ਪੰਜਾਬੀ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਵਧੇ ; ਝੌਨੇ ਦੀ ਲੁਆਈ ਵਾਸਤੇ ਕੀਮਤਾਂ ਤੈਅ ਕਰਨ ਦੀ ਚੁਣੌਤੀ

ਪੰਜਾਬੀ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਵਧੇ ; ਝੌਨੇ ਦੀ ਲੁਆਈ ਵਾਸਤੇ ਕੀਮਤਾਂ ਤੈਅ ਕਰਨ ਦੀ ਚੁਣੌਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਨੇ ਪੰਜਾਬ ਵਿਚ ਲੱਖਾਂ ਦੀ ਗਿਣਤੀ 'ਚ ਰੁਜ਼ਗਾਰ ਕਮਾ ਰਹੇ ਪ੍ਰਵਾਸੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਲਿਆਂਦੇ ਹਨ। 10 ਲੱਖ ਦੇ ਕਰੀਬ ਪ੍ਰਵਾਸੀਆਂ ਵੱਲੋਂ ਪੰਜਾਬ ਤੋਂ ਬਾਹਰ ਜਾਣ ਲਈ ਸਰਕਾਰੀ ਪੋਰਟਲ 'ਤੇ ਨਾਂ ਦਰਜ ਕਰਵਾਏ ਜਾ ਚੁੱਕੇ ਹਨ। ਪ੍ਰਵਾਸੀ ਮਜ਼ਦੂਰਾਂ ਤੋਂ ਵਿਹਲੇ ਹੋਏ ਪੰਜਾਬ ਵਿਚ ਸਥਾਨਕ ਪੰਜਾਬੀ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ। ਪਰ ਕਈ ਸਾਲਾਂ ਬਾਅਦ ਮੁੜ ਪੰਜਾਬ ਦੇ ਕਿਸਾਨ ਅਤੇ ਕਿਰਤੀ ਕਾਮਿਆਂ ਵਿਚਾਲਿਓਂ ਪ੍ਰਵਾਸੀ ਮਜ਼ਦੂਰਾਂ ਦੇ ਨਿਕਲਣ ਬਾਅਦ ਇਹਨਾਂ ਦੋਵਾਂ ਵਰਗਾਂ ਦਰਮਿਆਨ ਬਣਨ ਵਾਲੀ ਸਾਂਝ ਬਾਰੇ ਤੌਖਲੇ ਬਣੇ ਹੋਏ ਹਨ। 

ਜਿੱਥੇ ਕੁੱਝ ਲੋਕ ਇਸ ਨੂੰ ਪੰਜਾਬ ਵਿਚ ਕਿਸਾਨ ਅਤੇ ਕਿਰਤੀ ਵਰਗ ਦੀ ਆਪਸੀ ਸਾਂਝ ਵਧਣ ਦਾ ਮੌਕਾ ਮੰਨ ਰਹੇ ਹਨ ਉੱਥੇ ਕੁੱਝ ਲੋਕਾਂ ਵੱਲੋਂ ਇਸ ਮਾਹੌਲ ਵਿਚੋਂ ਆਪਣੇ ਸਿਆਸੀ ਏਜੰਡੇ ਲਈ ਵੀ ਥਾਂ ਭਾਲੀ ਜਾ ਰਹੀ ਹੈ। ਇਸ ਲਈ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਸੁਨੇਹਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਪੰਜਾਬੀ ਕਿਰਤੀਆਂ ਨੂੰ ਝੋਨੇ ਦੀ ਲਵਾਈ ਦਾ ਪ੍ਰਤੀ ਕਿਲਾ ਮੁੱਲ 5500 ਰੁਪਏ ਲੈਣ ਲਈ ਕਿਹਾ ਗਿਆ। ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਰਜ਼ੇ ਅਤੇ ਮਾੜੀ ਆਰਥਿਕਤਾ ਨਾਲ ਝੰਬੀ ਕਿਸਾਨੀ ਲਈ ਇਹ ਮੁੱਲ ਦੇਣਾ ਸੰਭਵ ਹੀ ਨਹੀਂ। 

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਾਰੇ ਦੇਸ਼ ਵਿਚ ਲਾਕ ਡਾਊਨ ਹੋਣ ਨਾਲ ਪੰਜਾਬ 'ਚੋਂ ਸਾਰੇ ਮਜ਼ਦੂਰ ਵਾਪਸ ਘਰਾਂ ਨੂੰ ਚਲੇ ਗਏ ਹਨ। ਇਸ ਦਾ ਸਿੱਧਾ ਅਸਰ ਝੌਨੇ ਦੀ ਲੁਆਈ ਅਤੇ ਇੰਡਸਟਰੀ 'ਤੇ ਬਹੁਤ ਬੁਰਾ ਪਵੇਗਾ। ਅਜਿਹੇ ਸਮੇਂ ਕਿਸਾਨ ਚਿੰਤਤ ਹਨ ਤੇ ਪੰਜਾਬ ਵਿਚ ਕੁੱਝ ਤਾਕਤਾਂ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਮਜ਼ਦੂਰੀ ਦੇ ਰੇਟ ਦੇ ਬਹਾਨੇ ਝਗੜੇ ਕਰਵਾ ਕੇ ਜਾਤੀਵਾਦ ਦਾ ਨਾਂਅ ਦੇਣ ਲਈ ਕਾਹਲੀਆਂ ਹਨ। ਸ. ਰਾਜੇਵਾਲ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਵਿਚ ਮਿਲ ਬੈਠ ਕੇ ਪਿਛਲੇ ਸਾਲ ਨਾਲੋਂ ਜਾਇਜ਼ ਵਾਧਾ ਕਰਕੇ ਭਾਈਚਾਰਕ ਸਾਂਝ ਬਣਾਈ ਰੱਖਣ। ਜੇ ਕਿਤੇ ਸਮਝੌਤਾ ਨਹੀਂ ਵੀ ਹੁੰਦਾ ਤਾਂ ਵੀ ਤਲਖੀ ਕਿਸੇ ਵੀ ਕੀਮਤ 'ਤੇ ਪੈਦਾ ਨਾ ਕਰਨ।

ਇਕ ਕਿਸਾਨ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੇ ਸੀਜ਼ਨ ਵਿਚ ਉਹਨਾਂ ਨੇ 28-29 ਸੌ ਰੁਪਏ ਪ੍ਰਤੀ ਕਿੱਲਾ ਝੋਨੇ ਦੀ ਲਵਾਈ ਦਿੱਤੀ ਸੀ, ਤੇ ਇਸ ਵਿਚ ਇਲਾਕੇ ਹਿਸਾਬ ਨਾਲ ਕੁੱਝ ਥੋੜਾ-ਬਹੁਤ ਫਰਕ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਹਰ ਸਾਲ ਵਾਂਗ ਕੁੱਝ ਹੋਰ ਵਾਧੇ ਨਾਲ ਪ੍ਰਤੀ ਏਕੜ ਲਵਾਈ ਲਈ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ, ਦੋਵੇਂ ਹੀ ਖੁਸ਼ ਹੋਣ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।