ਸੰਕਟਾਂ ਦੇ ਰੂਬਰੂ ਹੈ ਪੰਜਾਬ ਦੀ ਸਿੱਖਿਆ ਪ੍ਰਣਾਲੀ

ਸੰਕਟਾਂ ਦੇ ਰੂਬਰੂ ਹੈ ਪੰਜਾਬ ਦੀ ਸਿੱਖਿਆ  ਪ੍ਰਣਾਲੀ

ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਮੁਢਲੇ ਤੌਰ ਤੇ ਢਾਚਾਂ ਡਗਮਗਾ ਰਿਹਾ ਹੈ। ਪ੍ਰਾਇਮਰੀ ਸਿੱਖਿਆ ਪ੍ਰਣਾਲੀ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਹਰ ਪਾਸੇ ਪ੍ਰਬੰਧਕੀ ਘਾਟਾਂ, ਵਿੱਤੀ ਘਾਟਾਂ ਅਤੇ ਪ੍ਰਤੀਬੱਧਤਾ ਦੀ ਘਾਟ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਸਥਿਤੀ ਵਿੱਚ ਵਪਾਰਕ ਸੋਚ ਵਾਲਾ ਵਰਗ ਸਰਗਰਮ ਹੋ ਕੇ ਸਿੱਖਿਆ ਪ੍ਬੰਧ ਨੂੰ ਪੂਰਨ ਤੌਰ ਤੇ ਨਿੱਜੀ ਹੀ ਨਹੀਂ ਬਲਕਿ ਵਪਾਰਕ ਹਿੱਤਾਂ ਲਈ ਵੀ ਵਰਤਣ ਲਈ ਤਤਪਰ ਲੱਗਦਾ ਹੈ। ਇਹਨਾਂ ਯਤਨਾਂ ਤਹਿਤ ਵਪਾਰਕ ਦਿ੍ਸ਼ਟੀਕੋਣ ਤੋ ਚਲਾਈਆਂ ਜਾ ਰਹੀਆਂ ਵੱਖ ਵੱਖ ਪੱਧਰਾਂ ਦੀਆਂ ਸਿੱਖਿਆ ਸੰਸਥਾਵਾਂ ਦੀ ਪੜਾਈ ਮਹਿੰਗੀ ਹੋ ਰਹੀ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਇਸ ਦੁਰਭਾਗੀ  ਸਥਿਤੀ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਆਪਣੇ ਪੱਧਰ ਤੇ ਸੌੜੀ ਸੋਚ ਅਧੀਨ ਸਿੱਖਿਆ ਪ੍ਬੰਧ ਵਿੱਚ ਆਪਣਾ ਪ੍ਭਾਵ ਵਧਾਉਣਾ ਚਾਹੁੰਦੀਆਂ ਹਨ। ਇਸ ਦਵੰਦਾਮਈ ਸਥਿਤੀ ਵਿੱਚ ਸਿੱਖਿਆ ਪ੍ਬੰਧ ਵਿੱਚ ਵਧੇਰੇ ਨਿਘਾਰ ਆ ਗਿਆ ਹੈ। ਜਿਸ ਕਾਰਨ ਸਮੁੱਚਾ ਸਿੱਖਿਆ ਢਾਂਚਾ ਹੀ ਬਿਖਰ ਰਿਹਾ ਹੈ। ਇਸ ਸਥਿਤੀ ਵਿੱਚ ਕਈ ਦਹਾਕਿਆਂ ਤੋ ਗਠਿਤ ਪ੍ਬੰਧ ਜਿਸ ਵਿੱਚ ਕੇਂਦਰੀ ਸਰਕਾਰ ਤੇ ਰਾਜ ਸਰਕਾਰਾਂ ਵਿਚਕਾਰ ਕੰਮ ਕਾਜ ਦਾ ਸੰਤੁਲਨ ਸੀ, ਵੀ ਵਿਗੜਨਾ ਸੁਰੂ ਹੋ ਗਿਆ ਹੈ। ਇਸ ਕਾਰਨ ਹੀ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਤੋ ਵੀ ਜਿਆਦਾ ਉਚੇਰੀ ਸਿੱਖਿਆ ਪ੍ਬੰਧ ਵਿੱਚ ਸੰਕਟ ਪੈਦਾ ਹੋ ਰਹੇ ਹਨ। ਇਸ ਖੇਤਰ ਵਿੱਚ ਕੇਂਦਰੀ ਨੀਤੀਆਂ ਦੇ ਅਮਲਾਂ ਤਹਿਤ ਰਾਜ ਸਰਕਾਰਾਂ ਉਚੇਰੀ ਸਿੱਖਿਆ ਪ੍ਤੀ ਬੇਰੁਖੀ ਦਿਖਾਉਂਦੀਆਂ ਪ੍ਰਤੀਤ ਹੋ ਰਹੀਆਂ ਹਨ। ਇਸ ਸੰਦਰਭ ਵਿੱਚ ਹੀ  ਪੰਜਾਬ ਸਰਕਾਰ ਪਿਛਲੇ ਕੁਝ ਸਮੇਂ ਤੋਂ ਸਥਾਪਿਤ ਕੁਝ ਨੀਤੀਆਂ ਵਿੱਚ ਤਬਦੀਲੀਆਂ ਕਰਕੇ ਉਚੇਰੀ ਸਿੱਖਿਆ ਨੂੰ ਅਨਾਥ ਬਣਾਉਣ ਦੇ ਅਮਲ ਵੱਲ ਰੁਚਿਤ ਪ੍ਰਤੀਤ ਹੁੰਦੀ ਹੈ।

ਅਜ਼ਾਦੀ ਤੋ ਪਹਿਲਾਂ ਵਾਲੇ ਸਮੇਂ ਤੋ ਹੀ ਉਚੇਰੀ ਸਿੱਖਿਆ ਦੇ  ਖੇਤਰ ਵਿੱਚ ਨਿੱਜੀ ਪਰ ਸੇਵਾ  ਭਾਵਨਾ ਅੰਤਰਗਤ ਕੁਝ ਕਾਲਜ ਸਥਾਪਿਤ ਹੋਏ ਜਿੰਨਾ ਨੇ ਉਚੇਰੀ ਸਿੱਖਿਆ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਸਿਰਫ਼ ਨਿਭਾਇਆ ਹੀ ਨਹੀਂ ਸਗੋਂ ਪੰਜਾਬੀ ਨੌਜਵਾਨੀ ਦਾ ਉਜਲਾ  ਭਵਿੱਖ ਵੀ ਤਿਆਰ ਕੀਤਾ । ਪਰ, ਜੇਕਰ ਮੋਜੂਦਾ ਹਲਾਤਾਂ ਵੱਲ ਨਜ਼ਰ ਮਾਰੀਏ ਤਾਂ ਸਿੱਖਿਆ ਪ੍ਰਣਾਲੀ  ਵਿੱਚ ਕੀਤੀਆਂ ਬਹੁਤ ਸਾਰੀਆਂ ਤਬਦੀਲੀਆਂ ਕਾਰਨ ਸਿੱਖਿਆ ਪ੍ਰਣਾਲੀ ਦੀ ਬਹੁਤਾ ਸੁਲਝਿਆ  ਰੂਪ ਸਾਹਮਣੇ, ਨਹੀ ਆਉਦਾ ।ਕਾਲਜਾਂ , ਸਕੂਲਾਂ ਵਿੱਚ ਵੱਧਦੀਆਂ ਫੀਸਾਂ ਤੋ ਵਿਦਿਆਰਥੀ ਜਗਤ ਏਨਾ ਕੁ ਜਿਆਦਾ ਤੰਗ ਆਇਆ ਕਿ ਵਿਦਿਆਰਥੀਆਂ ਨੇ ਭਾਰਤ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਨ ਤੋ ਪੂਰੀ ਤਰ੍ਹਾਂ ਮੁੱਖ ਮੋੜ ਲਿਆ। ਵਿਦਿਆਰਥੀ ਜਗਤ ਬਾਰਵੀਂ ਜਮਾਤ ਮਗਰੋਂ ਆਈਲੈਟਸ ਦਾ ਟੈਸਟ ਪਾਸ ਕਰਕੇ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ।

ਬਤੌਰ ਅਧਿਆਪਕਾ ਆਪਣੇ ਵਿਦਿਆਰਥੀਆਂ ਨੂੰ ਆਮ ਤੌਰ ਤੇ ਹੀ ਪੁੱਛਦੀ ਰਹਿੰਦੀ ਹਾਂ ਕਿ ਤੁਹਾਡੇ ਜਿੰਦਗੀ ਦਾ ਟੀਚਾ ਕੀ ਹੈ, ਜਾਂ ਕਿਹੜੇ ਕਾਲਜ ਵਿੱਚ ਦਾਖਲਾ ਲੈਣਾ ਹੈ ਤਾਂ 70℅ਬੱਚਿਆ ਦਾ ਜਵਾਬ ਆਈਲੈਟਸ ਕਰਨਾ ਹੁੰਦਾ ਹੈ। ਗੱਲ ਸੋਚਣ ਵਾਲੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਅਜਿਹੀਆਂ ਕਿਹੜੀਆਂ ਕਮੀਆਂ ਹਨ ਜੋ ਵਿਦਿਆਰਥੀ ਵਰਗ ਦਾ ਮਨ ਭਾਰਤੀ ਸਿੱਖਿਆ ਪ੍ਰਣਾਲੀ ਤੋ ਖੱਟਾ ਹੋ ਚੁੱਕਾ ਹੈ। ਅਸਲ ਵਿੱਚ ਬਦਕਿਸਮਤੀ ਨਾਲ , ਪਿ੍ੰਸੀਪਲ ਤੇ ਪ੍ਬੰਧਕ ਕਮੇਟੀਆਂ ਤੇ ਅਧਾਰਿਤ ਜਥੇਬੰਦੀਆਂ ਕਲੱਬਾਂ ਦਾ ਰੂਪ ਧਾਰ ਚੁਕੀਆਂ ਹਨ । ਜਿੱਥੇ ਕੇਵਲ ਸਿੱਖਿਆ ਦੇ ਨਾਮ ਉੱਤੇ ਵਪਾਰ ਹੋ ਰਿਹਾ ਹੈ। ਇੱਥੇ ਇੱਕ ਹੋਰ ਪੱਖ ਉੱਪਰ ਬਹੁਤ ਗਹਿਰਾਈ ਨਾਲ ਸੋਚਣਾ ਚਾਹੀਦਾ ਹੈ ਸਾਡੀ ਮੋਜੂਦਾ ਸਿੱਖਿਆ ਪ੍ਰਣਾਲੀ ਦਾ ਮੰਤਵ ਨੌਜਵਾਨ ਵਰਗ ਨੂੰ ਸਿੱਖਿਅਤ ਕਰਨਾ ਨਾ ਹੋ ਕੇ ਕੇਵਲ ਫੀਸਾਂ ਵਸੂਲਣ ਤੱਕ ਰਹਿ ਗਿਆ ਹੈ। ਬਹੁਤ ਹੈਰਾਨਗੀ  ਵਾਲੀ ਗੱਲ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ  ਫੀਸ  ਦਾ ਭੁਗਤਾਨ ਨਾ ਹੋਣ ਕਰਕੇ   ਨਹੀ ਬੈਠਣ ਦਿੱਤਾ ਜਾਂਦਾ, ਜਿਸ ਕਾਰਣ ਕਈ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਇਆ।

ਭਾਰਤੀ ਸਿੱਖਿਆ ਪ੍ਰਣਾਲੀ ਹਮੇਸ਼ਾ ਤੋ ਕਾਪੀਆਂ ਕਾਲੀਆਂ ਵਾਲੀ ਪ੍ਣਾਲੀ ਰਹੀ ਹੈ, ਜਿਸ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਗੱਲ ਨਾ ਹੋਕੇ ਵਿਦਿਆਰਥੀਆਂ ਨੂੰ ਕੇਵਲ ਚੰਗੇ ਨੰਬਰ ਲੈਣ ਤੱਕ ਸੀਮਤ ਰੱਖਿਆ ਗਿਆ ਹੈ। ਇਹ ਗੱਲ ਤੋ ਅਸੀ ਸਾਰੇ ਚੰਗੀ ਤਰ੍ਹਾਂ ਜਾਣਕਾਰ  ਹਾਂ ਕਿ  ਵਿਦਿਆਰਥੀ ਵਰਗ ਸਾਡੇ ਦੇਸ਼ ਦੇ ਸਰਮਾਇਆ ਹਨ। ਸਾਡੇ ਦੇਸ਼ ਦਾ ਭਵਿੱਖ ਹਨ। ਜੇਕਰ ਮੈਂ ਗਲਤ ਨਾ ਹੋਵਾਂ ਤਾਂ ਅਸਲ ਵਿੱਚ ਹੋਣਾ ਏਦਾਂ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਸਿੱਖਿਆ ਮਹਿਕਮੇ ਦਾ ਮੰਤਵ ਕੇਵਲ ਪੈਸਾ ਇਕੱਠਾ ਕਰਨਾ ਨਹੀ ਹੋਣਾ ਚਾਹੀਦਾ ਬਲਕਿ ਦੇਸ਼ ਦੇ ਨੌਜਵਾਨਾਂ ਨੂੰ ਸਾਖਰਤ ਬਣਾਉਣਾ ਹੋਣਾ ਚਾਹੀਦਾ ਹੈ। ਬਹੁਤ ਹੀ ਅਾਮ ਜਿਹੀ ਗੱਲ ਹੈ ਕਿ, ਜਿਸ ਦੇਸ਼ ਦੀ ਨੋਜਵਾਨ ਪੀੜੀ ਸਿੱਖਿਅਕ ਹੋਵੇਗੀ, ਉਸ ਦੇਸ਼ ਦੀ ਤਰੱਕੀ ਦੀ ਰਫਤਾਰ ਵੀ ਉੁਨ੍ਹੀ ਤੇਜ਼ ਹੋਵੇਗੀ। ਬੇਸ਼ੱਕ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ। ਪਰ ਅਸੀ ਤਾਂ ਤਰੱਕੀ ਦੀ ਰੇਲ ਨੂੰ ਪੱਟੜੀ  ਉੱਤੇ ਹੀ ਨਹੀ ਚੜਨ ਦਿੰਦੇ। ਪਰ ਹਾਂ ਅੱਛੇ ਦਿਨਾਂ ਦੇ ਆਉਣ ਦਾ ਖੋਖਲਾ ਇੰਤਜ਼ਾਰ ਜਰੂਰ ਕਰੀ ਜਾ ਰਹੇ ਹਾਂ। ਹੁਣ ਕਈਆਂ ਦੇ ਮਨਾਂ ਵਿੱਚ ਇਹ ਵੀ ਵਿਚਾਰ ਆਇਆ ਹੋਊ ਕਿ ਜਿਹੜੇ ਪਹਿਲਾਂ  ਪੜ ਲਿਖ ਕੇ ਬੈਠੇ ਉਹਨਾਂ ਕਿੰਨੀ ਤਰੱਕੀ ਕਰ ਲਈ? ਉਸਦਾ ਜਵਾਬ ਵੀ ਸਿੱਖਿਆ ਪ੍ਰਣਾਲੀ ਨਾਲ ਹੀ ਸੰਬੰਧਿਤ ਹੈ, ਕਿ ਸਾਡੀ ਸਿੱਖਿਆ ਪ੍ਰਣਾਲੀ ਨੇ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਰੱਖਿਆ ਵਿਦਿਆਰਥੀਆਂ ਨੂੰ  ਵਾਧੂ ਕਲਾਵਾਂ ਦੀ ਜਾਣਕਾਰੀ ਹੀ ਨਹੀ ਦਿੱਤੀ, ਨਾ ਉਹਨਾਂ ਵਿੱਚ ਐਨਾ ਆਤਮ ਵਿਸ਼ਵਾਸ ਭਰਿਆ ਕਿ ਉਹ ਨੋਕਰੀਆਂ ਨਾ ਮਿਲਣ ਦੀ ਸਥਿਤੀ ਵਿੱਚ ਆਪਨੇ ਬਲਬੂਤੇ ਤੇ ਕੁਝ ਕਰ ਸਕਣ। 

ਸੋ ਅੰਤ ਵਿੱਚ ਨਚੋੜ ਇਹੀ ਨਿਕਲਦਾ ਹੈ ਕਿ ਵਿਦਿਆਰਥੀ ਜਗਤ ਸਾਡਾ ਭਵਿੱਖ ਹਨ, ਉਹਨਾਂ ਨੂੰ ਪੜਣ ਅਤੇ ਪੜਾਉਣ ਦੇ ਜਿੰਨੇ ਵੀ ਮੋਕੇ ਪ੍ਦਾਨ ਕੀਤੇ ਜਾਣ ਥੋੜੇ ਹਨ। ਨਾਲ ਦੀ ਨਾਲ ਕੇਵਲ ਪੈਸੇ ਵਸੂਲਣ ਜਾ ਕਿਤਾਬੀ ਗਿਆਨ ਤੱਕ ਹੀ ਸੀਮਤ ਨਾ ਰਹਿ ਜਾਵੇ ਸਾਡੇ ਸਿੱਖਿਆ ਮਹਿਕਮੇ ਦਾ ਵਿਦਿਆਰਥੀ ਵਰਗ ਵਿੱਚ ਜੋਸ਼, ਹੋਸਲਾ, ਆਤਮ ਵਿਸ਼ਵਾਸ, ਸਕਾਰਾਤਮਕ ਸੋਚ ਦੀ ਉਪਜ ਕਰਨਾ ਹੀ ਮੁੱਖ ਮੰਤਵ ਹੋਵੇ। ਇਸ ਵਿੱਚ ਸਭ ਤੋਂ ਮੁੱਖ ਭੂਮਿਕਾ ਸਰਕਾਰਾਂ, ਸਿੱਖਿਆ ਅਦਾਰਿਆਂ, ਪ੍ਰਿੰਸੀਪਲ, ਪ੍ਰਬੰਧਕ ਕਮੇਟੀਆਂ, ਅਤੇ ਖਾਸ ਕਰ ਅਧਿਆਪਕਾਂ ਦੀ ਹੈ, ਜੋ ਵਿਦਿਆਰਥੀਆਂ ਦੇ ਉਜਲੇ ਭਵਿੱਖ ਦੇ ਜਿੰਮੇਵਾਰ ਹਨ। ਆਉ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਅਤੇ ਇੱਕ ਵਧੀਆ ਸਿੱਖਿਆ ਢਾਚੇ ਰਾਹੀਂ ਪੰਜਾਬੀ ਨੋਜਵਾਨ ਪੀੜੀ ਨੂੰ ਠੀਕ ਤੇ ਯੋਗ ਸਿੱਖਿਆ ਦਿੰਦੇ ਹੋਏ ਉਹਨਾਂ ਨੂੰ ਚੰਗੇ ਨਾਗਰਿਕ ਤੇ ਉਨ੍ਹਾਂ ਲਈ ਰੁਜਗਾਰ ਦੇ ਸਵੈ ਵਸੀਲੇ ਪ੍ਰਾਪਤ ਕਰਨ ਲਈ ਯੋਗ ਵਾਤਾਵਰਣ ਸਥਾਪਿਤ ਹੋ ਸਕੇ । 

ਹਰਕੀਰਤ ਕੌਰ ਸਭਰਾ 
ਪਿੰਡ ਸਭਰਾ, ਤਹਿ ਪੱਟੀ
ਜ਼ਿਲਾ ਤਰਨਤਾਰਨ
9779118066