ਨਵੀਂ  ਸਿਟ ਵੱਲੋਂ ਛੇ ਸੌਦਾ ਸਾਧ ਦੇ ਚੇਲੇ  ਗਿ੍ਫਤਾਰ -ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦਾ

ਨਵੀਂ  ਸਿਟ ਵੱਲੋਂ ਛੇ ਸੌਦਾ ਸਾਧ ਦੇ ਚੇਲੇ  ਗਿ੍ਫਤਾਰ -ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੀ ਬੇਅਦਬੀ ਕਾਂਡ ਦਾ

*ਬੇਅਦਬੀ ਕਾਂਡ: ਛੇ ਡੇਰਾ ਪ੍ਰੇਮੀਆਂ ਦਾ 21 ਤੱਕ ਪੁਲੀਸ ਰਿਮਾਂਡ

*ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਪ੍ਰੇਮੀਆਂ ਦੇ ਕਬਜ਼ੇ ਵਿੱਚ ਹੋਣ ਦਾ ਦਾਅਵਾ

ਫ਼ਰੀਦਕੋਟ:ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਡੀਆਈਜੀ ਐੱਸ.ਪੀ.ਐੱਸ ਪਰਮਾਰ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਜਾਂਚ ਟੀਮ ਨੇ  ਬੀਤੇ ਹਫਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਅਤੇ ਇਸ ਸਬੰਧੀ ਇਤਰਾਜ਼ਯੋਗ ਪੋਸਟਰ ਲਾਉਣ  ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਇੱਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਕਾਂਡ ਵਿੱਚ ਛੇ ਸੋਦਾ ਸਾਧ ਦੇ ਚੇਲਿਆਂ  ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਨੇ 12 ਅਕਤੂਬਰ,  2015 ਦੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਖਿਲਾਰ ਦਿੱਤੇ ਸਨ ਤੇ ਇਸ ਤੋਂ ਪਹਿਲਾਂ 24 ਸਤੰਬਰ, 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ ਅਤੇ ਦਾਅਵਾ ਕੀਤਾ ਗਿਆ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਹਿਲੀ ਜੂਨ ਨੂੰ ਚੋਰੀ ਹੋਇਆ ਸਰੂਪ ਉਨ੍ਹਾਂ ਦੇ ਕਬਜ਼ੇ ਵਿੱਚ ਹੈ। ਹੁਣ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਬਰਗਾੜੀ ਵਿੱਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਝਾ ਲਏ ਗਏ ਹਨ। 

ਅਦਾਲਤ ਨੇ ਫੜੇ ਗਏ ਸਾਰੇ ਡੇਰਾ ਪ੍ਰੇਮੀਆਂ ਨੂੰ 21 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਪ੍ਰੇਮੀਆਂ ਨੇ 12 ਅਕਤੂਬਰ ਨੂੰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 150 ਪੰਨੇ ਪਾੜ ਕੇ ਖਿਲਾਰੇ ਸਨ ਅਤੇ 100 ਪੰਨੇ ਪਿੰਡ ਹਰੀ ਨੌਂ ਵਿੱਚ ਖਿਲਾਰੇ ਜਾਣੇ ਸਨ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਪ੍ਰੇਮੀਆਂ ਦੇ ਕਬਜ਼ੇ ਵਿੱਚ ਹੋਣ ਦਾ ਦਾਅਵਾ ਵੀ ਕੀਤਾ। ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਕੁਮਾਰ ਮੌਂਗਾ ਨੇ ਪੁਲੀਸ ਰਿਮਾਂਡ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਛੇ ਸਾਲ ਪੁਰਾਣੇ ਕੇਸ ਦੀ ਸੀਬੀਆਈ ਹਰ ਪੱਖ ਤੋਂ ਜਾਂਚ ਕਰ ਚੁੱਕੀ ਹੈ ਅਤੇ ਪੜਤਾਲ ਮਗਰੋਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਵੀ ਮਿਲ ਚੁੱਕੀ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਪੁਲੀਸ ਸਿਆਸੀ ਆਗੂਆਂ ਦੇ ਕਥਿਤ ਇਸ਼ਾਰੇ ’ਤੇ ਡੇਰਾ ਪ੍ਰੇਮੀਆਂ ਨੂੰ ਇਸ ਕੇਸ ਵਿੱਚ ਝੂਠਾ ਫਸਾ ਰਹੀ ਹੈ।ਇਸ ਮਾਮਲੇ ਦੀ ਪੜਤਾਲ ਪਹਿਲਾਂ ਡੀਆਈਜੀ ਰਣਬੀਰ ਸਿੰਘ ਖਟੜਾ ਕਰ ਰਹੇ ਸਨ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮਗਰੋਂ 4 ਜਨਵਰੀ ਨੂੰ ਪੰਜਾਬ ਸਰਕਾਰ ਨੇ ਨਵੀਂ ਜਾਂਚ ਟੀਮ ਗਠਿਤ ਕਰ ਦਿੱਤੀ ਸੀ ਤੇ ਐੱਸ.ਪੀ.ਐੱਸ ਪਰਮਾਰ ਨੂੰ ਨਵੀਂ ਜਾਂਚ ਟੀਮ ਦਾ ਮੁਖੀ ਥਾਪਿਆ ਗਿਆ ਸੀ। 

ਪੰਜਾਬ ਸਰਕਾਰ ਨੂੰ ਮਿਲੀ ਰਾਹਤ

ਬੇਅਦਬੀ ਕਾਂਡ ਦੇ ਦੋ ਮਾਮਲੇ ਹੱਲ ਹੋਣ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਏ ਫ਼ੈਸਲੇ ਨੇ ਪੰਜਾਬ ਸਰਕਾਰ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸਨ।

ਨਵੀਂ ਸਿਟ ਦੀ ਜਨਤਾ ਨੂੰ ਖ਼ਾਸ ਅਪੀਲ

  ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਸਿੱਟ ਦੇ ਵੱਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਜ਼ਰੀਏ ਬੁਰਜ ਜਵਾਹਰ ਸਿੰਘ ਵਾਲਿਆਂ ਤੋਂ ਸਰੂਪ ਚੋਰੀ ਕਰਨ ਦੇ ਮਾਮਲੇ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ’ਚ ਕੋਈ ਜਾਣਕਾਰੀ ਜਾਂ ਸਬੂਤ ਮਿਲਣ ਤਾਂ ਉਹ ਨੋਟਿਸ ’ਚ ਦਿੱਤੇ ਗਏ ਮੋਬਾਇਲ ਨੰਬਰ ’ਤੇ ਫ਼ੋਨ ਜਾਂ ਉਨ੍ਹਾਂ ਨੂੰ ਵਟਸਐਪ ਕਰਨ। ਇਹ ਵੀ ਕਿਹਾ ਗਿਆ ਹੈ ਕਿ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਨੋਟਿਸ ’ਚ ਸਿੱਟ ਦੇ ਮੁੱਖ ਆਈ. ਜੀ. ਪਰਮਾਰ, ਏ. ਆਈ. ਜੀ. ਰਜਿੰਦਰ ਸਿੰਘ ਜੋਹਲ ਅਤੇ ਇੰਸਪੈਕਟਰ ਦਲਬੀਰ ਸਿੰਘ ਦਾ ਮੋਬਾਇਲ ਨੰਬਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਗਠਿਤ ਕੀਤੀ ਗਈ ਨਵੀਂ ਛੇਵੀਂ ਐੱਸ.ਆਈ. ਟੀ. ਨੇ ਮਾਮਲੇ ‘ਤੇ ਆਪਣੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਮੁਖੀ ਏਡੀਜੀਪੀ ਵਿਜੀਲੈਂਸ ਐੱਲ. ਕੇ. ਯਾਦਵ ਨੇ ਆਪਣੇ ਸਹਿਯੋਗੀ ਮੈਂਬਰਾਂ ਨਾਲ ਬੀਤੇ ਦਿਨੀਂ ਕੋਟਕਪੂਰਾ ਵਿਖੇ ਮੌਕੇ ਦਾ ਜਾਇਜ਼ਾ ਲਿਆ ਸੀ। ਜਾਂਚ ਟੀਮ ਨੇ ਇਸ ਦੌਰੇ ਦੌਰਾਨ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ। ਇਸ ਜਾਂਚ ਟੀਮ ਨੂੰ 6 ਮਹੀਨਿਆਂ ਦੇ ਵਿੱਚ ਆਪਣੀ ਜਾਂਚ ਰਿਪੋਰਟ ਪੇਸ਼ ਕਰਨ ਦਾ ਸਮਾਂ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 7 ਮਈ ਨੂੰ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਨਵੀਂ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ। ਇਸ ਐੱਸ. ਆਈ. ਟੀ. ਨੂੰ ਆਪਣੀ ਜਾਂਚ ਮੁਕੰਮਲ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਨਵੀਂ ਐੱਸ. ਆਈ. ਟੀ. ਦੇ ਮੈਂਬਰਾਂ ਨੂੰ ਕੁਝ ਵੀ ਲੀਕ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ।  ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਇਸ ਸੰਬੰਧ ਵਿਚ ਸੋਦਾ ਸਾਧ ਨੂੰ ਜਾਂਚ ਘੇਰੇ ਵਿਚ ਲਿਆਉਣਾ ਚਾਹੀਦਾ ਹੈ ,ਕਿਉਂਕਿ ਉਸ ਕਾਰਣ ਪੰਜਾਬ ਵਿਚ ਸਿਖਾਂ ਤੇ ਡੇਰਾ ਪ੍ਰੇਮੀਆਂ ਦਾ ਟਕਰਾਅ ਹੋਇਆ।