ਠੇਕਿਆਂ ਨੂੰ ਖੋਲ੍ਹ ਕੇ ਅਤੇ ਗੁਰੂ ਘਰਾਂ ਦੇ ਰਾਹ ਬੰਦ ਕਰਕੇ ਕੀ ਖੱਟੇਗੀ ਸਰਕਾਰ!

ਠੇਕਿਆਂ ਨੂੰ ਖੋਲ੍ਹ ਕੇ ਅਤੇ ਗੁਰੂ ਘਰਾਂ ਦੇ ਰਾਹ ਬੰਦ ਕਰਕੇ ਕੀ ਖੱਟੇਗੀ ਸਰਕਾਰ!

ਅੰਮ੍ਰਿਤਸਰ ਟਾਈਮਜ਼ ਬਿਊਰੋ

ਇਕ ਪਾਸੇ ਸਰਕਾਰ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਨੂੰ ਠੱਲਣ ਦੇ ਨਾਂ 'ਤੇ ਦੋ ਮਹੀਨਿਆਂ ਤੋਂ ਲੋਕਾਂ ਨੂੰ ਸਖਤੀ ਨਾਲ ਘਰਾਂ ਵਿਚ ਬੰਦ ਕਰਕੇ ਰੱਖਿਆ ਗਿਆ ਸੀ, ਪਰ ਸਰਕਾਰ ਨੇ ਸਭ ਤੋਂ ਪਹਿਲੀਆਂ ਛੋਟਾਂ ਵਿਚ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦਾ ਐਲਾਨ ਕੀਤਾ। ਇਸ ਲਈ ਸਰਕਾਰ ਦਾ ਕਹਿਣਾ ਸੀ ਕਿ ਠੇਕੇ ਬੰਦ ਹੋਣ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਘਾਟਾ ਪੈ ਰਿਹਾ ਹੈ।

ਪਰ ਦੂਜੇ ਪਾਸੇ ਰੋਗੀਆਂ ਦੇ ਦੁੱਖ ਦੂਰ ਕਰਨ ਵਾਲੀ ਥਾਂ ਅਤੇ ਨਿਆਸਰਿਆਂ ਲਈ ਆਸਰਾ ਦਰਬਾਰ ਸਾਹਿਬ ਨੂੰ ਜਾਂਦੇ ਰਾਹਾਂ 'ਤੇ ਪੁਲਸ ਨੇ ਨਾਕਾਬੰਦੀ ਕਰ ਦਿੱਤੀ ਹੈ। ਇੱਥੇ ਤੈਨਾਤ ਪੁਲਸ ਮੁਲਾਜ਼ਮਾਂ ਵੱਲੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਸੰਗਤਾਂ ਨਾਲ ਮਾੜੇ ਵਤੀਰੇ ਦੀਆਂ ਖਬਰਾਂ ਸਾਹਮਣੇ ਆਈਆਂ ਹਨ। 

ਦੱਸ ਦਈਏ ਕਿ ਜਦੋਂ ਕੋਰੋਨਾਵਾਇਰਸ ਕਾਰਨ ਕਰਫਿਊ ਲਾਇਆ ਗਿਆ ਸੀ ਉਸ ਸਮੇਂ ਦਰਬਾਰ ਸਾਹਿਬ ਨੂੰ ਜਾਂਦੇ ਰਾਹ 'ਤੇ ਅਜਿਹੀ ਨਾਕਾਬੰਦੀ ਦੇਖਣ ਨੂੰ ਨਹੀਂ ਮਿਲੀ ਸੀ, ਪਰ ਹੁਣ ਜਦੋਂ ਸਰਕਾਰ ਨੇ ਬਜ਼ਾਰ ਵੀ ਖੋਲ੍ਹ ਦਿੱਤੇ ਹਨ ਅਤੇ ਕਰਫਿਊ ਵੀ ਹਟਾ ਦਿੱਤਾ ਹੈ ਤਾਂ ਦਰਬਾਰ ਸਾਹਿਬ ਦਾ ਰਾਹ ਬੰਦ ਕਰਨ ਲਈ ਸਰਕਾਰ 'ਤੇ ਵੱਡੇ ਸਵਾਲ ਉੱਠ ਰਹੇ ਹਨ। 

ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਮੀਟਿੰਗ ਵਿਚ ਬੋਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਧਾਰਮਿਕ ਸਥਾਨ ਤੁਰੰਤ ਖੋਲ੍ਹੇ ਜਾਣ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।