ਸ਼ਰਾਬ ਫੈਕਟਰੀ ਦੇ ਹੱਕ ’ਵਿਚ ਰਿਪੋਰਟ ਆਉਣ ’ਤੇ ਪਿੰਡ ਵਾਸੀਆਂ ਨੇ ਕੀਤਾ ਵਿਖਾਵਾ
ਮੁੱਖ ਮੰਤਰੀ ਨੂੰ ਗੰਧਲਾ ਪਾਣੀ ਦਿਖਾਉਣ ਗਏ ਤਿੰਨ ਧਰਨਾਕਾਰੀ ਚੰਡੀਗੜ੍ਹ ਪੁਲੀਸ ਵਲੋਂ ਗ੍ਰਿਫ਼ਤਾਰ
ਪਿੰਡਾਂ ਦੇ ਲੋਕ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ
ਵਿਸ਼ੇਸ਼ ਰਿਪੋਰਟ
ਮਨਸੂਰਵਾਲ ਕਲਾਂ ਜ਼ੀਰਾ ਵਿਚ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਆਪਣੀਆਂ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਦਾ ਧਰਨਾ ਜਾਰੀ ਹੈ। ਉਨ੍ਹਾਂ ਫੈਕਟਰੀ ਦੇ ਹੱਕ ’ਵਿਚ ਰਿਪੋਰਟ ਆਉਣ ’ਤੇ ਰੋਸ ਜ਼ਾਹਰ ਕੀਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਜ਼ੀਰਾ ਨੇ ਦੱਸਿਆ ਕਿ ਮੋਰਚੇ ਦੇ ਆਗੂ ਸੰਦੀਪ ਸਿੰਘ ਰਟੌਲ ਰੋਹੀ, ਡਾ. ਹਰਿੰਦਰ ਸਿੰਘ ਸਾਧੂਵਾਲਾ, ਅਰਸ਼ਦੀਪ ਸਿੰਘ ਪੰਨੂ ਜ਼ੀਰਾ ਇਲਾਕੇ ਦੇ ਬੋਰਾਂ ਵਿੱਚੋਂ ਨਿਕਲੇ ਕਾਲੇ ਪਾਣੀ ਦੀਆਂ ਬੋਤਲਾਂ ਲੈ ਕੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਖਾਉਣ ਗਏ ਸਨ ਪਰ ਉਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੀ ਧਰਨਾਕਾਰੀਆਂ ਨੇ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਮੋਰਚੇ ਦੇ ਆਗੂਆਂ ਨੂੰ ਜਲਦ ਰਿਹਾਅ ਕਰੇ। ਇਸ ਸਮੇਂ ਸਰਬਸੰਮਤੀ ਨਾਲ ਮਤੇ ਪਾੲੇ ਗਏ ਜਿਨ੍ਹਾਂ ਵਿੱਚ 60 ਪਿੰਡਾਂ ਦੇ ਲੋਕਾਂ ਨੇ ਮਤਾ ਪਾਇਆ ਕਿ ਜ਼ੀਰਾ ਹਲਕੇ ਦੇ ਪੌਣ-ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀ ਫੈਕਟਰੀ ਬੰਦ ਕੀਤੀ ਜਾਵੇ, ਨਾਜਾਇਜ਼ ਮਾਈਨਿੰਗ ਅਤੇ ਜ਼ਹਿਰੀਲੀ ਸੁਆਹ ਸੁੱਟਣ ’ਤੇ ਫੈਕਟਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕੈਂਸਰ ਕਾਰਨ ਮਰਨ ਵਾਲੇ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਫੈਕਟਰੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਮੁਆਵਜ਼ਾ ਦੇਵੇ। ਪਿੰਡ ਵਾਸੀਆਂ ਨੇ ਅੱਜ ਦੇ ਇਕੱਠ ਵਿੱਚ ਸੁਰਜੀਤ ਸਿੰਘ ਫੂਲ, ਗੁਰਨਾਮ ਸਿੰਘ ਚੜੂਨੀ, ਕ੍ਰਾਂਤੀਕਾਰੀ ਯੂਨੀਅਨ ਦੀ ਇਸਤਰੀ ਆਗੂ ਸੁਖਵਿੰਦਰ ਕੌਰ ਬਠਿੰਡਾ, ਭਾਈ ਅੰਮ੍ਰਿਤਪਾਲ ਸਿੰਘ, ਸੋਨੀਆ ਮਾਨ, ਅਮਿਤੋਜ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਜੀਤ ਕੌਰ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਫੈਕਟਰੀ ਨੇੜਲੇ ਪਿੰਡਾਂ ਦੇ ਬੋਰਾਂ ਵਿੱਚੋਂ ਗੰਦਾ ਪਾਣੀ ਨਿਕਲਣ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨਜੀਟੀ ਨੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੇ ਕੇ ਕਾਰਪੋਰੇਟ ਘਰਾਣਿਆਂ ਦਾ ਸਾਥ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਦਸ ਦਿਨ ਵਿੱਚ ਆ ਜਾਣੀ ਚਾਹੀਦੀ ਸੀ ਜੋ 40 ਦਿਨ ਬਾਅਦ ਜਨਤਕ ਕੀਤੀ ਗਈ ਹੈ। ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਇਲਾਕੇ ਦੇ ਪੌਣ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ।
ਪੰਜਾਬ ਸਿਵਲ ਸਕੱਤਰੇਤ ਤੋਂ ਹਿਰਾਸਤ ਵਿਚ ਲਏ ਆਗੂ ਰਿਹਾਅ
ਹਲਕਾ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਕਰਕੇ ਗੰਧਲੇ ਹੋ ਰਹੇ ਪਾਣੀ ਦੀਆਂ ਬੋਤਲਾਂ ਲੈ ਕੇ ਚੰਡੀਗੜ੍ਹ ਪੁੱਜੇ ਤਿੰਨ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿਚ ਲੈਣ ਮਗਰੋਂ ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਪੰਜਾਬ ਸਕੱਤਰੇਤ ਕੋਲੋਂ ਹਿਰਾਸਤ ਵਿੱਚ ਲਿਆ ਸੀ। ਇਹ ਤਿੰਨੋਂ ਨੌਜਵਾਨ ਸਫ਼ੈਦ ਕੱਪੜੇ ਪਾ ਕੇ ਭਗਤ ਸਿੰਘ ਵਾਂਗ ਪੱਗ ਸਜਾ ਕੇ ਇਥੇ ਪੁੱਜੇ ਸਨ। ਇਨ੍ਹਾਂ ਨੇ ਗੰਦੇ ਪਾਣੀ ਦੀਆਂ ਬੋਤਲਾਂ ਹੱਥ ਵਿੱਚ ਫ਼ੜ ਕੇ ਸ਼ਾਂਤਮਈ ਰੋਸ ਜਤਾਇਆ ਸੀ। ਉਨ੍ਹਾਂ ਮੰਗ ਕੀਤੀ ਕਿ ਜ਼ੀਰਾ ਵਿੱਚੋਂ ਸ਼ਰਾਬ ਤੇ ਕੈਮੀਕਲ ਫੈਕਟਰੀ ਨੂੰ ਬੰਦ ਕੀਤਾ ਜਾਵੇ
ਸ਼ਰਾਬ ਫੈਕਟਰੀਆਂ ਕਾਰਣ ਜ਼ਹਿਰੀਲਾ ਪਾਣੀ ਪੰਜਾਬੀਆਂ ਦੀ ਨਸਲ ਉਜਾੜੇਗਾ ਇਕ ਰਿਪੋਰਟ ਅਨੁਸਾਰ ਪੰਜਾਬ ਦਾ 92 ਫ਼ੀਸਦੀ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਪੰਜਾਬ ਦੇ ਪਾਣੀਆਂ ‘ਚ ਉੱਚ ਜ਼ਹਿਰੀਲੇ ਸੰਖੀਏ ਵਾਲੇ ਤੱਤ (ਆਰਸੈਨਿਕ) ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਆਰਸੈਨਿਕ ਆਪਣੇ ਅਜੀਵ ਰੂਪ ਵਿਚ ਬਹੁਤ ਜ਼ਹਿਰੀਲਾ ਹੈ, ਜਿਸ ‘ਵਿਚ ਪੀਣ ਵਾਲੇ ਪਾਣੀ ਤੇ ਭੋਜਨ ਦੇ ਤੱਤਾਂ ਦੇ ਲੰਬੇ ਸਮੇਂ ਤੱਕ ਇਹਨਾਂ ਦੇ ਸੰਪਰਕ ‘ਵਿਚ ਰਹਿਣ ਦੇ ਚੱਲਦੇ ਕੈਂਸਰ ਤੇ ਚਮੜੀ ਰੋਗਾਂ ਸਮੇਤ ਹੋਰ ਸਰੀਰਕ ਬਿਮਾਰੀਆਂ ਹੋ ਸਕਦੀਆਂ ਹਨ।
ਪੰਜਾਬ ਦੇ ਵਸਨੀਕਾਂ ਨੂੰ ਜ਼ਹਿਰੀਲੇ ਤੱਤਾਂ ਦੇ ਅਸਰ ਦਾ ਪਹਿਲਾਂ ਹੀ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ, ਅਬੋਹਰ-ਬਠਿੰਡਾ (ਪੰਜਾਬ) ਤੋਂ ਜੋਧਪੁਰ-ਬੀਕਾਨੇਰ (ਰਾਜਸਥਾਨ) ਜਾਂਦੀ ”ਕੈਂਸਰ ਟਰੇਨ” ਵਿੱਚ 30 ਫੀਸਦੀ ਕੈਂਸਰ ਦੇ ਮਰੀਜ਼ ਹੁੰਦੇ ਹਨ। ਜਿਹੜੇ ਖਾਸ ਤੌਰ ‘ਤੇ ਮਾਨਸਾ, ਬਠਿੰਡਾ, ਫਰੀਦਕੋਟ, ਸੰਗਰੂਰ, ਮੋਗਾ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ ਨਾਲ ਸੰਬੰਧਤ ਹਨ। ਇਹ ਪੰਜਾਬ ਦੇ ਮਾਲਵਾ ਖਿੱਤੇ ਦੇ ਲੋਕਾਂ ਦੇ ਕੈਂਸਰ ਰੋਗ ਤੋਂ ਪੀੜਤ ਹੋਣ ਦੀ ਵੱਡੀ ਦਾਸਤਾਨ ਹਨ। ਇਹ ਮਰੀਜ਼ ਅਚਾਰੀਆ ਤੁਲਸੀ ਡਿਜਟਲ ਕੈਂਸਰ ਹੌਸਪੀਟਲ ਐਂਡ ਰੀਸਰਚ ਸੈਂਟਰ ਬੀਕਾਨੇਰ ‘ਚ ਇਲਾਜ ਲਈ ਜਾਂਦੇ ਹਨ ਪਰ ਕਰੋਨਾ ਕਾਰਨ ਹੁਣ ਐਡਵਾਂਸ ਕੈਂਸਰ ਇਨਸਟੀਚੀਊਟ ਐਂਡ ਹੋਮੀ ਭਾਬਾ ਕੈਂਸਰ ਹੌਸਪੀਟਲ ਸੰਗਰੂਰ ‘ਵਿਚ ਇਲਾਜ ਲਈ ਪੁੱਜਦੇ ਹਨ।
ਖੇਤੀ ਲਈ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਲੋੜੋਂ ਵੱਧ ਵਰਤੋਂ ਨੇ ਪੰਜਾਬ ਦੇ ਪਾਣੀਆਂ ‘ਵਿਚ ਜ਼ਹਿਰ ਹੀ ਨਹੀਂ ਘੋਲੀ ਸਗੋਂ ਸ਼ਹਿਰਾਂ ਦੀਆਂ ਸਨ ਤੇ ਸ਼ਰਾਬ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ, ਘਰਾਂ ਵਿੱਚੋਂ ਨਿਕਲਦੇ ਗੰਦੇ ਪਾਣੀ (ਸੀਵਰੇਜ ਵਾਟਰ) ਨੇ ਵੀ ਇਸ ਵਿੱਚ ਵਾਧਾ ਕੀਤਾ ਹੈ। ਪਿਛਲੇ ਸਮੇਂ ਦੌਰਾਨ ਹਮੀਰੇ ਦੀ ਸ਼ਰਾਬ ਫੈਕਟਰੀ ਵਿਚੋਂ ਨਿਕਲਿਆ ਪ੍ਰਦੂਸ਼ਤ ਪਾਣੀ ਮੱਛੀਆਂ ਅਤੇ ਹੋਰ ਜੀਵਾਂ ਦਾ ਕਾਰਨ ਬਣਿਆ, ਇਸ ਦੀ ਵੱਡੀ ਚਰਚਾ ਵੀ ਹੋਈ।ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਪੰਦਰਾਂ ਹਨ। ਪੰਜਾਬ ਸਰਕਾਰ ਇਹਨਾਂ ਸ਼ਰਾਬ ਫੈਕਟਰੀਆਂ ਨੂੰ 500 ਕਰੋੜ ਰੁਪਏ ਸਹਾਇਤਾ ਦਿੰਦੀ ਹੈ। ਮੰਤਰੀਆਂ, ਸੰਸਦੀ ਸਕੱਤਰਾਂ, ਸਕੱਤਰਾਂ, ਚੇਅਰਮੈਨਾਂ ਤੇ ਅਫ਼ਸਰਾਂ ਦੀਆਂ ਧਾੜਾਂ ਖਜ਼ਾਨਾ ਖਾਲੀ ਕਰਨ ਉੱਤੇ ਲੱਗੀਆਂ ਹੋਈਆਂ ਹਨ। ਸ਼ਰਾਬ ਦੀ ਵੱਧ ਤੋਂ ਵੱਧ ਵਿਕਰੀ ਨਾਲ਼ ਖਾਲੀ ਖਜ਼ਾਨਾ ਭਰਨ ਦਾ ਯਤਨ ਹੈ। ਅੱਠ ਹਜ਼ਾਰ ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਪੰਜਾਬ ਵਿੱਚ ਸ਼ਰਾਬ ਪੀਣ ਵਾਲ਼ਿਆਂ ਦੀ ਗਿਣਤੀ ’ਵਿਚ ਹਰ ਸਾਲ 20-22% ਵਾਧਾ ਹੋ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਪੰਜਾਬ ਵਿਚ 30 ਕਰੋੜ ਬੋਤਲਾਂ, ਸਲਾਨਾ ਖਪਤ ਹੁੰਦੀਆਂ ਹਨ। ਪੰਜਾਬ ਦੇ 80% ਪਿੰਡਾਂ ਵਿੱਚ ਲੋਕ ਸ਼ਰਾਬ ਆਪ ਕੱਢਦੇ, ਪੀਂਦੇ ਤੇ ਵੇਚਦੇ ਹਨ। ਸ਼ਰਾਬ ਦੀਆਂ ਫੈਕਟਰੀਆਂ ਇਸ ਖਿੱਤੇ ਵਿਚ ਵੱਸਦੇ ਲੋਕਾਂ ਲਈ ਖ਼ਤਰੇ ਦੀ ਘੰਟੀ ਹਨ ਅਤੇ ਕਿਸੇ ਸਮੇਂ ਸ਼ਰਾਬ ਫੈਕਟਰੀਆਂ ਕਾਰਣ ਪੰਜਾਬ ਦਾ ਇਹ ਜ਼ਹਿਰੀਲਾ ਪਾਣੀ ਪੰਜਾਬੀਆਂ ਦੀ ਨਸਲ ਦੇ ਉਜਾੜੇ ਦਾ ਕਾਰਨ ਬਣੇਗਾ।
ਬਘੇਲ ਸਿੰਘ ਧਾਲੀਵਾਲ
Comments (0)