ਸੜਕ ਹਾਦਸੇ ਦੌਰਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ  ਜ਼ਖਮੀ

ਸੜਕ ਹਾਦਸੇ ਦੌਰਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ  ਜ਼ਖਮੀ

ਅੰਮ੍ਰਿਤਸਰ ਟਾਈਮਜ਼

ਫਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਭਾਈ ਹਰਪਾਲ ਸਿੰਘ  ਰਾਤ  ਦੌਰਾਨ ਆਪਣੇ ਡਰਾਈਵਰ ਸਮੇਤ ਤਰਨਤਾਰਨ ਨੇੜੇ ਕਿਸੇ ਧਾਰਮਿਕ ਸਮਾਗਮ ਵਿਚ ਸ਼ਿਰੱਕਤ ਕਰਨ ਉਪਰੰਤ ਵਾਪਸ ਪਰਤ ਰਹੇ ਸਨ।ਜਦੋਂ ਉਹ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਨਜ਼ਦੀਕ ਪੁੱਜੇ ਤਾਂ ਅਚਾਨਕ ਪਿੱਛੋਂ ਆ ਰਹੀ ਕਿਸੇ ਤੇਜ਼ ਰਫ਼ਤਾਰ ਗੱਡੀ ਨੇ ਭਾਈ ਹਰਪਾਲ ਸਿੰਘ ਦੀ ਗੱਡੀ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਗੱਡੀ ਇਕ ਖੜ੍ਹੇ ਟਿੱਪਰ ਨਾਲ ਟਕਰਾ ਜਾਣ ਤੋਂ ਬਾਅਦ ਪਲਟ ਗਈ। ਗੱਡੀ ਦੇ ਡਰਾਈਵਰ ਨੇ ਸ਼ੀਸ਼ਾ ਤੋੜ ਕੇ ਬੜੀ ਮੁਸ਼ਕਲ ਨਾਲ ਖ਼ੁਦ ਨੂੰ ਬਾਹਰ ਕੱਢਿਆ। ਇਸ ਉਪਰੰਤ ਰਾਹਗੀਰਾਂ ਦੀ ਮਦਦ ਨਾਲ ਭਾਈ ਸਾਹਿਬ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕਾਕਾ ਨੇ ਦੱਸਿਆ ਕਿ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸੋਹਾਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੇ ਡਰਾਈਵਰ ਗੁਰਭੇਜ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਦੱਸ ਦਈਏ ਕਿ ਭਾਈ ਹਰਪਾਲ ਸਿੰਘ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਹੋਣ ਦੇ ਨਾਲ-ਨਾਲ ਪ੍ਰਸਿੱਧ ਕਥਾਵਾਚਕ ਵੀ ਹਨ।