ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਸ਼ਹਿਜ਼ਾਦਾ ਵਿਕਟਰ ਦਾ ਲੰਡਨ ਵਾਲਾ ਮਹਿਲ ਵਿਕਣ 'ਤੇ ਲੱਗਿਆ

ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਸ਼ਹਿਜ਼ਾਦਾ ਵਿਕਟਰ ਦਾ ਲੰਡਨ ਵਾਲਾ ਮਹਿਲ ਵਿਕਣ 'ਤੇ ਲੱਗਿਆ


ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚਲੇ 19ਵੀਂ ਸਦੀ ਦੇ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਲੰਡਨ ਵਿਚ ਬਣਿਆ ਮਹਿਲ ਵਿਕਣ ਲਈ ਲਾਇਆ ਗਿਆ ਹੈ। ਇਸ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੋਂਡ ਨਿਰਧਾਰਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਅਤੇ ਡੋਗਰਿਆਂ ਦੀ ਮਦਦ ਨਾਲ ਅੰਗਰੇਜ਼ਾਂ ਵੱਲੋਂ ਛੇੜੀ ਗਈ ਪਰਿਵਾਰਕ ਖਾਨਾਜੰਗੀ ਦੇ ਚਲਦਿਆਂ ਉਸਨੂੰ ਮਾਂ ਮਹਾਰਾਣੀ ਜਿੰਦ ਕੌਰ ਦੀ ਨਜ਼ਰਸਾਨੀ ਹੇਠ ਬੜੀ ਛੋਟੀ ਉਮਰ ਹੀ ਪੰਜਾਬ ਦੀ ਸੱਤਾ ਸੰਭਾਲਣੀ ਪਈ। ਬਰਤਾਨਵੀ ਹਕੂਮਤ ਵੱਲੋਂ ਸਿੱਖ ਰਾਜ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਕਰਨ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਤਾਂ ਕਿ ਸਿੱਖ ਰਾਜ ਦੀ ਬਗਾਵਤ ਨੂੰ ਮੁੜ ਉੱਠਣ ਤੋਂ ਰੋਕੀ ਰੱਖਿਆ ਜਾਵੇ। 

ਦਲੀਪ ਸਿੰਘ ਨੂੰ ਬਰਤਾਨੀਆ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ। ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 ’ਚ ਲੰਡਨ ’ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ। ਕਈ ਸਾਲਾਂ ਬਾਅਦ ਉਸ ਨੇ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਲੇਡੀ ਐਨ ਕੋਵੈਂਟਰੀ ਨਾਲ ਵਿਆਹ ਕਰਵਾਇਆ ਸੀ ਜਿਸ ਮਗਰੋਂ ਬ੍ਰਿਟਿਸ਼ ਅਧਿਕਾਰੀਆਂ ਨੇ ਦੱਖਣ-ਪੱਛਮ ਕੇਨਸਿੰਗਟਨ ਦੇ ਦਿ ਲਿਟਿਲ ਬੋਲਟਨਜ਼ ਇਲਾਕੇ ’ਚ ਉਸ ਨੂੰ ਲੀਜ਼ ’ਤੇ ਮਹਿਲ ਦੇ ਦਿੱਤਾ ਸੀ। 
ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ। 1868 ’ਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਈਸਟ ਇੰਡੀਆ ਕੰਪਨੀ ਨੇ ਖ਼ਰੀਦ ਲਿਆ ਸੀ। ਦੱਸਣ ਮੁਤਾਬਕ ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚ ਦੇ ਬਦਲੇ ’ਚ ਲੀਜ਼ ’ਤੇ ਦੇ ਦਿੱਤਾ ਸੀ। 

ਸ਼ਾਹੀ ਪਰਿਵਾਰ ਕੋਲ ਵਿੰਬਲਡਨ ਅਤੇ ਰੋਇਹੈਂਪਟਨ ’ਚ ਵੀ ਸੰਪਤੀਆਂ ਸਨ। ਉਨ੍ਹਾਂ ਕੋਲ ਪੂਰਬੀ ਇੰਗਲੈਂਡ ਦੇ ਸਫੋਲਕ ’ਚ 17 ਹਜ਼ਾਰ ਏਕੜ ਰਕਬੇ ’ਚ ਮਹਿਲ ਐਲਵੇਡਨ ਹਾਲ ਵੀ ਸੀ। 

ਸ਼ਹਿਜ਼ਾਦਾ ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਤੋਂ ਪੈਦਾ ਹੋਇਆ ਸੀ ਅਤੇ ਉਹ ਮਹਾਰਾਜੇ ਦਾ ਵੱਡਾ ਪੁੱਤਰ ਸੀ। ਉਸ ਨੇ ਐਟਨ ਕਾਲਜ ਅਤੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਸੀ। ਉਸ ਨੂੰ 8250 ਪੌਂਡ ਅਤੇ ਪਤਨੀ ਨੂੰ 2500 ਪੌਂਡ ਸਾਲਾਨਾ ਮਿਲਦੇ ਸਨ ਪਰ ਸ਼ਹਿਜ਼ਾਦੇ ਦੇ ਸਿਰ ’ਤੇ 117900 ਪੌਂਡ ਦਾ ਕਰਜ਼ਾ ਚੜ੍ਹ ਗਿਆ ਜਿਸ ਕਾਰਨ ਉਸ ਨੂੰ 1902 ’ਚ ਦੀਵਾਲੀਆ ਕਰਾਰ ਦਿੱਤਾ ਗਿਆ ਸੀ। ਊਸ ਨੇ ਪਹਿਲੀ ਵਿਸ਼ਵ ਜੰਗ ਦਾ ਸਮਾਂ ਮੋਨਾਕੋ ’ਚ ਗੁਜ਼ਾਰਿਆ ਜਿਥੇ 1918 ’ਚ 51 ਸਾਲ ਦੀ ਉਮਰ ’ਚ ਸ਼ਹਿਜ਼ਾਦੇ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ ਐਨ ਜੁਲਾਈ 1956 ’ਚ ਆਪਣੀ ਮੌਤ ਤੱਕ ਦਿ ਲਿਟਿਲ ਬੋਲਟਨਜ਼ ਵਾਲੇ ਮਹਿਲ ’ਚ ਰਹਿੰਦੀ ਰਹੀ।