ਪੰਜਾਬ ਵਿਚ ਵੋਟਾਂ ਪੈਣ ਵਾਲਾ ਇਕ ਦਿਨ 

ਪੰਜਾਬ ਵਿਚ ਵੋਟਾਂ ਪੈਣ ਵਾਲਾ ਇਕ ਦਿਨ 

ਬਲਰਾਜ ਸਿੰਘ ਸਿੱਧੂ,

ਸੀਨੀਅਰ ਪੁਲੀਸ ਅਫਸਰ (91 - 95011 - 00062)



ਪੰਜਾਬ ਵਿਚ ਸਭ ਤੋਂ ਵੱਧ ਜ਼ੋਰ ਅਜ਼ਮਾਈ ਸਰਪੰਚੀ ਦੀ ਚੋਣ ਵਿੱਚ ਹੁੰਦੀ ਹੈ। ਇਕੱਲੇ ਇਕੱਲੇ ਘਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ ਤੇ ਹਰ ਪਰਿਵਾਰ ਨੂੰ ਵੋਟਾਂ ਪਾਉਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਨਵੀਆਂ ਵਿਆਹੀਆਂ ਲੜਕੀਆਂ ਨੂੰ ਵੀ ਵੋਟਾਂ ਭੁਗਤਾਉਣ ਲਈ ਪੇਕੇ ਤੋਂ ਬੁਲਾਇਆ ਜਾਂਦਾ ਹੈ। ਖਰਚਾ ਵੀ ਸਭ ਤੋਂ ਵੱਧ ਸਰਪੰਚੀ ਚੋਣ 'ਤੇ ਹੀ ਆਉਂਦਾ ਹੈ। ਦੂਸਰੇ ਨੰਬਰ 'ਤੇ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਲਗਦਾ ਹੈ ਤੇ ਸਭ ਤੋਂ ਘੱਟ ਪਾਰਲੀਮੈਂਟ ਚੋਣਾਂ ਵਿੱਚ। ਪਾਰਲੀਮੈਂਟ ਚੋਣਾਂ ਵੱਲ ਤਾਂ ਲੋਕ ਬਹੁਤਾ ਧਿਆਨ ਹੀ ਨਹੀਂ ਦਿੰਦੇ।

ਕਈ ਸਾਲ ਪਹਿਲਾਂ ਮੈਂ ਇੱਕ ਥਾਣੇ ਦਾ ਐੱਸਐੱਚਓ. ਲੱਗਾ ਹੋਇਆ ਸੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਸਨ। ਇੱਕ ਪਿੰਡ ਧੜੇਬੰਦੀ ਅਤੇ ਲੜਾਈ ਝਗੜੇ ਲਈ ਖਾਸ ਹੀ ਬਦਨਾਮ ਸੀ। ਹਰੇਕ ਚੋਣ ਵਿੱਚ ਉੱਥੇ ਸਿਰ ਪਾਟਦੇ ਸਨ। ਇਸ ਲਈ ਮੈਂ ਬਾਕੀ ਪਿੰਡਾਂ ਵਿੱਚ ਘੁੰਮ ਘੁੰਮਾ ਕੇ ਬਾਰ ਬਾਰ ਉਸ ਪਿੰਡ ਪਹੁੰਚ ਜਾਂਦਾ ਸੀ। ਰੱਬ ਦੀ ਕ੍ਰਿਪਾ ਨਾਲ ਸਾਰਾ ਦਿਨ ਸੁੱਖੀ ਸਾਂਦੀ ਲੰਘ ਗਿਆ। ਚਾਰ ਕੁ ਵੱਜ ਗਏ ਸਨ ਤੇ ਤਕਰੀਬਨ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸਨ। ਅਸੀਂ ਵੀ ਖੁਸ਼ ਸੀ ਕਿ ਚਲੋ ਕੋਈ ਲੜਾਈ ਝਗੜਾ ਨਹੀਂ ਹੋਇਆ, ਹੁਣ ਤਾਂ ਪੰਜ ਵਜੇ ਕੰਮ ਮੁੱਕ ਹੀ ਜਾਣਾ ਹੈ। ਸਮਾਂ ਖਤਮ ਹੁੰਦਾ ਵੇਖ ਕੇ ਦੋਵੇਂ ਪਾਰਟੀਆਂ ਆਪੋ ਆਪਣੇ ਟੈਂਟ ਵਿੱਚ ਬੈਠੀਆਂ ਵੋਟਾਂ ਦਾ ਹਿਸਾਬ ਕਿਤਾਬ ਕਰ ਰਹੀਆਂ ਸਨ ਕਿ ਕਿਹੜੀ ਵੋਟ ਭੁਗਤ ਗਈ ਤੇ ਕਿਹੜੀ ਰਹਿ ਗਈ?
ਅਚਾਨਕ ਰਾਮ ਸਿੰਘ ਪਾਰਟੀ (ਕਲਪਿਤ ਨਾਮ) ਨੂੰ ਖਿਆਲ ਆਇਆ ਕਿ ਫਲਾਣੇ ਦਾ ਲੱਤਾਂ ਤੋਂ ਆਹਰੀ ਬਜ਼ੁਰਗ ਬਾਪ ਤਾਂ ਵੋਟ ਪਾਉਣ ਤੋਂ ਰਹਿ ਹੀ ਗਿਆ। ਉਸ ਬਜ਼ੁਰਗ ਦਾ ਸਾਰਾ ਪਰਿਵਾਰ ਵੋਟਾਂ ਪਾ ਗਿਆ ਸੀ ਪਰ ਉਸ ਨੂੰ ਚੁੱਕ ਕੇ ਲਿਆਉਣ ਦੇ ਦੁੱਖੋਂ ਨਾਲ ਲੈ ਕੇ ਨਹੀਂ ਸੀ ਆਏ। ਪੰਚਾਇਤੀ ਇਲੈਕਸ਼ਨ ਵਿੱਚ ਇੱਕ ਇੱਕ ਵੋਟ ਕੀਮਤੀ ਹੁੰਦੀ ਹੈ, ਉਸ ਨੂੰ ਲੈ ਕੇ ਆਉਣ ਲਈ ਫੌਰਨ ਕਾਰ ਦੇ ਕੇ ਦੋ ਤਿੰਨ ਬੰਦੇ ਭਜਾਏ ਗਏ। ਉਹ ਬੰਦੇ ਦਸ-ਪੰਦਰਾਂ ਮਿੰਟਾਂ ਵਿਚ ਹੀ ਬਜ਼ੁਰਗ ਨੂੰ ਕਾਰ ਵਿਚ ਲੱਦ ਕੇ ਲੈ ਆਏ ਤੇ ਬਹੁਤ ਇੱਜ਼ਤ ਸਤਿਕਾਰ ਨਾਲ ਚੁੱਕ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਲੈ ਗਏ। ਪਰ ਉਸ ਬਜ਼ੁਰਗ ਦੇ ਵੋਟ ਪਾਉਂਦੇ ਸਾਰ ਉਨ੍ਹਾਂ ਬੰਦਿਆਂ ਦਾ ਵਿਹਾਰ ਇਕਦਮ ਬਦਲ ਗਿਆ। ਜਿਹੜੇ ਬੰਦੇ ਕੁਝ ਮਿੰਟ ਪਹਿਲਾਂ ਸਰਵਣ ਪੁੱਤ ਬਣ ਕੇ ਬਜ਼ੁਰਗ ਨੂੰ ਹਿੱਕ ਨਾਲ ਲਾਈ ਫਿਰਦੇ ਸਨ, ਉਹ ਉਸ ਨੂੰ ਇਸ ਤਰ੍ਹਾਂ ਬਾਹਰ ਲੈ ਕੇ ਆਏ ਜਿਵੇਂ ਬਹੁਤ ਵੱਡਾ ਬੋਝ ਚੁੱਕਿਆ ਹੋਇਆ ਹੋਵੇ। ਜਦੋਂ ਆਸੇ ਪਾਸੇ ਨਿਗਾਹ ਮਾਰੀ ਤਾਂ ਕਾਰ ਗਾਇਬ ਹੋ ਚੁੱਕੀ ਸੀ। ਵਿਚਾਰੇ ਬਜ਼ੁਰਗ ਨੂੰ ਇੱਕ ਦਰਖਤ ਦੇ ਮੁੱਢ ਦਾ ਸਹਾਰਾ ਦੇ ਕੇ ਭੁੰਜੇ ਹੀ ਬਿਠਾ ਦਿੱਤਾ ਗਿਆ। ਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨ ਦਾ ਕਹਿ ਕੇ ਉਹ ਦੋਵੇਂ ਵਿਅਕਤੀ ਵੀ ਖਿਸਕ ਗਏ।
ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਮੈਂ ਰਾਮ ਸਿੰਘ ਨੂੰ ਕਿਹਾ ਕੇ ਇਸ ਵਿਚਾਰੇ ਨੂੰ ਘਰ ਤਾਂ ਛੱਡ ਆਉ। ਕੁਝ ਸਮਾਂ ਟਾਲ ਮਟੋਲ ਕਰਨ ਤੋਂ ਬਾਅਦ ਹੌਲੀ ਜਿਹੀ ਉਹ ਵੀ ਆਸੇ ਪਾਸੇ ਹੋ ਗਿਆ। ਜਦੋਂ ਵਿਰੋਧੀ ਪਾਰਟੀ ਨੂੰ ਗੱਡੀ ਦੇਣ ਲਈ ਕਿਹਾ ਤਾਂ ਉਹਨਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵੋਟ ਤਾਂ ਇਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸ ਦਾ ਠੇਕਾ ਲਿਆ ਐ? ਜਦੋਂ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਮਜਬੂਰਨ ਸਾਨੂੰ ਹੀ ਆਪਣੀ ਸਰਕਾਰੀ ਗੱਡੀ ਵਿੱਚ ਉਸ ਨੂੰ ਘਰ ਪਹੁੰਚਾਉਣਾ ਪਿਆ। ਅੱਗੋਂ ਉਸ ਦਾ ਪੁੱਤਰ ਵੀ ਸਿਰੇ ਦਾ ਵੈਲੀ ਸੀ। ਉਹ ਪਹਿਲਾਂ ਹੀ ਵੋਟਾਂ ਦੇ ਇਵਜ਼ ਵਿਚ ਮਿਲੀ ਮੁਫਤ ਦੀ ਸ਼ਰਾਬ ਪੀ ਕੇ ਵਿਹੜੇ ਵਿਚ ਸੂਰ ਵਾਂਗ ਲੇਟ ਰਿਹਾ ਸੀ। ਅਸੀਂ ਚੁੱਕ ਚੁਕਾ ਕੇ ਵਿਚਾਰੇ ਬਜ਼ੁਰਗ ਨੂੰ ਉਸ ਦੇ ਮੰਜੇ ਤੱਕ ਪਹੁੰਚਾਇਆ।
ਆਪਣਾ ਮਤਲਬ ਹੱਲ ਹੋਣ ਤੋਂ ਬਾਅਦ ਵਿਖਾਈ ਗਈ ਅਜਿਹੀ ਅਕ੍ਰਿਤਘਣਤਾ ਮੈਂ ਆਪਣੀ ਨੌਕਰੀ ਦੌਰਾਨ ਬਹੁਤ ਘੱਟ ਹੀ ਵੇਖੀ ਹੈ।