ਮਾਮਲਾ ਸਿੰਘੂ ਬਾਰਡਰ ਉਪਰ ਬੇਅਦਬੀ ਕਾਰਣ ਕਤਲ ਦਾ

ਮਾਮਲਾ ਸਿੰਘੂ ਬਾਰਡਰ ਉਪਰ ਬੇਅਦਬੀ ਕਾਰਣ ਕਤਲ ਦਾ
ਨਿਹੰਗ ਸਿੰਘ

  * ਨਿਹੰਗ ਸਿੰਘ ਨੇ ਦੋਸ਼ੀ ਦਾ ਕੀਤਾ ਕਤਲ * ਦੋਸ਼ੀ 3 ਧੀਆਂ ਦਾ ਪਿਓ ਲਖਬੀਰ ਨਸ਼ੇੜੀ  , ਪਤਨੀ ਛੱਡ ਕੇ ਚਲੀ ਗਈ ਸੀ ਪੇਕੇ

ਅੰਮ੍ਰਿਤਸਰ ਟਾਈਮਜ਼

ਦਿਲੀ : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬੀਤੇ ਸ਼ਨਿਚਰਵਾਰ ਸਵੇਰੇ ਸਿੰਘੂ ਬਾਰਡਰ 'ਤੇ ਨਿਹੰਗ ਸਿੰਘਾਂ ਨੇ ਇਕ ਵਿਅਕਤੀ ਨੂੰ ਬੰਨ੍ਹ ਕੇ ਬੇਅਦਬੀ ਦੇ ਦੋਸ਼ਾਂ ਕਾਰਣ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਹੱਥ ਤੇ ਲੱਤ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੀ ਪਛਾਣ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਨਿਵਾਸੀ ਲਖਬੀਰ ਸਿੰਘ ਉਰਫ਼ ਟੀਟੂ ਵਜੋਂ ਹੋਈ ਹੈ। ਇੱਧਰ, ਡੀਐੱਸਪੀ ਤਰਨਤਾਰਨ ਸੂਚਾ ਸਿੰਘ ਬਲ ਨੇ ਦੱਸਿਆ ਕਿ ਮਰਨ ਵਾਲੇ ਦਾ ਪੁਲਿਸ ਰਿਕਾਰਡ ਖੰਗਾਲਿਆ ਜਾ ਰਿਹਾ ਹੈ। 

ਲਖਬੀਰ ਸਿੰਘ ਟੀਟੂ ਦੇ ਫੁੱਫੜ ਹਰਨਾਮ ਸਿੰਘ ਪੁੱਤਰ ਜੀਉਣ ਸਿੰਘ ਦੇ ਦੇਹਾਂਤ ਤੋਂ ਬਾਅਦ ਉਸਦੇ ਘਰ ਵਿਚ ਕੋਈ ਨਹੀਂ ਬਚਿਆ ਤਾਂ ਟੀਟੂ ਆਪਣੀ ਪਤਨੀ ਜਸਪ੍ਰੀਤ ਕੌਰ ਤੋਂ ਇਲਾਵਾ ਤਿੰਨ ਕੁੜੀਆਂ ਤਾਨੀਆ (12), ਸੋਨੀਆ (10) ਅਤੇ ਕੁਲਦੀਪ ਕੌਰ (8) ਨਾਲ ਫੁੱਫੜ ਦੇ ਘਰ ਰਹਿਣ ਲੱਗਾ। ਉਸਦੀ ਇਕ ਭੈਣ ਰਾਜ ਕੌਰ ਦਾ ਵਿਆਹ ਪਿੰਡ ਕਸੇਲ ਵਾਸੀ ਮੰਗਲ ਸਿੰਘ ਨਾਲ ਹੋਇਆ ਸੀ ਅਤੇ ਉਹ ਵੀ ਆਪਣੇ ਪਤੀ ਸਮੇਤ ਪਿੰਡ ਚੀਮਾਂ ਕਲਾਂ ਵਿਖੇ ਟੀਟੂ ਹੁਰਾਂ ਦੇ ਨਾਲ ਹੀ ਰਹਿ ਰਹੀ ਸੀ। ਜਸਪ੍ਰੀਤ ਕੌਰ ਕੁਝ ਦਿਨ ਪਹਿਲਾਂ ਹੀ ਲਖਬੀਰ ਸਿੰਘ ਟੀਟੂ ਨਾਲ ਝਗੜ ਕੇ ਪੇਕੇ ਪਿੰਡ ਲੱਧੇਵਾਲ ਚਲੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਟੀਟਾ ਪਹਿਲਾਂ ਵੀ ਕਈ ਵਾਰ ਘਰੋਂ ਚਲਾ ਜਾਂਦਾ ਸੀ ਅਤੇ ਕਈ ਕਈ ਦਿਨ ਵਾਪਸ ਨਹੀਂ ਸੀ ਆਉਦਾ। ਇਹ ਸਿੰਘੂ ਬਾਰਡਰ ’ਤੇ ਕਦੋਂ ਪੁੱਜਾ ਇਸ ਬਾਰੇ ਤਾਂ ਕੋਈ ਵਿਅਕਤੀ ਹਾਲੇ ਜਾਣਕਾਰੀ ਨਹੀਂ ਦੇ ਸਕਿਆ ਪਰ ਬੇਅਦਬੀ ਕਰਨ ਦੇ ਸ਼ੱਕ ਹੇਠ ਟੀਟੂ ਦੇ ਕਤਲ ਦੀ ਖਬਰ ਜਦੋਂ ਪਿੰਡ ਵਿਚ ਪਹੁੰਚੀ ਤਾਂ ਸਭ ਹੈਰਾਨ ਹੋ ਗਏ। ਇਹ ਵੀ ਪਤਾ ਚੱਲਿਆ ਹੈ ਕਿ ਉਹ ਨਸ਼ੇ ਦਾ ਆਦੀ ਸੀ। ਇਸ ਦੇ ਪਿਤਾ ਦਰਸ਼ਨ ਸਿੰਘ ਦੀ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਮਾਂ ਦੀ ਵੀ ਮੌਤ ਹੋ ਗਈ ਸੀ। ਉਹ ਆਪਣੇ ਭੂਆ ਰਾਜਬੀਰ ਕੌਰ ਰਾਜ ਕੋਲ ਹੀ ਰਹਿੰਦਾ ਸੀ। ਨਸ਼ੇ ਦੀ ਲੱਤ ਕਾਰਨ ਉਸ ਦੀ ਪਤਨੀ ਚਾਰ ਸਾਲ ਪਹਿਲਾਂ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ।

ਕਿਹਾ ਜਾਂਦਾ ਹੈ ਕਿ ਮੌਕੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਪਤਾ ਚੱਲਿਆ ਸੀ। ਇਸ ਤੋਂ ਬਾਅਦ ਧਰਨੇ 'ਚ ਸ਼ਾਮਲ ਹੋਏ ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਦੀ ਖ਼ੁਦ ਪਛਾਣ ਲਖਬੀਰ ਦੇ ਤੌਰ 'ਤੇ ਕੀਤੀ ਤੇ ਤੜਕੇ ਉਸ ਨੂੰ ਸਿੰਘੂ ਬਾਰਡਰ 'ਤੇ ਬੰਨ੍ਹ ਕੇ ਕੁੱਟਮਾਰ ਕੀਤੀ। ਇਸ ਦੀ ਬਾਕਾਇਦਾ ਵੀਡੀਓ ਬਣਾਈ ਗਈ। ਇਕ ਨਿਹੰਗ ਨੇ ਤਲਵਾਰ ਨਾਲ ਲਖਬੀਰ ਦਾ ਹੱਥ ਤੇ ਲੱਤ ਕੱਟ ਦਿੱਤੀ। ਨੌਜਵਾਨ ਨੇ ਮੌਕੇ 'ਤੇ ਤੜਫ-ਤੜਫ ਕੇ ਜਾਨ ਦੇ ਦਿੱਤੀ। ਟੀਟੂ ਦੀ ਹੱਤਿਆ ਕਰਨ ਦੇ ਮੁਲਜ਼ਮ ਨਿਹੰਗ ਸਿੰਘਾਂ ਨੇ ਬਾਕਾਇਦਾ ਇੰਟਰਨੈੱਟ ਮੀਡੀਆ 'ਤੇ ਵੀਡੀਓ ਅਪਲੋਡ ਕਰ ਕੇ ਹੱਤਿਆ ਦੀ ਗੱਲ ਕੀਤੀ                                                 ਸੰਯੁਕਤ ਕਿਸਾਨ ਮੋਰਚੇ ਦਾ ਬਿਆਨ                                 ਪੰਜਾਬ ਦੇ ਲਖਬੀਰ ਸਿੰਘ  ਤਰਨਤਾਰਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ 'ਚ ਸੰਯੁਕਤ ਕਿਸਾਨ ਮੋਰਚੇ  ਦੇ ਆਗੂਆਂ ਨੇ ਕਿਹਾ ਕਿ ਘਟਨਾ ਦੀ ਜ਼ਿੰਮੇਵਾਰੀ ਇਕ ਨਿਹੰਗ ਗਰੁੱਪ ਨੇ ਲਈ ਤੇ ਕਿਹਾ ਹੈ ਕਿ ਅਜਿਹਾ ਉਸ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਾਰਨ ਕੀਤਾ ਗਿਆ। ਖਬਰ ਹੈ ਕਿ ਇਹ ਮ੍ਰਿਤਕ ਉਸੇ ਗਰੁੱਪ ਨਾਲ ਪਿਛਲੇ ਕੁਝ ਸਮੇਂ ਤੋਂ ਸੀ।ਸੰਯੁਕਤ ਕਿਸਾਨ ਮੋਰਚੇ ਨੇ ਬੇਰਹਿਮੀ ਨਾਲ ਕੀਤੀ ਗਈ ਇਸ ਹੱਤਿਆ ਦੀ ਨਿੰਦਾ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਇਸ ਘਟਨਾ ਦੀਆਂ ਦੋਵੇਂ ਧਿਰਾਂ, ਨਿਹੰਗ ਗਰੁੱਪ ਜਾਂ ਮ੍ਰਿਤਕ ਵਿਅਕਤੀ ਦਾ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਪ੍ਰਤੀਕ ਦੀ ਬੇਅਦਬੀ ਦੇ ਖਿਲਾਫ਼ ਹੈ। ਇਸ ਆਧਾਰ 'ਤੇ ਕਿਸੇ ਵੀ ਵਿਅਕਤੀ ਜਾਂ ਗਰੁੱਪ ਨੂੰ ਕਾਨੂੰਨ ਆਪਣੇ ਹੱਥਾਂ 'ਚ ਲੈਣ ਦੀ ਇਜਾਜ਼ਤ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਹ ਮੰਗ ਕਰਦੇ ਹਨ ਕਿ ਇਸ ਹੱਤਿਆ ਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ 'ਚ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਕਰੇਗਾ।