ਦਰਬਾਰ ਸਾਹਿਬ ਉਪਰ ਸੂਖਮ ਹਮਲੇ ਰੋਕਣ ਲਈ ਸ੍ਰੋਮਣੀ ਕਮੇਟੀ ਮਰਿਯਾਦਾ ਸਖਤੀ ਨਾਲ ਅਪਨਾਵੇ - ਖਾਲਸਾ

ਦਰਬਾਰ ਸਾਹਿਬ ਉਪਰ ਸੂਖਮ ਹਮਲੇ ਰੋਕਣ ਲਈ ਸ੍ਰੋਮਣੀ ਕਮੇਟੀ ਮਰਿਯਾਦਾ ਸਖਤੀ ਨਾਲ ਅਪਨਾਵੇ - ਖਾਲਸਾ
ਕੈਪਸ਼ਨ :ਪਰਮਿੰਦਰ ਪਾਲ ਸਿੰਘ ਖਾਲਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਬੇਅਦਬੀ ਕਰਨ ਵਾਲੇ ਤੇ ਦਰਬਾਰ ਸਾਹਿਬ ਦੀ ਤੌਹੀਨ ਕਰਨ ਵਾਲੇ  ਬਿਪਰਨੀ ਲੋਕ ਹਨ ਜਿਨ੍ਹਾਂ ਨੂੰ ਗੁਰੂ ਨਾਨਕ-ਸੱਚ ਨੇ  ਝੰਝੋੜਿਆ ਸੀ, ਜਿਹੜੇ ਬਿਪਰ ਸੰਸਕਾਰੀ ਭਵਜਲ ਵਿਚ ਡੁਬੇ ਬ੍ਰਹਮ ਤੇ ਸਾਂਂਝੀਵਾਲਤਾ  ਦੇ ਮਹਾਨ  ਅੰਮ੍ਰਿਤ ਵਰਤਾਰੇ ਨੂੰ ਕਦੇ ਨਹੀ ਜਾਣ ਤੇ ਮਾਣ ਸਕੇ।ਸਮਾਜ ਨੂੰ ਫਿਰਕੂ ਸਿਆਸਤ ,ਵਰਨ ਆਸ਼ਰਮ ਤੇ ਨਫਰਤਾਂ ਰਾਹੀਂ ਵੰਡਦੇ ਰਹੇ।    ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਉਪਰ ਅਰਚਨਾ ਦਾ ਬਿਪਰਨੀ ਯੋਗਾ ਹਮਲੇ ਪਿਛੇ ਸੂਖਮ ਗੁਪਤ ਤਾਕਤਾਂ ਸਿਖਾਂ ਨੂੰ ਜਲੀਲ ਕਰਨਾ ਚਾਹੁੰਦੀਆਂ ਹਨ।ਖਾਲਸਾ ਨੇ ਕਿਹਾ ਕਿ ‘ ਸ੍ਰੀ ਦਰਬਾਰ ਸਾਹਿਬ  ਸਿੱਖ ਪੰਥ ਦੀ ਰੂਹਾਨੀ ਸ਼ਕਤੀ ਦੇ ਕੇਂਦਰ ਹਨ।ਪਰ ਇਨ੍ਹਾਂ ਉਪਰ ਬੇਹੱਦ ਨੀਵੇਂ ਦਰਜੇ ਦੇ ਹਮਲੇ ਹੋਏ ਹਨ।ਇਹ ਕਿਸੇ  ਫਿਰਕੂ ਤਾਕਤ ਦੇ ਅਣਮਨੁੱਖੀ ਅਤੇ ਅਨੈਤਿਕ ਹੋਣ ਦੀਆਂ ਸਿਖਰਲੀਆਂ ਮਿਸਾਲਾਂ ਹਨ। ਉਨ੍ਹਾਂ ਸ੍ਰੋਮਣੀ ਕਮੇਟੀ ਨੂੰ ਕਿਹਾ ਕਿ ਦਰਬਾਰ ਸਾਹਿਬ ਨੂੰ ਪਿਕਨਿਕ ਸਥਾਨ ਬਣਾਕੇ ਇਸ ਨੂੰ ਸੈਰ ਸਪਾਟਾ ਵਾਲਾ ਸਥਾਨ ਨਾ ਬਣਾਇਆ ਜਾਵੇ।ਇਸਨੂੰ ਰੂਹਾਨੀਅਤ ਦਾ ਸਥਾਨ ਰਹਿਣ ਦਿਤਾ ਜਾਵੇ। ਉਨ੍ਹਾਂ ਸ੍ਰੋਮਣੀ ਕਮੇਟੀ ਨੂੰ ਸਲਾਹ ਦਿਤੀ ਕਿ ਉਹ ਦਰਬਾਰ ਸਾਹਿਬ ਦੇ ਬਾਹਰ ਜੋੜੇ ਘਰਾਂ ਫੁਹਾਰਿਆਂ ਵਾਲੀ ਥਾਂ ਘੰਟਾ ਘਰ ਬਾਹਰ ਦਰਬਾਰ ਸਾਹਿਬ ਦੇ ਏਰੀਆ ਵਿਚ ਫੋਟੋ ਵੀਡੀਉ ਖਿਚਣ ਉਪਰ ਪਾਬੰਦੀ ਲਗਾਈ ਜਾਵੇ।ਬੀਬੀਆਂ ਲਈ ਸਲਵਾਰ ਸੂਟ ਡਰੈਸ ਕੋਡ ਰਖਿਆ ਜਾਵੇ।ਮੋਬਾਈਲ ਫੋਨ ਚਲਾਉਣ ਵਾਲਿਆਂ ਉਪਰ ਸਖਤ ਪਾਬੰਦੀ ਲਗਾਈ ਜਾਵੇ।ਇਸ ਸੰੰਬੰਧ ਵਿਚ ਖਾਸ ਹਦਾਇਤ ਤੇ ਮਰਿਯਾਦਾ ਬਾਰੇ ਕੁਝ ਬੋਰਡ ਲਗਾਏ ਜਾਣ।ਵੀਆਈਪੀ ਦਾ ਸਨਮਾਨ ਤੇ ਸਵਾਗਤ ਤੇ ਫੋਟਵਾਂ ਦਾ ਪ੍ਰਬੰਧ ਬੰਦ ਕੀਤਾ ਜਾਵੇ ਜੋ ਗੁਰੂ ਘਰ ਦੀ ਮਰਿਯਾਦਾ ਦੇ ਵਿਰੁਧ ਹੈ ਤੇ ਪਤਰਕਾਰਾਂ ਨੂੰ ਖਾਸ ਹਦਾਇਤਾਂ ਦਿਤੀਆਂ ਜਾਣ ਕਿ ਉਹ ਮਰਿਯਾਦਾ ਦੀ ਪਾਲਣਾ ਕਰਨ।ਸ੍ਰੋਮਣੀ ਕਮੇਟੀ ਨੂੰ ਕਿਸੇ ਦੇ ਵਿਰੋਧ ਦੀ ਪਰਵਾਹ ਨਾ ਕਰਦਿਆਂਂ ਗੁਰਮਰਿਆਦਾਦੀ ਪਾਲਣਾ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਪੂਰੀ ਤਰ੍ਹਾਂ ਡਿਫਾਇਨ ਹੈ, ਸਿੱਖਾਂ ਦੀ ਪਛਾਣ ਵੱਖਰੀ ਹੈ ਅਤੇ ਸਿੱਖ ਨੇ ਕੀ ਕਰਨਾ ਹੈ, ਕੀ ਨਹੀਂ ਇਹ ਸਭ ਕੁਝ ਤੈਅ ਹੈ।ਇਸ ਦੀ ਪਾਲਣਾ ਕਰਾਉਣੀ ਸ੍ਰੋਮਣੀ ਕਮੇਟੀ ਦਾ ਫਰਜ਼ ਹੈ।ਖਾਲਸਾ ਨੇ ਕਿਹਾ ਕਿ ਇਸਦੀ ਜਿੰਮੇਵਾਰੀ ਅਕਾਲੀ ਦਲ ਉਪਰ ਵੀ ਆਉਂਦੀ ਹੈ।ਇਹਨਾਂ ਹਮਲਿਆਂ ਪ੍ਰਤੀ ਸਿਖ ਪੰਥ ਨੂੰ ਉਹ ਵੀ ਜਵਾਬਦੇਹ ਹੈ। ਇਹ ਸੂਖਮ ਹਮਲੇ ਸੁਨੇਹਾ ਦੇ ਰਹੇ ਹਨ ਕਿ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਦਰਬਾਰ ਸਾਹਿਬ ਦੇ ਪ੍ਰਬੰਧ ਯੋਗ ਨਹੀਂ ਰਹੀ।ਇਸ ਬਾਰੇ ਪ੍ਰਬੰਧਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ।ਖਾਲਸਾ ਨੇ ਕਿਹਾ ਕਿ ਅੱਜ ਪੰਥ ‘ਤੇ ਹੋ ਰਹੇ ਹਮਲਿਆਂ ਦੀ ਰਾਜਨੀਤਕ ਤੇ ਸੱਭਿਆਚਾਰਕ ਰਣਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉੱਥੇ ਇਨ੍ਹਾਂ ਬਹੁਮੁਖੀ ਤੇ ਬਹੁਪਰਤੀ ਹਮਲਿਆਂ ਦਾ ਟਾਕਰਾ ਕਰਨ ਤੇ ਇਨ੍ਹਾਂ ਨੂੰ ਪਛਾੜਣ ਲਈ ਪੰਥਕ ਏਕਤਾ ਦੀ ਵੱਡੀ ਲੋੜ ਹੈ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ, ਰਾਜਨੀਤਕ ਦਲਾਂ, ਧਾਰਮਿਕ, ਸਮਾਜਿਕ ਤੇ ਸਿੱਖਿਆ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਪੰਥਕ ਹਾਲਾਤਾਂ ਨੂੰ ਵੇਖਦਿਆਂ ਸਾਰੇ ਤਰ੍ਹਾਂ ਦੇ ਰਾਜਸੀ, ਵਿਚਾਰਕ ਤੇ ਜਾਤੀ ਮਤਭੇਦਾਂ-ਵਖਰੇਵਿਆਂ ਨੂੰ ਪਾਸੇ ਰੱਖ ਕੇ ਇਕ ਖ਼ਾਲਸਈ ਨਿਸ਼ਾਨ ਸਾਹਿਬ ਹੇਠਾਂ ਇਕੱਤਰ ਹੋਣ ਤਾਂ ਜੋ ਸਿੱਖ ਪੰਥ ਬਿਖੜੇ ਹਾਲਾਤਾਂ ਵਿਚੋਂ ਇਕ ਵਾਰ ਮੁੜ ‘ਕੁਠਾਲੀ ‘ਚੋਂ ਕੁੰਦਨ ਵਾਂਗ ਚਮਕ ਕੇ’ ਉੱਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਮਾਨਵਤਾ ਦੇ ਭਲੇ ਤੇ ਜਬਰ ਦੇ ਵਿਰੁੱਧ ਸੰਘਰਸ਼ ਦੇ ਆਦਰਸ਼ਾਂ ਨੂੰ ਆਪਣੇ ਨੇਕ ਅਮਲਾਂ ਦੁਆਰਾ ਸੰਸਾਰ ਵਿਚ ਫੈਲਾ ਕਰ ਸਕੇ।