ਬਹਿਬਲ ਗੋਲੀ ਕਾਂਡ ਮਾਮਲੇ ਵਿਚ ਕੈਪਟਨ ਸਰਕਾਰ ਘਿਰੀ ਧਰਮ ਸੰਕਟ 'ਚ

ਬਹਿਬਲ ਗੋਲੀ ਕਾਂਡ ਮਾਮਲੇ ਵਿਚ ਕੈਪਟਨ ਸਰਕਾਰ ਘਿਰੀ ਧਰਮ ਸੰਕਟ 'ਚ
*ਹਾਈ ਕੋਰਟ ਵਿੱਚ ਸੁਣਵਾਈ 20 ਨੂੰ;  ਦੋਸ਼ੀਆਂ ਵੱਲੋਂ ਪੜਤਾਲ ਰੱਦ ਕਰਨ ਦੀ ਮੰਗ
*ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ
*ਸਿੱਖ ਜਥੇਬੰਦੀਆਂ ਰੋਸ ਵਜੋਂ 19 ਅਪਰੈਲ ਨੂੰ ਹਾਈ ਕੋਰਟ ਦੇ ਬਾਹਰ ਰੋਸ ਵਿਖਾਵੇ ਕਰਨਗੀਆਂ
*ਕੈਪਟਨ ਨੇ ਕੁੰਵਰ ਵਿਜੈ ਪ੍ਰਤਾਪ ਦੀ ਪਿੱਠ ਥਾਪੜ ਕੇ ਅਦਾਲਤੀ ਮਾਣਹਾਨੀ ਕੀਤੀ: ਚੀਮਾ     
* ਐੱਸਆਈਟੀ ਭੰਗ ਕਰਨ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਵੇ ਸੂਬਾ ਸਰਕਾਰ: ਖਹਿਰਾ। 
 
   ਵਿਸ਼ੇਸ਼ ਰਿਪੋਟ
 
ਅੰਮ੍ਰਿਤਸਰ ਟਾਈਮਜ ਬਿਉਰੋ
 
ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਸੁਆਲਾਂ ਦੇ ਘੇਰੇ ਵਿੱਚ ਆਈ ਜਾਂਚ ਟੀਮ ਅਤੇ ਪੰਜਾਬ ਸਰਕਾਰ ਲਈ 20 ਅਪਰੈਲ ਨੂੰ ਫਿਰ ਪਰਖ ਦੀ ਘੜੀ ਹੈ। ਕੈਪਟਨ ਸਰਕਾਰ ਇਸ ਮਾਮਲੇ ਵਿਚ ਧਰਮ ਸੰਕਟ ਵਿਚ ਫਸੀ ਹੋਈ ਹੈ। ਪੰਜਾਬ ਦੇ ਬਹੁਚਰਚਿਤ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।  ਜਾਣਕਾਰੀ ਮੁਤਾਬਕ ਆਈਜੀ ਰੈਂਕ ਦੇ ਇਸ ਪੁਲੀਸ ਅਧਿਕਾਰੀ ਵੱਲੋਂ ਆਪਣਾ ਅਸਤੀਫਾ ਮੁੱਖ ਸਕੱਤਰ ਨੂੰ ਸੰਬੋਧਨ ਹੁੰਦਿਆਂ ਦਿੱਤਾ ਗਿਆ ਹੈ ਤੇ ਇਸ ਦੀ ਕਾਪੀ ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਤੇ ਡੀਜੀਪੀ ਨੂੰ ਭੇਜੀ ਗਈ ਹੈ। ਪੰਜਾਬ ਕਾਡਰ ਨਾਲ ਸਬੰਧਤ 1998 ਬੈਚ ਦਾ ਇਹ ਪੁਲੀਸ ਅਧਿਕਾਰੀ ਅਕਸਰ ਸੁਰਖੀਆਂ ਵਿੱਚ ਰਿਹਾ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਅੰਦਰ ਭਾਰੀ ਹਲਚਲ ਪਾਈ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਇਸ ਪੁਲੀਸ ਅਧਿਕਾਰੀ ਨੇ ਕੁਝ ਦਿਨ ਪਹਿਲਾਂ ਹੀ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਬੇਅਦਬੀ ਕਾਂਡ ਦੇ ਮਾਮਲੇ ’ਤੇ ਚਰਚਾ ਵੀ ਹੋਈ ਸੀ। ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਕੋਟਕਪੂਰਾ ਕਾਂਡ ਦੇ ਮਾਮਲੇ ਵਿੱਚ ਸਰਕਾਰੀ ਧਿਰ ਦੇ ਵਕੀਲਾਂ ਵੱਲੋਂ ਕਾਨੂੰਨੀ ਲੜਾਈ ਠੋਸ ਤਰੀਕੇ ਨਾਲ ਨਾ ਲੜੇ ਜਾਣ ਤੋਂ ਨਿਰਾਸ਼ ਸੀ। ਸਿਆਸੀ ਹਲਕਿਆਂ ਅੰਦਰ ਇਹ ਵੀ ਚਰਚਾ ਹੈ ਕਿ ਇਹ ਪੁਲੀਸ ਅਧਿਕਾਰੀ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਸਕਦਾ ਹੈ। ਪੰਜਾਬ ਅੰਦਰ ਇਨ੍ਹਾਂ ਦਿਨਾਂ ਦੌਰਾਨ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ’ਤੇ ਰਾਜਨੀਤੀ ਗਰਮਾਈ ਹੋਈ ਹੈ। 
 
 ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ਾ ਪੱਤਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਫੇਸਬੁਕ ਪੇਜ ਉਪਰ ਲਿਖਿਆ ਲਿਖਿਆ ਕਿ “ਮੈਂ ਆਪਣਾ ਕੰਮ ਕੀਤਾ...... ਕੋਈ ਅਫਸੋਸ ਨਹੀਂ.....
ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ ਨੂੰ ਗਲੈਮਰਸ ਨਾ ਬਣਾਓ ਜਾਂ ਰਾਜਨੀਤੀ ਨਾ ਕਰੋ....
ਮੇਰੀ ਰਿਪੋਰਟ ਤੇ ਚਾਰਜਸ਼ੀਟ ਦਾ ਹਰ ਇੱਕ ਸ਼ਬਦ ਆਪਣੇ ਆਪ ਵਿੱਚ ਸਬੂਤ ਹੈ....
ਇਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ....
ਦੋਸ਼ੀ ਮਨ ਸੱਚ ਦੇ ਸ਼ੀਸ਼ੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ....
ਮੈਂ ਅੰਤਮ ਫੈਸਲੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ; ਮੇਰੀ ਸੂਝ ਤੇ ਕਾਨੂੰਨ ਦੇ ਗਿਆਨ ਅਨੁਸਾਰ ਸਭ ਤੋਂ ਉੱਤਮ ਅਦਾਲਤ।
ਮੈਂ ਸਮਾਜ ਦੀ ਸਰਵਉੱਤਮ ਤਰੀਕੇ ਨਾਲ ਸੇਵਾ ਜਾਰੀ ਰੱਖਾਂਗਾ, ਹਾਲਾਂਕਿ, ਆਈਪੀਐਸ ਵਜੋਂ ਨਹੀਂ।”
ਦੂਜੇ ਪਾਸੇ, ਬੀਤੇ ਦਿਨੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਭੇਜੀ ਗਈ ਸੇਵਾ ਮੁਕਤੀ ਅਪੀਲ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਬਹੁਤ ਹੀ ਸਮਰੱਥ ਤੇ ਕੁਸ਼ਲ ਅਫਸਰ ਹਨ, ਜਿਨ੍ਹਾਂ ਦੀਆਂ ਸੇਵਾਵਾਂ ਦੀ ਸਰਹੱਦੀ ਸੂਬੇ ਨੂੰ ਲੋੜ ਹੈ। ਖਾਸ ਕਰਕੇ ਅਜਿਹੇ ਸਮੇਂ ਜਦੋਂ ਪੰਜਾਬ ਵੱਖ-ਵੱਖ ਅੰਦਰੂਨੀ ਤੇ ਬਾਹਰੀ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬੇ ਨੂੰ ਇਸ ਅਫਸਰ ਦੇ ਤਜ਼ਰਬੇ ਅਤੇ ਮੁਹਾਰਤ ਦੀ ਲੋੜ ਹੈ, ਜਿਸ ਨੇ ਪੰਜਾਬ ਪੁਲਿਸ ਵਿੱਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ’ਤੇ ਰਹਿੰਦਿਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਕੁਸ਼ਲ, ਕਾਬਲ ਤੇ ਦਲੇਰ ਅਫਸਰ ਹੈ ਜਿਸ ਦਾ ਮਿਸਾਲੀ ਟਰੈਕ ਰਿਕਾਰਡ ਹੈ।
ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਸ ਸਮੇਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਕਰ ਰਹੇ ਹਨ। ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਜਾਰੀ ਜਾਂਚ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਸੀ।
 
ਇੰਨਾ ਹੀ ਨਹੀਂ ਅਦਾਲਤ ਨੇ ਨਵੀਂ ਐਸਆਈਟੀ ਬਣਾਉਣ ਦੇ ਨਿਰਦੇਸ਼ ਜਾਰੀ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਟੀਮ ਤੋਂ ਬਾਹਰ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਫੈਸਲਾ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ ਪੰਧੇਰ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ’ਤੇ ਸੁਣਾਇਆ ਸੀ।ਚੇਤੇ ਰਹੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਪੁਲੀਸ ਅਧਿਕਾਰੀ ਨੂੰ ਜਾਂਚ ਦੇ ਅਮਲ ਤੋਂ ਦੂਰ ਰੱਖਣ ਦੇ ਹੁਕਮ ਦਿੱਤੇ ਸਨ। ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਚਰਚਿਤ ਮੈਂਬਰ ਵਜੋਂ ਜਾਣੇ ਜਾਂਦੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਸੀ। ਇਸੇ ਤਰ੍ਹਾਂ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਸਮੇਤ ਹੋਰਨਾਂ ਕਈ ਪੁਲੀਸ ਅਫਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਉਮਰਾਨੰਗਲ ਨੂੰ ਤਾਂ ਪੰਜਾਬ ਪੁਲੀਸ ਦੇ ਹੈੱਡਕੁਆਰਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਇਸ ਪੁਲੀਸ ਅਧਿਕਾਰੀ ਨੂੰ ਵਿਸ਼ੇਸ਼ ਜਾਂਚ ਟੀਮ ਤੋਂ ਲਾਂਭੇ ਕਰਨ ਦੇ ਹੁਕਮ ਦਿੱਤੇ ਸਨ।ਬਹਿਬਲ ਗੋਲੀ ਕਾਂਡ ਵਿੱਚ ਨਾਮਜ਼ਦ ਅੱਧੀ ਦਰਜਨ ਪੁਲੀਸ ਅਧਿਕਾਰੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਬਹਿਬਲ ਗੋਲੀ ਕਾਂਡ ਦੀ ਸਮੁੱਚੀ ਪੜਤਾਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਜਸਟਿਸ ਅਨੀਤਾ ਸਰੀਨ 20 ਅਪਰੈਲ ਨੂੰ ਇਸ ਸਬੰਧੀ ਅੰਤਿਮ ਫੈਸਲਾ ਸੁਣਾ ਸਕਦੇ ਹਨ। ਸਾਬਕਾ ਡੀਜੀਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਤੇ ਬਾਕੀ ਪੁਲੀਸ ਅਧਿਕਾਰੀਆਂ ਨੇ ਜਿਸ ਆਧਾਰ ’ਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਉਸੇ ਆਧਾਰ ’ਤੇ ਹੀ ਬਹਿਬਲ ਗੋਲੀ ਕਾਂਡ ਦੀ ਰਿਪੋਰਟ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪੰਜਾਬ ਸਰਕਾਰ ਬਹਿਬਲ ਗੋਲੀ ਕਾਂਡ ਦੀ ਰਿਪੋਰਟ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਵਾਲੀ ਜਾਂਚ ਰਿਪੋਰਟ ਪੂਰੀ ਤਰ੍ਹਾਂ ਨਿਰਪੱਖ ਤੇ ਤੱਥਾਂ ’ਤੇ ਆਧਾਰਿਤ ਹੈ ਅਤੇ ਮੁਲਜ਼ਮਾਂ ਨੂੰ ਜਾਂਚ ਅਧਿਕਾਰੀ ਬਦਲਣ ਦੀ ਮੰਗ ਕਰਨ ਦਾ ਕੋਈ ਸੰਵਿਧਾਨ ਹੱਕ ਨਹੀਂ ਹੈ।
 
ਚਲਾਨ ਵਿੱਚ ਸਨ ਚੋਟੀ ਦੇ ਸਿਆਸੀ ਆਗੂਆਂ ਦੇ ਨਾਮ
 
ਵਿਸ਼ੇਸ਼ ਜਾਂਚ ਟੀਮ ਵੱਲੋਂ ਇੱਕ ਅਹਿਮ ਚਾਰਜਸ਼ੀਟ ਤਿਆਰ ਕੀਤੇ ਜਾਣ ਬਾਰੇ ਪਤਾ ਲੱਗਿਆ ਹੈ। ਸੂਤਰਾਂ ਅਨੁਸਾਰ ਇਹ ਚਾਰਜਸ਼ੀਟ 15 ਅਪਰੈਲ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤੀ ਜਾਣੀ ਸੀ, ਜਿਸ ਵਿੱਚ ਪੰਜਾਬ ਦੇ ਚੋਟੀ ਦੇ ਸਿਆਸੀ ਆਗੂਆਂ ਦੇ ਨਾਮ ਸਨ ਪਰ ਇਸ ਤੋਂ ਪਹਿਲਾਂ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਟੀਮ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਗਿਆ ਜਿਸ ਕਰਕੇ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਹੋਣ ਦੀ ਸੰਭਾਵਨਾ ਘਟ ਗਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਮਾਮਲੇ ਉੱਪਰ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਰਿਪੋਰਟ ਰੱਦ ਹੋਣ ਦੇ ਰੋਸ ਵਜੋਂ 19 ਅਪਰੈਲ ਨੂੰ ਹਾਈ ਕੋਰਟ ਦੇ ਬਾਹਰ ਰੋਸ ਵਿਖਾਵੇ ਦਾ ਐਲਾਨ ਕੀਤਾ ਹੈ।। 
 
   ਕੈਪਟਨ ਹੁਣ  ਨੰਦਾ ਦੀ ਪਿੱਠ ’ਤੇ 
 
 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਾਅਦ ਹੁਣ ਐਡਵੋਕੇਟ ਜਨਰਲ ਅਤੁੱਲ ਨੰਦਾ ਦੇ ਬਚਾਅ ਲਈ ਅੱਗੇ ਆ ਗਏ ਹਨ। ਮੁੱਖ ਮੰਤਰੀ ਨੇ ਕੋਟਕਪੂਰਾ ਗੋਲ਼ੀ ਕਾਂਡ ਘਟਨਾ ਦੀ ਜਾਂਚ ਦਾ ਬਚਾਅ ਕਰਦੀ ਲੀਗਲ ਟੀਮ ਖ਼ਿਲਾਫ਼ ਲਾਏ ਬੇਲੋੜੇ ਦੋਸ਼ਾਂ ਨੂੰ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਮੁੱਖ ਮੰਤਰੀ ਨੇ ਸਿਆਸੀ ਵਿਰੋਧੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਸੰਵੇਦਨਸ਼ੀਲ ਮੁੱਦੇ ’ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾ ਕੇ ਮੁਸੀਬਤ ਖੜ੍ਹੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੌੜੇ ਹਿੱਤਾਂ ਲਈ ਬਿਆਨਬਾਜ਼ੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸਲ ਸੱਚ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਗੋਲ਼ੀ ਕਾਂਡ ਮਾਮਲਿਆਂ ਤੋਂ ਵੱਖਰੇ ਤੌਰ ’ਤੇ ਅਦਾਲਤਾਂ ਵਿਚ ਲੜੇ ਜਾ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਏਜੀ ਅਤੇ ਉਨ੍ਹਾਂ ਦੀ ਟੀਮ ਸਿਰਫ਼ ਬੇਅਦਬੀ ਮਾਮਲਿਆਂ ਵਿਚ ਹੀ ਜੋ ਕਿ ਪੰਜਾਬ ਦੇ ਲੋਕਾਂ ਲਈ ਇਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ, ਅਦਾਲਤ ਵਿਚ ਸੂਬੇ ਦਾ ਪੱਖ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਇਸ ਮਾਮਲੇ ਨੂੰ ਸੂਬੇ ਨੇ ਫ਼ੈਸਲਾਕੁੰਨ ਢੰਗ ਨਾਲ ਜਿੱਤਿਆ ਸੀ ਜੋ ਕਿ 25 ਜਨਵਰੀ 2019 ਨੂੰ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਦੁਆਰਾ ਵਿਸਥਾਰਪੂਰਵਕ ਫ਼ੈਸਲੇ ਤੋਂ ਜ਼ਾਹਿਰ ਹੁੰਦਾ ਹੈ।
 
ਮੁੱਖ ਮੰਤਰੀ ਨੇ ਕਿਹਾ ਕਿ ਸਿੰਗਲ ਜੱਜ ਦਾ ਫ਼ੈਸਲਾ ਸੁਪਰੀਮ ਕੋਰਟ ਦੇ ਪੱਧਰ ਤਕ ਸਹੀ ਮੰਨਿਆ ਗਿਆ ਸੀ ਜਿਸ ਨੇ ਸੂਬਾ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਸੀਬੀਆਈ ਤੋਂ ਜਾਂਚ ਵਾਪਸ ਲੈਣ ਵਿਚ ਮਦਦ ਕੀਤੀ ਸੀ। ਏਇਸ ਦਾ ਸਿਹਰਾ ਐਡਵੋਕੇਟ ਜਨਰਲ ਅਤੇ ਉਨ੍ਹਾਂ ਦੀ ਟੀਮ ਦੇ ਸਿਰ ਹੈ ਜਿਨ੍ਹਾਂ ਨੇੇ ਅਦਾਲਤ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਕੇਸ ਲੜਿਆ ਅਤੇ ਸੀਬੀਆਈ, ਜਿਸ ਨੇ ਪਿਛਲੇ ਚਾਰ ਸਾਲਾਂ ਤੋਂ ਇਸ ਮਾਮਲੇ ਵਿਚ ਕੋਈ ਪ੍ਰਗਤੀ ਨਹੀਂ ਕੀਤੀ ਸੀ, ਨੂੰ 5 ਫਰਵਰੀ 2021 ਨੂੰ ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪਣ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਨਹੀਂ ਬਲਕਿ ਆਈਜੀ ਪਰਮਾਰ ਦੀ ਅਗਵਾਈ ਵਾਲੀ ਇਕ ਵੱਖਰੀ ਐੱਸਆਈਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਅਤੇ ਉਨ੍ਹਾਂ ਦੀ ਟੀਮ ਦੇ ਠੋਸ ਯਤਨਾਂ ਸਦਕਾ ਕੇਸ ਨੂੰ ਤਰਕਪੂਰਨ ਸਿੱਟੇ ’ਤੇ ਲਿਜਾਇਆ ਜਾਵੇਗਾ ਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।                                       
  ਪੰਜਾਬ ਦਾ ਐਡਵੋਕੇਟ ਜਨਰਲ ਅਸਤੀਫ਼ਾ ਦੇਵੇ: ਬਾਜਵਾ
 
 ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਵਾਰ-ਵਾਰ ਕੇਸਾਂ ਵਿਚ ਮਿਲਦੀ ਅਸਫ਼ਲਤਾ ਦੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਅਗਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਬਾਜਵਾ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਹੰਗਾਮੀ ਮੀਟਿੰਗ ਬੁਲਾਉਣ ਲਈ ਵੀ ਆਖਿਆ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਕੋਟਕਪੂਰਾ ਗੋਲੀਕਾਂਡ ਘਟਨਾ ਦੀ ਜਾਂਚ ਦਾ ਬਚਾਅ ਕਰਦੀ ਲੀਗਲ ਟੀਮ ਖ਼ਿਲਾਫ਼ ਲਾਏ ਬੇਲੋੜੇ ਦੋਸ਼ਾਂ ਨੂੰ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ। 
 
ਬਾਦਲ ਦਲ ਕੈਪਟਨ ਤੋਂ ਔਖਾ
 
ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ  ਦੀ ਪਿੱਠ ਥਾਪੜ ਕੇ ਅਦਾਲਤ ਦੀ ਮਾਣਹਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਮੁੱਖ ਮੰਤਰੀ ਦਾ ਸਟੈਂਡ ਸਹੀ ਨਹੀਂ ਹੈ। ਉਨ੍ਹਾਂ ਆਈਜੀ ਨੂੰ ਥਾਪੜਾ ਦੇ ਕੇ ਨਿਆਂਪਾਲਿਕਾ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।
 
  ਸੁਪਰੀਮ ਕੋਰਟ ਜਾਵੇ ਸੂਬਾ ਸਰਕਾਰ: ਖਹਿਰਾ
   
   
 ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰ ਕੀਤੇ ਹਾਈ ਕੋਰਟ ਦੇ ਐੱਸਆਈਟੀ ਭੰਗ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ।