਚੋਰ ਦਰਵਾਜ਼ੇ’ ਰਾਹੀਂ ਮਦਦ ਕਰਨ ਲਈ ਚੁੱਕਿਆ ਗਿਆ ਹੈ।