ਅਮਰੀਕਾ ਦੇ ਮੈਰੀਲੈਂਡ ਰਾਜ ਦੇ ਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਵਿੱਚ 2 ਮੌਤਾਂ
ਨਾਲ ਲੱਗਦੇ ਕਈ ਘਰਾਂ ਨੂੰ ਪੁੱਜਾ ਨੁਕਸਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮੈਰੀਲੈਂਡ (ਹਰਫੋਰਡ ਕਾਊਂਟੀ) ਰਾਜ ਦੇ ਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਵਿਚ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ । ਜਿਸ ਘਰ ਵਿਚ ਧਮਾਕਾ ਹੋਇਆ ਉਹ ਪੂਰੀ ਤਰਾਂ ਮਲਬੇ ਵਿਚ ਤਬਦੀਲ ਹੋ ਗਿਆ ਜਦ ਕਿ ਨਾਲ ਲੱਗਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ।ਅਧਿਕਾਰੀਆਂ ਅਨੁਸਾਰ ਇਹ ਘਟਨਾ ਬਾਲਟੀਮੋਰ ਦੇ ਉੱਤਰ ਪੂਰਬ ਵਿਚ ਵਾਪਰੀ। ਜਾਰੀ ਇਕ ਬਿਆਨ ਵਿਚ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੁਰੂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 2 ਹੋਰਨਾਂ ਦੇ ਜਖਮੀ ਹੋਣ ਦੀ ਖਬਰ ਮਿਲੀ ਸੀ ਪਰੰਤੂ ਬਾਅਦ ਵਿਚ ਮਲਬੇ ਹੇਠੋਂ ਇਕ ਹੋਰ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ। ਮੈਰੀਲੈਂਡ ਸਟੇਟ ਫਾਇਰ ਮਾਰਸ਼ਲ ਦੇ ਦਫਤਰ ਦੇ ਅਧਿਕਾਰੀ ਉਲੀਵਰ ਅਲਕਾਇਰ ਨੇ ਕਿਹਾ ਹੈ ਕਿ ਸ਼ੁਰੂ ਵਿਚ ਸਵੇਰੇ 6.42 ਵਜੇ ਅੱਗ ਬੁਝਾਊ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬੈਲ ਏਅਰ ਖੇਤਰ ਵਿਚ ਆਰਥਰਜ ਵੁੱਡਜ ਡਰਾਈਵ 'ਤੇ ਇਕ ਘਰ ਵਿਚ ਗੈਸ ਰਿਸ ਰਹੀ ਹੈ। ਜਦੋਂ ਅੱਗ ਬੁਝਾਊ ਅਮਲਾ ਮੌਕੇ 'ਤੇ ਜਾ ਰਿਹਾ ਸੀ ਤਾਂ ਉਨਾਂ ਨੂੰ ਸੂਚਨਾ ਮਿਲੀ ਕਿ ਗੈਸ ਰਿਸਣ ਉਪਰੰਤ ਘਰ ਵਿਚ ਜਬਰਦਸਤ ਧਮਾਕਾ ਹੋਇਆ ਹੈ।
ਅਲਕਾਇਰ ਅਨੁਸਾਰ ਧਮਾਕੇ ਕਾਰਨ ਨਾਲ ਲੱਗਦੇ ਘੱਟੋ ਘੱਟ 12 ਪਰਿਵਾਰ ਉਜੜ ਗਏ ਹਨ। ਉਨਾਂ ਇਹ ਵੀ ਕਿਹਾ ਕਿ ਜਦੋਂ ਘਰ ਵਿਚ ਧਮਾਕਾ ਹੋਇਆ ਤਾਂ ਉਥੇ ਬਾਲਟੀਮੋਰ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਠੇਕਾ ਵਰਕਰ ਪਹਿਲਾਂ ਤੋਂ ਹੀ ਮੌਜੂਦ ਸਨ ਜੋ ਉਥੇ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਗਏ ਸਨ। ਇਕ ਠੇਕਾ ਵਰਕਰ ਵੀ ਜ਼ਖਮੀ ਹੋਇਆ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਜਿਸ ਘਰ ਵਿਚ ਧਮਾਕਾ ਹੋਇਆ ਹੈ, ਉਹ ਵਿਕਰੀ ਲਈ ਲਾਇਆ ਹੋਇਆ ਸੀ ਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਜਾਣ ਬੁਝ ਕੇ ਕੀਤਾ ਗਿਆ ਹੈ ਜਾਂ ਇਹ ਅਚਨਚੇਤ ਵਾਪਰੀ ਘਟਨਾ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਇਕ ਮ੍ਰਿਤਕ ਦੀ ਪਛਾਣ 73 ਸਾਲਾ ਘਰ ਦੇ ਮਾਲਕ ਵਜੋਂ ਹੋਈ ਹੈ।
Comments (0)