ਬੇਅਦਬੀ ਦੇ ਦੋਸ਼ੀ ਬਣਨਗੇ ਪੰਜਾਬ ਵਿੱਚ ਭਾਰਤੀ ਪ੍ਰਬੰਧ ਦੇ ਠੇਕੇਦਾਰ

ਬੇਅਦਬੀ ਦੇ ਦੋਸ਼ੀ ਬਣਨਗੇ ਪੰਜਾਬ ਵਿੱਚ ਭਾਰਤੀ ਪ੍ਰਬੰਧ ਦੇ ਠੇਕੇਦਾਰ

ਬਠਿੰਡਾ: ਪੰਜਾਬ ਵਿੱਚ ਪੈਣ ਜਾ ਰਹੀਆਂ ਭਾਰਤੀ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ। ਇਸ ਵਾਰ ਫੇਰ ਭਾਰਤੀ ਰਾਜ ਪ੍ਰਬੰਧ ਦੇ ਪੰਜਾਬ ਵਿੱਚ ਠੇਕੇਦਾਰ ਬਣਨ ਲਈ ਮੁੱਖ ਮੁਕਾਬਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਚਕਾਰ ਹੈ। ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰਾ ਸਾਹਿਬ 'ਤੇ 1984 ਵਿੱਚ ਫੌਜੀ ਹਮਲਾ ਕਰਾਉਣ ਵਾਲੀ ਅਤੇ ਨਵੰਬਰ 1984 ਵਿੱਚ ਸਿੱਖ ਕਤਲੇਆਮ ਕਰਨ ਤੇ ਸਿੱਖ ਬੀਬੀਆ ਦੀ ਇੱਜ਼ਤ ਲੁੱਟਵਾਉਣ ਵਾਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੜਵਾਉਣ, ਸਿੱਖ ਸੰਗਤਾਂ 'ਤੇ ਗੋਲੀਆਂ ਚਲਵਾਉਣ ਅਤੇ ਗੁਰੂ ਦੋਖੀ ਡੇਰਾ ਸਿਰਸਾ ਦੇ ਬਲਾਤਕਾਰੀ ਮੁਖੀ ਦੀ ਹਮਾਇਤ ਕਰਨ ਦੇ ਦੋਸ਼ੀ ਬਾਦਲ ਪਰਿਵਾਰ ਦੇ ਉਮੀਦਵਾਰ ਹਨ। 

ਭਾਵੇਂ ਕਿ ਅਖੀਰੀ ਗੇੜ ਵਿੱਚ ਚੋਣਾਂ ਹੋਣ ਕਾਰਨ ਪੰਜਾਬ ਅੰਦਰ ਉਮੀਦਵਾਰਾਂ ਨੂੰ ਪ੍ਰਚਾਰ ਲਈ ਬਹੁਤ ਸਮਾਂ ਮਿਲਿਆ ਪਰ ਇਸ ਦੌਰਾਨ ਜਗ੍ਹਾ ਜਗ੍ਹਾ ਇਹਨਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਲਾਹਨਤਾਂ ਪਾਈਆਂ। 

ਸੀਵੋਟਰ ਸਰਵੇ ਅਜੈਂਸੀ ਵੱਲੋਂ ਪੰਜਾਬ ਵਿੱਚ ਕਰਵਾਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਲਗਭਗ 50 ਫੀਸਦੀ ਲੋਕ ਭਾਰਤੀ ਰਾਜ ਪ੍ਰਬੰਧ ਦੀਆਂ ਇਹਨਾਂ ਠੇਕੇਦਾਰ ਪਾਰਟੀਆਂ ਤੋਂ ਅੱਕ ਚੁੱਕੇ ਹਨ। ਜਾਣਨਯੋਗ ਹੈ ਕਿ 1947 ਤੋਂ ਬਾਅਦ ਭਾਰਤੀ ਪ੍ਰਬੰਧ ਅਧੀਨ ਆਏ ਚੜ੍ਹਦੇ ਪੰਜਾਬ ਅੰਦਰ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ ਤੇ ਅੱਜ ਪੰਜ ਪਾਣੀਆਂ ਦੀ ਧਰਤੀ ਰੇਗਿਸਤਾਨ ਬਣਨ ਦੀ ਕਗਾਰ 'ਤੇ ਆ ਪਹੁੰਚੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੋਈ ਵਸੀਲੇ ਨਹੀਂ ਜਿਸ ਕਾਰਨ ਉਹ ਵੱਡੀ ਗਿਣਤੀ ਵਿੱਚ ਪ੍ਰਵਾਸ ਕਰ ਰਹੇ ਹਨ ਤੇ ਇਸ ਦੇ ਉਲਟ ਪੰਜਾਬ ਵਿੱਚ ਹਿੰਦੀ ਖੇਤਰ ਤੋਂ ਰੇਲਗੱਡੀਆਂ ਭਰ-ਭਰ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆ ਰਹੇ ਹਨ ਤੇ ਇੱਥੋਂ ਦੇ ਵੋਟਰ ਕਾਰਡ ਬਣਾ ਕੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀ ਗਿਣਤੀ ਵਿੱਚ ਤਬਦੀਲ ਹੋ ਰਹੇ ਹਨ। ਭਾਰਤ ਸਰਕਾਰ ਦੇ ਕੇਂਦਰੀ ਜ਼ਮੀਨੀ ਪਾਣੀ ਬੋਰਡ ਨੇ ਆਪਣੀ ਰਿਪੋਰਟ ਵਿੱਚ ਇਹ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਆਉਣ ਵਾਲੇ 25 ਸਾਲਾਂ ਵਿੱਚ ਰੇਗਿਸਤਾਨ ਬਣ ਜਾਵੇਗਾ। ਪੰਜਾਬ ਦਾ ਨੋਜਵਾਨ ਖੇਡ ਮੈਦਾਨਾਂ ਤੋਂ ਨਸ਼ਾ ਛਡਾਊ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਤੜਫ ਰਿਹਾ ਹੈ। ਕੈਂਸਰ ਵਰਗੀ ਨਾ-ਮੁਰਾਦ ਵਰਗੀਆਂ ਬਿਾਮਰੀਆਂ ਪੰਜਾਬ ਦੇ ਲੋਕਾਂ ਦੇ ਹੱਡੀਂ ਬਹਿ ਗਈਆਂ ਹਨ। ਸਿੱਖਾਂ ਦੀ ਸਮੂਹਿਕ ਅਣਖ ਗੁਰੂ ਦੀਆਂ ਨਿੱਤ ਹੁੰਦੀਆਂ ਬੇਅਦਬੀਆਂ ਤੋਂ ਪੀੜਤ ਨਿਢਾਲ ਪਈ ਹੈ। ਪਰ ਇਸ ਸਭ ਦੇ ਬਾਵਜੂਦ ਬੇਆਸੇ ਪੰਜਾਬ ਦੇ ਲੋਕਾਂ ਨੂੰ ਭੇਡਚਾਲ ਵਿੱਚ ਚੱਲਦਿਆਂ ਪੰਜਾਬ ਦੇ ਕਿਸੇ ਇੱਕ ਦੋਸ਼ੀ ਨੂੰ ਚੁਣਨ ਲਈ ਫੇਰ 19 ਮਈ ਵਾਲੇ ਦਿਨ ਭਾਰਤੀ ਰਾਜ ਪ੍ਰਬੰਧ ਦੇ ਪੋਲਿੰਗ ਬੂਥਾਂ ਵਿੱਚ ਉਂਗਲੀਆਂ 'ਤੇ ਇਸ ਬਰਬਾਦੀ ਦੀ ਨਿਸ਼ਾਨੀ 'ਨੀਲੀ ਸਿਆਹੀ' ਦੇ ਦਾਗ ਲਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ