ਚੜੂਨੀ ਨੇ ਰਾਜੇਵਾਲ ਦੇ ਝੂਠ ਦਾ ਕੀਤਾ ਪਰਦਾਫਾਸ਼

ਚੜੂਨੀ ਨੇ ਰਾਜੇਵਾਲ ਦੇ ਝੂਠ ਦਾ ਕੀਤਾ ਪਰਦਾਫਾਸ਼
ਗੁਰਨਾਮ ਸਿੰਘ ਚੜੂਨੀ

*ਕਿਹਾ ਕਿ ਦਿੱਲੀ ਕਮੇਟੀ ਨੇ  ਕਿਸਾਨਾਂ ਦੀ ਰਿਹਾਈ ਲਈ 30 ਲੱਖ ਦੇ ਬਾਂਡ ਭਰੇ*

ਅੰਮ੍ਰਿਤਸਰ ਟਾਈਮਜ਼ ਬਿਊਰੋ​​​​​​

ਨਵੀਂ ਦਿੱਲੀ: ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨਾਂ ਨੂੰ ਜ਼ਮਾਨਤਾਂ ਦੇਣ ਤੇ ਰਿਹਾਈ ਲਈ 30 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰੇ ਹਨ।  ਚੜੂਨੀ ਦਾ ਇਹ ਬਿਆਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਬੀਰ ਸਿੰਘ ਰਾਜੇਵਾਲ ਦੇ ਉਸ ਬਿਆਨ ਦੇ ਇੱਕ ਦਮ ਉਲਟ ਹੈ ਜਿਸ ’ਚ ਕਿਹਾ ਜਾ ਰਿਹਾ ਸੀ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨਾਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ।  ਰਾਜੇਵਾਲ ਦੇ ਬਿਆਨ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮਘੇ ਹੋਏ ਪ੍ਰਚਾਰ ਦੌਰਾਨ  ਸਿਰਸਾ ਦੇ ਵਿਰੋਧੀਆਂ ਨੇ ਇਹ ਮੁੱਦਾ ਖੂਬ ਚੁੱਕਿਆ ਸੀ।  ਚੜੂਨੀ ਨੇ ਦਿੱਲੀ ਕਮੇਟੀ ਵੱਲੋਂ ਲੰਗਰ, ਟੈਂਟਾਂ, ਦਵਾਈਆਂ ਅਤੇ ਹੋਰ ਸਾਮਾਨ ਸਮੇਤ ਜੋ ਵੀ ਲੋੜ ਪਈ ਉਹ ਮਦਦ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਦਿੱਲੀ ਕਮੇਟੀ ਨੇ ਇੱਕ ਗੁਰਦੁਆਰੇ ਵਿੱਚ ਵਕੀਲਾਂ ਲਈ ਦਫ਼ਤਰ ਬਣਾ ਦਿੱਤਾ। ਇਹ ਵਕੀਲ ਅਦਾਲਤਾਂ ਵਿੱਚ ਵੀ ਗਏ। ਉੱਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ  ਰਾਜੇਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਵਕੀਲ ਬਾਰੇ ਦੱਸਣ ਜਿਸ ਨੇ ਕਿਸੇ ਵੀ ਪਰਿਵਾਰ ਦੇ ਜੀਅ ਨੂੰ ਜ਼ਮਾਨਤ ਦਿਵਾਈ ਹੋਵੇ। ਦਿੱਲੀ ਕਮੇਟੀ ਉਸ ਵਕੀਲ ਤੇ ਪਰਿਵਾਰ ਦਾ ਸਨਮਾਨ ਕਰੇਗੀ ਕਿਉਂਕਿ ਹੁਣ ਤੱਕ ਦਿੱਲੀ ਕਮੇਟੀ ਨੇ ਉਨ੍ਹਾਂ ਵਕੀਲਾਂ ਤੇ ਪਰਿਵਾਰਾਂ ਦਾ ਹੀ ਸਨਮਾਨ ਕੀਤਾ ਹੈ ਜੋ ਇਸ ਕਮੇਟੀ ਰਾਹੀਂ ਕਿਸਾਨਾਂ ਲਈ ਜ਼ਮਾਨਤਾਂ ਦਾ ਕੰਮ ਕਰ ਰਹੇ ਸਨ।