ਚੰਡੀਗੜ੍ਹ ਵਿਚ ਦਾਖਲੇ ਲਈ ਪੰਜਾਬ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਦਾ ਤਰਲਾ ਕੱਢਿਆ

ਚੰਡੀਗੜ੍ਹ ਵਿਚ ਦਾਖਲੇ ਲਈ ਪੰਜਾਬ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਦਾ ਤਰਲਾ ਕੱਢਿਆ

ਚੰਡੀਗੜ੍ਹ: ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਪੰਜਾਬ ਸੂਬੇ ਦੀ ਰਾਜਧਾਨੀ ਦੀ ਸਥਿਤੀ ਅੱਜ ਇਹ ਹੈ ਕਿ ਪੰਜਾਬ ਸਰਕਾਰ ਨੂੰ ਇਸ ਧਰਤੀ 'ਤੇ ਸਥਿਤ ਆਪਣੇ ਦਫਤਰਾਂ ਨੂੰ ਚਲਾਉਣ ਲਈ ਭਾਰਤ ਸਰਕਾਰ ਦੇ ਸਿੱਧੇ ਪ੍ਰਬੰਧ ਹੇਠਲੇ ਚੰਡੀਗੜ੍ਹ ਪ੍ਰਸ਼ਾਸਨ ਦਾ ਤਰਲਾ ਕੱਢਣਾ ਪੈ ਰਿਹਾ ਹੈ। ਕੋਰੋਨਾਵਾਇਰਸ ਦੇ ਚਲਦਿਆਂ ਚੰਡੀਗੜ੍ਹ ਵਿਚ 31 ਮਾਰਚ ਤਕ ਲਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਚੰਡੀਗੜ੍ਹ ਵਿਚ ਸਥਿਤ ਪੰਜਾਬ ਸਰਕਾਰ ਦੇ ਦਫਤਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਉਣ ਜਾਣ ਦੀ ਖੁੱਲ੍ਹ ਦੇਣ ਲਈ ਪੰਜਾਬ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਚਿੱਠੀ ਲਿਖੀ ਹੈ। 

ਇਸ ਚਿੱਠੀ ਵਿਚ ਭਾਰਤ ਸਰਕਾਰ ਦੇ ਹੁਕਮਾਂ ਦੇ ਅਧਾਰ 'ਤੇ ਦਫਤਰਾਂ ਵਿਚ 50 ਫੀਸਦੀ ਮੁਲਾਜ਼ਮਾਂ ਦੀ ਹਾਜ਼ਰੀ ਲਈ ਇਹ ਖੁੱਲ੍ਹ ਦੀ ਮੰਗ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ, ਪਰ 1966 ਵਿਚ ਹਰਿਆਣਾ ਸੂਬਾ ਬਣਾਉਣ ਮੌਕੇ ਆਮ ਪਿਰਤ ਤੋਂ ਵੱਖਰੇ ਹਟ ਕੇ ਭਾਰਤ ਸਰਕਾਰ ਨੇ ਚੰਡੀਗੜ੍ਹ ਨੂੰ ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਸੀ ਤੇ ਚੰਡੀਗੜ੍ਹ ਨੂੰ ਯੂਟੀ ਐਲਾਨ ਦਿੱਤਾ ਸੀ। ਪੰਜਾਬ ਕਈ ਸਾਲਾਂ ਤੋਂ ਆਪਣੀ ਰਾਜਧਾਨੀ 'ਤੇ ਹੱਕ ਲੈਣ ਲਈ ਲੜਾਈ ਲੜ ਰਿਹਾ ਹੈ ਪਰ ਭਾਰਤ ਨੇ ਪੰਜਾਬ ਪੱਲੇ ਕੱਖ ਨਹੀਂ ਪਾਇਆ। ਹੌਲੀ ਹੌਲੀ ਪੰਜਾਬ ਦੇ ਸਿਆਸੀ ਆਗੂਆਂ ਦੀ ਨਲਾਇਕੀ ਕਾਰਨ ਪੰਜਾਬ ਦਾ ਦਾਅਵਾ ਚੰਡੀਗੜ੍ਹ ਤੋਂ ਖੁਰਦਾ ਜਾ ਰਿਹਾ ਹੈ।