ਦਲ ਖ਼ਾਲਸਾ ਦੇ ਸਥਾਪਨਾ ਦਿਵਸ ਮੌਕੇ ਖਾਲਿਸਤਾਨ ਲਈ ਆਜ਼ਾਦੀ ਮਾਰਚ ਕੱਢਿਆ
ਪਰਮਜੀਤ ਸਿੰਘ ਪੰਜਵੜ੍ਹ ਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਵਿਦੇਸ਼ਾਂ ਵਿਚ ਹੱਤਿਆ ਦੀ ਨਿਖੇਧੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਹੁਸ਼ਿਆਰਪੁਰ-ਆਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਆਪਣਾ 46ਵਾਂ ਸਥਾਪਨਾ ਦਿਵਸ ਮਨਾਇਆ, ਜੋ ਭਾਈ ਹਰਦੀਪ ਸਿੰਘ ਨਿੱਝਰ ਤੇ ਦਲ ਖ਼ਾਲਸਾ ਦੇ ਸੰਸਥਾਪਕ ਭਾਈ ਗਜਿੰਦਰ ਸਿੰਘ ਨੂੰ ਸਮਰਪਿਤ ਸੀ । ਦਲ ਖ਼ਾਲਸਾ ਨਾਲ ਜੁੜੇ ਸੈਂਕੜੇ ਨੌਜਵਾਨਾਂ ਨੇ 'ਆਜ਼ਾਦੀ ਮਾਰਚ' ਦੇ ਨਾਂਅ ਹੇਠ ਮਾਰਚ ਕੀਤਾ । ਮਾਰਚ ਤੋਂ ਪਹਿਲਾਂ ਦਲ ਖ਼ਾਲਸਾ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕਾਨਫ਼ਰੰਸ ਕੀਤੀ, ਜਿਸ 'ਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕੰਵਰਪਾਲ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦਾ ਆਧਾਰ ਬਣਨ ਦੇ ਬਾਵਜੂਦ ਬਹੁਤ ਸਾਰੀਆਂ ਸੰਘਰਸ਼ਸ਼ੀਲ ਕੌਮਾਂ ਤੇ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ | ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪਿਛਲੇ 77 ਸਾਲਾਂ ਤੋਂ ਹਾਕਮਾਂ ਵਲੋਂ ਸਿਆਸੀ ਹਿੱਤਾਂ ਤੇ ਵੋਟਾਂ ਲਈ ਧਾਰਮਿਕ ਘੱਟ ਗਿਣਤੀਆਂ, ਦੱਬੇ-ਕੁਚਲੇ ਤੇ ਮੂਲ ਵਾਸੀ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ।ਉਨ੍ਹਾਂ 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ । ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਕੂਮਤ ਦੀ ਸਖ਼ਤ ਆਲੋਚਨਾ ਕੀਤੀ ਜਿਸ ਦੇ ਇਸ਼ਾਰੇ 'ਤੇ ਪਰਮਜੀਤ ਸਿੰਘ ਪੰਜਵੜ੍ਹ ਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਵਿਦੇਸ਼ਾਂ ਵਿਚ ਹੱਤਿਆ ਨੂੰ ਅੰਜਾਮ ਦਿੱਤਾ । ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਮਿਲ ਕੇ ਪੰਜਾਬ ਅਤੇ ਪੰਥ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਸਾਂਝੇ ਤੌਰ 'ਤੇ ਸਿਆਸੀ ਸੰਘਰਸ਼ ਜਾਰੀ ਰੱਖੇਗਾ । ਇਸ ਮੌਕੇ ਪ੍ਰੋ. ਮਹਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਦਲ ਖ਼ਾਲਸਾ ਤੇ ਅਕਾਲੀ ਦਲ (ਅ) ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ ।
Comments (0)