ਗੁਰਬਾਣੀ 'ਤੇ 'ਬੌਧਿਕ ਮਲਕੀਅਤ' ਦਾ ਦਾਅਵਾ ਕਰਨ ਵਾਲਾ ਪੀਟੀਸੀ ਸਿੱਖ ਸੰਗਤ ਦੇ ਦਬਾਅ ਅੱਗੇ ਝੁਕਿਆ

ਗੁਰਬਾਣੀ 'ਤੇ 'ਬੌਧਿਕ ਮਲਕੀਅਤ' ਦਾ ਦਾਅਵਾ ਕਰਨ ਵਾਲਾ ਪੀਟੀਸੀ ਸਿੱਖ ਸੰਗਤ ਦੇ ਦਬਾਅ ਅੱਗੇ ਝੁਕਿਆ

ਚੰਡੀਗੜ੍ਹ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਆਉਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਫੁਰਮਾਨ (ਹੁਕਮਨਾਮੇ) ਨੂੰ ਖਬਰੀ ਅਦਾਰਿਆਂ ਵੱਲੋਂ ਆਪਣੇ ਫੇਸਬੁੱਕ ਪੇਜਾਂ ਰਾਹੀਂ ਸਾਂਝਾ ਕਰਨ 'ਤੇ ਪੀਟੀਸੀ ਵੱਲੋਂ ਹੁਕਮਨਾਮੇ ਨੂੰ ਆਪਣੀ 'ਬੌਧਿਕ ਜ਼ਾਇਦਾਦ' ਦਸਦਿਆਂ ਇਤਰਾਜ਼ ਕਰਨ ਖਿਲਾਫ ਸਿੱਖ ਸੰਗਤ ਵਿੱਚ ਵੱਡਾ ਰੋਹ ਫੈਲਿਆ ਜਿਸ ਦੇ ਚਲਦਿਆਂ ਪੀਟੀਸੀ ਚੈਨਲ ਨੂੰ ਸਿੱਖ ਸੰਗਤਾਂ ਅੱਗੇ ਝੁਕਣਾ ਪਿਆ ਅਤੇ ਚੈਨਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਕਮਨਾਮਾ ਸਾਹਿਬ ਨੂੰ ਕੋਈ ਵੀ ਆਪਣੇ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੁੰਚਾ ਸਕਦਾ ਹੈ, ਤੇ ਇਸ ਉੱਤੇ ਪੀਟੀਸੀ ਕੋਈ ਇਤਰਾਜ਼ ਨਹੀਂ ਕਰੇਗਾ। 

ਦਰਅਸਲ ਇਹ ਮਾਮਲਾ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਹੈ ਕਿ ਪੀਟੀਸੀ ਚੈਨਲ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਦਾ ਏਕਾਅਧਿਕਾਰ ਬਾਦਲ ਪਰਿਵਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ੇ ਦੀ ਇੱਕ ਹੋਰ ਨਿਸ਼ਾਨੀ ਹੈ। ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਪੀਟੀਸੀ ਚੈਨਲ ਦੀ ਮਲਕੀਅਤ ਬਾਦਲ ਪਰਿਵਾਰ ਦੀ ਹੈ ਅਤੇ ਉਹ ਆਪਣੇ ਰਾਜਨੀਤਕ ਅਤੇ ਆਰਥਿਕ ਮੁਫਾਦਾਂ ਲਈ ਗੁਰਬਾਣੀ ਦੇ ਪ੍ਰਸਾਰਣ ਨੂੰ ਵਰਤ ਰਹੇ ਹਨ।

ਕਿਵੇਂ ਚਰਚਾ 'ਚ ਆਇਆ ਮਾਮਲਾ?
ਸਿੱਖ ਸਿਆਸਤ ਅਦਾਰਾ ਹੁਨਮਨਾਮੇ ਨੂੰ ਆਪਣੇ ਫੇਸਬੁੱਕ ਪੰਨੇ ਰਾਹੀਂ ਸੰਗਤਾਂ ਨਾਲ ਸਾਂਝਾ ਕਰਦਾ ਸੀ। ਪੀਟੀਸੀ ਚੈਨਲ ਵੱਲੋਂ ਫੇਸਬੁੱਕ ਨੂੰ ਸਿੱਖ ਸਿਆਸਤ ਅਦਾਰੇ ਖਿਲਾਫ ਸ਼ਿਕਾਇਤ ਕਰਕੇ ਦਾਅਵਾ ਕੀਤਾ ਗਿਆ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਉਣ ਵਾਲਾ ਰੋਜ਼ਾਨਾ ਹੁਕਮਨਾਮਾ ਸਾਹਿਬ ਪੀ ਟੀ ਸੀ ਪੰਜਾਬੀ ਦੀ ਬੌਧਿਕ ਜਾਗੀਰ (ਇੰਟਲੈਕਚੁਅਲ ਪ੍ਰਾਪਰਟੀ) ਹੈ। ਇਸ ਸ਼ਿਕਾਇਤ ਕਾਰਨ ਸਿੱਖ ਸਿਆਸਤ ਅਦਾਰੇ ਦੇ ਪੰਨੇ ਤੋਂ ਹੁਕਮਨਾਮੇ ਦੀ ਪੋਸਟ ਨੂੰ ਫੇਸਬੁੱਕ ਵੱਲੋਂ ਹਟਾ ਦਿੱਤਾ ਗਿਆ। ਸਿੱਖ ਸਿਆਸਤ ਵੱਲੋਂ ਇਸ ਦਾਅਵੇ 'ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਕਿ ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਪੀਟੀਸੀ ਦਾ ਕੋਈ ਹੱਕ ਨਹੀਂ ਹੈ। ਉਹਨਾਂ ਦਾਅਵਾ ਕੀਤਾ ਕਿ ਉਹ ਹੁਕਮਨਾਮੇ ਦੀ ਅਵਾਜ਼ ਸਿੱਖਾਂ ਦੀ ਸਾਂਝੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੌ ਵੈੱਬਸਾਈਟ ਤੋਂ ਲੈਂਦੇ ਹਨ। ਉਹਨਾਂ ਫੇਸਬੁੱਕ ਨੂੰ ਲਾਈਆਂ ਰੋਕਾਂ ਹਟਾਉਣ ਲਈ ਕਿਹਾ। ਫੇਸਬੁੱਕ ਨੇ ਪੀਟੀਸੀ ਨੂੰ ਇਸ ਦਾਅਵੇ ਦਾ ਜਵਾਬ ਦੇਣ ਲਈ 16 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। 

ਫੇਸਬੁੱਕ 'ਤੇ ਪੀਟੀਸੀ ਦੇ ਦਾਅਵੇ ਦਾ ਸਿੱਖ ਸਿਆਸਤ ਵੱਲੋਂ ਦਿੱਤਾ ਗਿਆ ਜਵਾਬ

ਸਿੱਖ ਸਿਆਸਤ ਦੇ ਸੰਪਾਦਕ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ
ਪੀਟੀਸੀ ਵੱਲੋਂ ਗੁਰਬਾਣੀ 'ਤੇ ਆਪਣੀ ਬੌਧਿਕ ਜ਼ਾਇਦਾਦ ਦਾ ਦਾਅਵਾ ਕਰਨ ਖਿਲਾਫ ਰੋਸ ਪ੍ਰਗਟ ਕਰਦਿਆਂ ਸਿੱਖ ਸਿਆਸਤ ਅਦਾਰੇ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਚਿੱਠੀ ਲਿਖੀ ਗਈ। ਚਿੱਠੀ ਵਿਚ ਉਹਨਾਂ ਕਿਹਾ, "ਆਪ ਜੀ ਜਾਣਦੇ ਹੋ ਕਿ ਗੁਰਬਾਣੀ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿਤ ਅਤੇ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਦੀ ਆਵਾਜ਼ ਅਤੇ ਲਿਖਤ ਆਪਣੀ ਵੈਬਸਾਈਟ ਉੱਤੇ ਸਾਂਝੀ ਕਰਦੀ ਹੈ। ਬਹੁਤ ਸਾਰੇ ਅਦਾਰੇ, ਬਿਜਲ-ਸੱਥ ਮੰਚ (ਸੋਸ਼ਲ ਮੀਡੀਆ ਚੈਨਲ) ਨਿਸ਼ਕਾਮ ਤੌਰ ਉੱਤੇ ਇਹ ਆਵਾਜ਼ ਅਤੇ ਲਿਖਤ ਬੜੇ ਸਤਿਕਾਰਤ ਤਰੀਕੇ ਨਾਲ ਆਪਣੇ ਲੱਖਾਂ ਪਾਠਕਾਂ ਅਤੇ ਸਿੱਖ ਸੰਗਤਾਂ ਤੱਕ ਪਹੁੰਚਾ ਕੇ ਗੁਰਬਾਣੀ ਅਤੇ ਗੁਰਮਤਿ ਪ੍ਰਚਾਰ ਵਿਚ ਹਿੱਸਾ ਪਾਉਂਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਨੂੰ ਅੱਜ ਦੀ ਤਕਨੀਕ ਮੁਤਾਬਕ ਅਗਲੇ ਪੜਾਅ ’ਤੇ ਲਿਜਾ ਕੇ ਪੇਸ਼ ਕਰਦੇ ਹਨ।

ਬੜੇ ਅਫਸੋਸ ਦੀ ਗੱਲ ਹੈ ਕਿ ਇਕ ਪੀ.ਟੀ.ਸੀ. ਨਾਮੀ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਵੈਬਸਾਈਟ ਰਾਹੀਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਦੀ ਆਵਾਜ਼ ਉੱਪਰ ਆਪਣੀ ਅਜਾਰੇਦਾਰੀ ਦੱਸ ਕੇ ਬਿਜਲ-ਸੱਥ ਦੇ ਮੰਚਾਂ ਜਿਵੇਂ ਕਿ ਫੇਸਬੁੱਕ ਕੋਲ ਝੂਠੀਆਂ ਸ਼ਿਕਾਇਤਾਂ ਕਰਕੇ ਹੋਰਨਾਂ ਅਦਾਰਿਆਂ ਅਤੇ ਬਿਜਲ-ਸੱਥ ਮੰਚਾਂ ਵਲੋਂ ਸਾਂਝੇ ਕੀਤੇ ਜਾ ਰਹੇ ਹੁਕਮਨਾਮਾ ਸਾਹਿਬ ਨੂੰ ਵਧੇਰੇ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੇ ਉੱਦਮ ਨੂੰ ਬੰਦ ਕਰਵਾ ਰਿਹਾ ਹੈ।

ਪੀ.ਟੀ.ਸੀ. ਵਲੋਂ ਫੇਸਬੁੱਕ ਕੋਲ ਕੀਤੀਆਂ ਸ਼ਿਕਾਇਤਾਂ, ਜਿਨ੍ਹਾਂ ਵਿਚੋਂ ਇਕ ਦੇ ਵੇਰਵੇ ਅਤੇ ਸਬੂਤ ਇਸ ਪੱਤਰ ਨਾਲ ਨੱਥੀ ਕੀਤੇ ਜਾ ਰਹੇ ਹਨ, ਵਿਚ ਕਿਹਾ ਗਿਆ ਹੈ ਕਿ ਹੁਕਮਨਾਮਾ ਸਾਹਿਬ ਦੀ ਆਵਾਜ਼ ਉੱਤੇ ਪੂਰੇ ਸੰਸਾਰ ਵਿਚ ਸਿਰਫ ਪੀ.ਟੀ.ਸੀ. ਕੋਲ ਹੀ ਅਜਾਰੇਦਾਰਾਨਾ ਹੱਕ ਹਨ। ਅਜਿਹਾ ਕਰਕੇ ਪੀ.ਟੀ.ਸੀ. ਹੁਕਮਨਾਮਾ ਸਾਹਿਬ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਤੋਂ ਰੋਕ ਰਿਹਾ ਹੈ।

ਇਸ ਸਬੰਧ ਵਿਚ ਇਹ ਗੱਲਾਂ ਵੀ ਧਿਆਨ ਦੇਣ ਵਾਲੀਆਂ ਹਨ: ਪਹਿਲੀ, ਕਿ ਪੀ.ਟੀ.ਸੀ. ਦਾ ਦਾਅਵਾ ਕਿਵੇਂ ਵੀ ਪ੍ਰਵਾਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ। ਦੂਜੀ, ਕਿ ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ। ਤੀਜੀ, ਕਿ ਜੋ ਸ਼ਖਸੀਅਤ ਇਹ ਉਚਾਰਨ ਕਰਦੀ ਹੈ ਉਹ ਕੋਈ ਪੀ.ਟੀ.ਸੀ. ਦਾ ਕਲਾਕਾਰ ਜਾਂ ਮੁਲਾਜਮ ਨਹੀਂ ਬਲਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਤਿਕਾਰਤ ਗ੍ਰੰਥੀ ਸਾਹਿਬਾਨ ਹਨ। ਚੌਥੀ, ਕਿ ਜਿਸ ਬਿਜਲ-ਮੰਚ ਤੋਂ ਹੁਕਮਨਾਮਾ ਸਾਹਿਬ ਦੀ ਆਵਾਜ਼ ਲਈ ਜਾਂਦੀ ਹੈ ਉਹ ਪੀ.ਟੀ.ਸੀ. ਦਾ ਕੋਈ ਬਿਜਲ-ਮੰਚ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਪੀ.ਟੀ.ਸੀ ਦੇ ਮਾਤਹਿਤ ਵਿਚਰਨ ਵਾਲਾ ਅਦਾਰਾ (ਸਬਸਿਡਰੀ) ਨਹੀਂ ਹੈ ਬਲਕਿ ਇਕ ਵੱਖਰੀ ਸੰਸਥਾ ਹੈ। ਪੰਜਵੀਂ, ਕਿ ਇਸ ਸਾਰੇ ਮਸਲੇ ਵਿਚ ਪੀ.ਟੀ.ਸੀ. ਦਾ ਤਾਂ ਨਾਂ-ਥੇਹ ਵੀ ਨਹੀਂ ਹੈ ਇਸ ਲਈ ਉਹਨਾਂ ਵਲੋਂ ਇਸ ਤਰ੍ਹਾਂ ਦਾ ਦਾਅਵਾ ਕਰਨਾ ਸਰਾਸਰ ਮੰਦਭਾਵੀ ਕੂੜ ਤੋਂ ਵਧੀਕ ਕੁਝ ਵੀ ਨਹੀਂ ਹੈ।

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਗੁਰਬਾਣੀ ਪ੍ਰਸਾਰਣ ਲਈ ਇਸ ਪਵਿੱਤਰ ਅਸਥਾਨ ਵਿਖੇ ਸੀਮਤ ਤਕਨੀਕੀ ਸਮਾਨ ਲਾਉਣਾ ਸਮਝ ਆਉਂਦਾ ਹੈ ਪਰ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਦੇ ਪ੍ਰਚਾਰ-ਪਸਾਰ ਉੱਤੇ ਰੋਕ ਲਾਉਣਾ, ਜਾਂ ਇਸ ਨੂੰ ਕਿਸੇ ਇਕ ਅਦਾਰੇ ਵਿਸ਼ੇਸ਼ ਤੱਕ ਸੀਮਤ ਕਰਨਾ ਸਿਧਾਂਤਿਕ ਅਤੇ ਵਿਹਾਰਕ, ਹਰੇਕ ਤਰੀਕੇ ਨਾਲ ਗਲਤ ਹੈ।

ਆਪ ਜੀ ਦੇ ਧਿਆਨ ਹਿਤ ਇਹ ਵੀ ਦੱਸਿਆ ਜਾਂਦਾ ਹੈ ਕਿ ਮਿਤੀ 10 ਜਨਵਰੀ 2020 ਨੂੰ ‘ਸਿੱਖ ਸਿਆਸਤ’ ਦੀ ਤਰਫੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨਾਲ ਫੋਨ ਉੱਤੇ ਇਸ ਬਾਰੇ ਗੱਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਇਸ ਬਾਰੇ ਲਿਖਤੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਜਲ-ਪਤੇ (ਈ-ਮੇਲ) ਉੱਤੇ ਭੇਜ ਦਿੱਤੀ ਜਾਵੇ। ਸੋ ਇਹ ਪੱਤਰ ਇਸੇ ਆਸ ਵਿਚ ਲਿਖਿਆ ਹੈ ਕਿ ਇੰਝ ਇਹ ਮਸਲਾ ਧਿਆਨ ਵਿਚ ਆਉਣ ਤੋਂ ਬਾਅਦ ਤੁਸੀਂ ਢੁਕਵੀਂ ਕਾਰਵਾਈ ਕਰਦਿਆਂ ਪੀ.ਟੀ.ਸੀ. ਦੀਆਂ ਤੱਥ-ਹੀਣ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਵਿਰੋਧੀ ਅਤੇ ਸਿੱਖ ਹਿਰਦਿਆਂ ਨੂੰ ਵਲੂੰਧਰਣ ਵਾਲੀਆਂ ਕਾਰਵਾਈਆਂ ਬੰਦ ਕਰਵਾਓਗੇ ਅਤੇ ਹੁਕਮਨਾਮਾ ਸਾਹਿਬ ਸਾਂਝਾ ਕਰਕੇ ਗੁਰਬਾਣੀ ਤੇ ਗੁਰਮਤਿ ਦੇ ਪ੍ਰਚਾਰ-ਪਸਾਰ ਵਿਚ ਸ਼ਰਧਾ ਭਾਵਨਾ ਨਾਲ ਅਤੇ ਨਿਸ਼ਕਾਮ ਤੌਰ ਉੱਤੇ ਹਿੱਸਾ ਪਾਉਣ ਦੇ ਨਿਮਾਣੇ ਯਤਨ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਨੂੰ ਉਤਸ਼ਾਹਿਤ ਕਰੋਗੇ ਤਾਂ ਕਿ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਲੋਕਾਈ ਤੱਕ ਪੁੱਜਦਾ ਰਹੇ।

ਆਸ ਹੈ ਕਿ ਤੁਸੀਂ ਸਮਾਂ ਰਹਿੰਦਿਆਂ ਢੁਕਵੀਂ ਕਾਰਵਾਈ ਕਰਕੇ ਬੇਲੋੜੇ ਵਿਵਾਦ ਅਤੇ ਸੰਭਾਵੀ ਕਾਨੂੰਨੀ ਕਾਰਵਾਈ, ਸਮੇਂ ਅਤੇ ਸਾਧਨਾਂ ਦੀ ਖੁਆਰੀ ਤੋਂ ਸਭਨਾਂ ਨੂੰ ਬਚਾਉਣ ਦਾ ਫੈਸਲਾ ਲਵੋਗੇ ਜੀ।"


ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਪੀਟੀਸੀ ਤੋਂ ਜਵਾਬਦੇਹੀ
ਸਿੱਖ ਸੰਗਤਾਂ ਵੱਲੋਂ ਪੀਟੀਸੀ ਦੇ ਦਾਅਵੇ ਖਿਲਾਫ ਉੱਠੇ ਰੋਹ ਦੇ ਚਲਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਪੀਟੀਸੀ ਨੂੰ ਗੁਰਬਾਣੀ ਪ੍ਰਸਾਰਣ ਸਬੰਧੀ ਹੋਏ ਸਮਝੌਤਿਆਂ ਦੇ ਦਸਤਾਵੇਜ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। 

ਪੀਟੀਸੀ ਨੇ ਪਹਿਲਾਂ ਆਕੜ ਦਿਖਾਈ ਪਰ ਫੇਰ ਸਿੱਖ ਸੰਗਤਾਂ ਦੇ ਦਬਾਅ ਅੱਗੇ ਝੁਕਿਆ
ਪੀਟੀਸੀ ਨੈੱਟਵਰਕ ਦੇ ਐਮਡੀ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਵੱਲੋਂ ਇਹ ਮਸਲਾ ਉੱਠਣ ਮਗਰੋਂ ਪਹਿਲਾਂ ਇੱਕ ਇੰਟਰਵਿਊ ਦਿੱਤੀ ਗਈ ਜਿਸ ਵਿਚ ਉਹਨਾਂ ਆਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਇੰਟਰਵਿਊ ਵਿਚ ਕਾਪੀਰਾਈਟ ਵਾਲੀ ਗੱਲ ਤੋਂ ਮੁਕਰਦੇ ਦਿਸੇ ਤੇ ਉਹਨਾਂ ਕਿਹਾ ਕਿ ਉਹਨਾਂ ਦਾ ਹੱਕ ਸਿਰਫ਼ ਸਾਡੀ ਆਡੀਓ ਤੇ ਵੀਡੀਓ ਸਿਗਨਲ ਤੇ ਹੈ ਜੋ ਉੱਥੋਂ ਆਉਂਦੇ ਨੇ। 

ਪਰ ਹੁਣ ਮੰਗਲਵਾਰ ਸ਼ਾਮ ਨੂੰ ਰਬਿੰਦਰ ਨਰਾਇਣ ਦੇ ਨਾਂ 'ਤੇ ਜਾਰੀ ਹੋਏ ਬਿਆਨ ਵਿਚ ਉਹਨਾਂ ਕਿਹਾ ਹੈ ਕਿ ਕੋਈ ਵੀ ਵਿਅਕਤੀ ਪਾਵਨ ਹੁਕਮਨਾਮੇ ਨੂੰ ਸੰਗਤਾਂ ਤੱਕ ਪਹੁੰਚਾ ਸਕਦਾ ਹੈ ਤੇ ਉਸਦਾ ਪੀਟੀਸੀ ਕੋਈ ਇਤਰਾਜ਼ ਨਹੀਂ ਕਰੇਗਾ। ਸਿੱਖ ਰੋਹ ਅੱਗੇ ਝੁਕਦਿਆਂ ਪੀਟੀਸੀ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਗੁਰਬਾਣੀ 'ਤੇ ਕਿਸੇ ਦਾ ਵੀ ਬੌਧਿਕ ਏਕਾ-ਅਧਿਕਾਰ ਨਹੀਂ ਹੋ ਸਕਦਾ। 

ਪਰ ਇਸ ਬਿਆਨ ਵਿਚ ਵੀ ਉਹ ਪੀਟੀਸੀ ਨੂੰ ਇਹ ਕਹਿ ਕੇ ਵਡਿਆ ਰਹੇ ਹਨ ਕਿ ਪੀਟੀਸੀ ਨਿਰਸਵਾਰਥ ਗੁਰਬਾਣੀ ਪ੍ਰਸਾਰਣ ਦੀ ਸੇਵਾ ਨਿਭਾਅ ਰਿਹਾ ਹੈ ਜਦਕਿ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਪੀਟੀਸੀ ਦੀ ਟੀਆਰਪੀ ਦਾ ਸਭ ਤੋਂ ਵੱਡਾ ਕਾਰਨ ਚੈਨਲ 'ਤੇ ਹੁੰਦਾ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਹੀ ਹੈ। ਇਸ ਦੇ ਨਾਲ ਹੀ ਉਹਨਾਂ ਵਿਰੋਧ ਕਰਨ ਵਾਲੇ ਅਦਾਰਿਆਂ 'ਤੇ ਚਿੱਕੜ ਸੁੱਟਣ ਦੀ ਵੀ ਕੋਸ਼ਿਸ਼ ਕਰਦਿਆਂ ਕਿਹਾ ਕਿ ਕੁੱਝ ਲੋਕ ਤੇ ਸੰਸਥਾਵਾਂ ਗੁਰਮਰਿਯਾਦਾ ਦੇ ਐਨ ਉਲਟ ਜਾ ਕੇ ਪਵਿੱਤਰ ਹੁਕਮਨਾਮੇ ਦਾ ਵਪਾਰੀ-ਕਰਨ ਕਰਕੇ ਇਸ ਦੀ ਆੜ ਹੇਠ ਇਤਰਾਜ਼ਯੋਗ ਅਤੇ ਅਸ਼ਲੀਲ ਸਮਗਰੀ ਵੇਚਣ ਦੀਆਂ ਸਾਜਿਸ਼ਾਂ ਕਰਦੇ ਰਹੇ ਹਨ, ਜਿਸ ਨੂੰ ਸਿੱਖ ਆਪਣੇ ਪਰਿਵਾਰ ਵਿਚ ਬੈਠ ਕੇ ਨਹੀਂ ਦੇਖ ਸਕਦੇ। ਜਦਕਿ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਗੁਰਬਾਣੀ ਦੀ ਆੜ ਹੇਠ ਅਸ਼ਲੀਲਤਾ ਪੀਟੀਸੀ ਪਰੋਸ ਰਿਹਾ ਹੈ ਤੇ ਸਿੱਖ ਘਰਾਂ ਤੱਕ ਪਹੁੰਚਾ ਰਿਹਾ ਹੈ। ਉਹਨਾਂ ਕਿਹਾ ਕਿ ਸਵੇਰੇ ਸ਼ਾਮ ਗੁਰਬਾਣੀ ਕੀਰਤਨ ਤੋਂ ਇਲਾਵਾ ਇਸ ਚੈਨਲ 'ਤੇ ਸਾਰਾ ਦਿਨ ਅਸ਼ਲੀਲ ਗੀਤ ਚਲਦੇ ਹਨ ਪਰ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਪ੍ਰਭਾਵ ਅਧੀਨ ਮੂਕ ਦਰਸ਼ਕ ਬਣੀ ਬੈਠੀ ਹੈ। 

ਇਸ ਮਸਲੇ ਬਾਰੇ ਆਏ ਵੱਖ-ਵੱਖ ਸਖਸ਼ੀਅਤਾਂ, ਜਥੇਬੰਦੀਆਂ ਦੇ ਬਿਆਨ
ਚੰਡੀਗੜ੍ਹ ਵਿਚ ਇਕ ਮੀਟਿੰਗ ਦੌਰਾਨ ਸਿੱਖ ਬੁੱਧੀਜੀਵੀਆਂ ਸ. ਗੁਰਤੇਜ ਸਿੰਘ ਆਈਏਐਸ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਗੁਰਬਚਨ ਸਿੰਘ, ਪ੍ਰੋ. ਬਲਵਿੰਦਰਪਾਲ ਸਿੰਘ, ਜਸਪਾਲ ਸਿੰਘ ਸਿੱਧੂ, ਖੁਸ਼ਹਾਲ ਸਿੰਘ, ਚੰਚਲ ਮਨੋਹਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਸੇ ਟੀਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਉਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ
ਕੀਰਤਨ ਅਤੇ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ।

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਵੀ ਆਪਣਾ ਇੱਕ ਨਵਾਂ ਕਾਰੋਬਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਉੱਤੇ ਦਬਾਅ ਪਾ ਕੇ ਆਪਣੀ ਮਾਲਕੀ ਵਾਲੇ ਟੀਵੀ ਚੈਨਲ ਨੂੰ ਪ੍ਰਸਾਰਨ ਦੇ ਹੱਕ ਦਿਵਾਏ ਹਨ। ਇਸ ਦਾ ਸਿੱਖ ਜਗਤ ਨੂੰ ਵਿਰੋਧ ਕਰਨਾ ਚਾਹੀਦਾ ਹੈ।

ਕੁਲਤਾਰ ਸਿੰਘ ਸੰਧਵਾਂ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਨਾਂ ਹੇਠ 'ਆਪ’ ਹੈਡਕੁਆਟਰ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸਰਬ ਸਾਂਝੀਵਾਲਤਾ ਦੇ ਧੁਰੇ ਸ਼੍ਰੀ ਦਰਬਾਰ ਸਾਹਿਬ ‘ਚ ਹੋ ਰਹੇ ਗੁਰਬਾਣੀ ਕੀਰਤਨ ਉੱਪਰ ਕਿਸੇ ਵਿਅਕਤੀ ਵਿਸ਼ੇਸ ਜਾਂ ਕਿਸੇ ਕੰਪਨੀ ਵੱਲੋਂ ਆਪਣਾ ਕਬਜ਼ਾ ਦਰਸਾਉਣਾ ਪਵਿੱਤਰ ਗੁਰਬਾਣੀ ਦੀ ਬੇਅਦਬੀ ਕਰਨ ਦੇ ਬਰਾਬਰ ਦਾ ਅਪਰਾਧ ਹੈ। ਉਹਨਾਂ ਦੁੱਖ ਪ੍ਰਗਟਾਉਦਿਆਂ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੌਮ ਤੇ ਅਮਰਵੇਲ ਬਣਕੇ ਛਾਏ ਹੋਏ ਬਾਦਲ ਪਰਿਵਾਰ ਨੇ ਸਿੱਖ ਇਤਿਹਾਸ, ਸਿੱਖ ਪਰੰਪਰਾਂਵਾਂ, ਅਕਾਲ ਤਖਤ ਸਾਹਿਬ, ਐਸਜੀਪੀਸੀ ਸਮੇਤ ਸਭ ਮਹਾਨ ਸੰਸਥਵਾਂ ਦੇ ਮਾਣ ਸਤਿਕਾਰ ਨੂੰ ਡੂੰਘੀਂ ਢਾਅ ਲਾਈ ਹੈ।

ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ,ਓਡਬੀ, ਲੈਸਟਰ
ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ,ਓਡਬੀ, ਲੈਸਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਤੋਂ ਸੰਗਤਾਂ ਲਈ ਪ੍ਰਸਾਰਿਤ ਹੁੰਦੇ ‘ਹੁਕਮਨਾਮੇ’ ਤੇ ਪੀ. ਟੀ. ਸੀ. ਚੈਨਲ ਵੱਲੋਂ ਨਿੱਜੀ ਮਲਕੀਅਤ ਦੇ ਕੀਤੇ ਦਾਅਵੇ ਦਾ ਸਖਤ ਨੋਟਿਸ ਲਿਆ ਗਿਆ ਹੈ।

ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦਾ ਨਿੱਜੀ ਚੈਨਲ ਗੁਰਬਾਣੀ ਦੇ ਹੁਕਮਨਾਮੇ ਤੇ ਨਿੱਜੀ ਹੱਕ ਜਤਾਉਣ ਦੀ ਗੁਸਤਾਖੀ ਨਾ ਕਰੇ ਤੇ ਆਪਣੀ ਔਕਾਤ ਵਿੱਚ ਰਹੇ। ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਤੋਂ ਬਾਅਦ ਹੁਣ ਬਾਦਲ ਪਰਵਾਰ ਗੁਰਬਾਣੀ ਅਤੇ ਪੰਥ ਦੀਆਂ ਸੰਸਥਾਵਾਂ ਦਾ ਵਪਾਰ ਕਰਨਾ ਤੁਰੰਤ ਬੰਦ ਕਰੇ।

ਉਹਨਾਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਣੀ ਸਰਬ-ਉੱਚ ਤਾਕਤ ਨੂੰ ਵਰਤਕੇ ਗੁਰਬਾਣੀ ਨੂੰ ਨਿੱਜੀ ਜਗੀਰ ਦੱਸਣ ਵਾਲਿਆਂ ਨੂੰ ਤਲਬ ਕੀਤਾ ਜਾਵੇ ਤੇ ਸਖਤ ਤੋਂ ਸਖਤ ਤਨਖਾਹ ਲਾ ਕੇ ਮਿਸਾਲ ਕਾਇਮ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਗੁਸਤਾਖੀ ਕਰਨ ਦੀ ਦੁਬਾਰਾ ਜੁਰਅੱਤ ਨਾ ਕਰ ਸਕੇ।

ਉਹਨਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੋਂ ਹੀ ਪੀਟੀਸੀ ਦਾ ਕਰਾਰ ਖਤਮ ਕਰਕੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਕਾਰਜ ਆਪਣੇ ਹੱਥ ਲੈ ਲਵੇ ਅਤੇ ਆਪਣਾ ਟਰਾਂਸਮੀਟਰ ਲਗਾਕੇ ਦੁਨੀਆਂ ਭਰ ਵਿੱਚ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰੇ। ਸਿੱਖਾਂ ਦੇ ਚੱਲ ਰਹੇ ਹਰ ਚੈਨਲ ਅਤੇ ਹਰ ਸਿੱਖ ਨੂੰ ਗੁਰਬਾਣੀ ਪ੍ਰਸਾਰਿਤ ਕਰਨ ਦੇ ਖੁੱਲੇ ਹੱਕ ਹੋਣ ਜੋ ਵੀ ਫਰੀ ਸੇਵਾ ਕਰ ਰਹੇ ਹਨ। ਉਹਨਾਂ ਪੀਟੀਸੀ ਚੈਨਲ ਨੂੰ ਤਾੜਨਾ ਕੀਤੀ ਕਿ ਦੋ ਘੰਟੇ ਗੁਰਬਾਣੀ ਦੇ ਪ੍ਰਸਾਰਣ ਤੋਂ ਤੁਰੰਤ ਬਾਅਦ ਹੀ ਸਾਰਾ ਦਿਨ ਜੋ ਦਿਖਾਈ ਜਾਂਦੀ ਹੈ ਉਸ ਨੂੰ ਬੰਦ ਕਰਨ ਨਹੀਂ ਤਾਂ ਅੱਕ ਕੇ ਵਿਦੇਸ਼ਾਂ ਦੀਆਂ ਸੰਗਤਾਂ ਚੈਨਲ ਦਾ ਬਾਈਕਾਟ ਕਰਨਗੀਆਂ।

ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਰਾਏ, ਹਰਭਜਨ ਸਿੰਘ,ਅਵਤਾਰ ਸਿੰਘ ਕਲੇਰ, ਅਮਰਜੀਤ ਸਿੰਘ ਛੋਕਰ, ਕੁਲਦੀਪ ਸਿੰਘ ਕੂਨਰ, ਜਰਨੈਲ ਸਿੰਘ ਧਾਮੀ, ਮਨਦੀਪ ਸਿੰਘ (ਸਟੇਜ ਸੈਕਟਰੀ),  ਗੁਰਜੀਤ ਸਿੰਘ ਸਮਰਾ (ਜਨਰਲ ਸੈਕਟਰੀ ਗੁਰਦੁਆਰਾ ਸਾਹਿਬ) ਆਦਿ ਮੋਜੂਦ ਸਨ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਪਵਿੱਤਰ ਗੁਰਬਾਣੀ ਸਮੁੱਚੀ ਮਾਨਵਤਾ ਦੇ ਕਲਿਆਣ ਵਾਸਤੇ ਹੈ, ਜਿਸ ਨੂੰ ਹਰ ਗੁਰਸਿੱਖ ਆਪਣੇ ਪ੍ਰਾਂਣਾਂ ਤੋਂ ਵੱਧ ਪਿਆਰ ਕਰਦਾ ਹੈ। ਇਸੇ ਤਰਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਰੋਜਾਨਾ ਆਉਣ ਵਾਲਾ ਹੁਕਮਨਾਮਾ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਵਾਸਤੇ ਹੁੰਦਾ ਹੈ। ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਕਿਸੇ ਵੀ ਸੰਸਥਾ, ਅਦਾਰੇ ਜਾਂ ਵਿਆਕਤੀ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ।

ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਗੁਰਬਾਣੀ ਤੇ ਏਕਾਅਧਿਕਾਰ ਦਾ ਦਾਅਵਾ ਕਰਨ ਵਾਲੀ ਪੀ. ਟੀ. ਸੀ.  ਅਤੇ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਸਖਤ ਨਿਖੇਧੀ ਕੀਤੀ ਗਈ ਹੈ ਜਿਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਤੇ ਆਪਣਾ ਅਧਿਕਾਰ ਜਿਤਾਇਆ ਹੈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਸੋਸ਼ਲ ਮੀਡੀਏ ਵੀ ਵਰਤੋਂ ਕਰਨ ਵਾਲੇ ਸਮੂਹ ਭੈਣ ਭਰਾਵਾਂ ਨੂਂ ਸੱਦਾ ਦਿੱਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹੋ ਰਹੇ ਗੁਰਬਾਣੀ ਕੀਰਤਨ ਅਤੇ ਹੁਕਮਨਾਮਾ ਸਾਹਿਬ ਨੂੰ ਵੱਧ ਤੋਂ ਵੱਧ ਪ੍ਰਸਾਰਿਤ ਕਰਕੇ ਏਕਾਅਧਿਕਾਰ ਦੇ ਦਾਅਵੇਦਾਰ ਅਖੌਤੀ ਅਦਾਰਿਆਂ ਦੀ ਧੱਜੀਆਂ ਉਡਾ ਦਿਉ।

ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਇਸ ਮਾਮਲੇ ਸੰਬੰਧੀ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਤੇ ਆਪਣਾ ਹੱਕ ਜਿਤਾਉਣਾ ਗੁਰਬਾਣੀ ਦਾ ਘੋਰ ਨਿਰਾਦਰ ਹੈ। ਉਹਨਾਂ ਆਖਿਆ ਇਹਨਾਂ ਦੋਸ਼ੀਆਂ ਖਿਲਾਫ ਸਿੱਖ ਮਰਿਆਦਾ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।

ਬਾਜਵਾ ਨੇ ਆਖਿਆ ਕਿ ਦਰਬਾਰ ਸਾਹਿਬ ਦਾ ਹੁਕਮਨਾਮਾ ਕਿਸੇ ਵਿਅਕਤੀ ਜਾਂ ਕਿਸੇ ਸੰਸਥਾ ਦੀ ਜਗੀਰ ਨਹੀਂ ਹੋ ਸਕਦਾ। ਉਹਨਾਂ ਆਖਿਆ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀਵੀ ਚੈਨਲ ਵੱਲੋਂ ਦਰਬਾਰ ਸਾਹਿਬ ਤੋਂ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਹੁਕਮਨਾਮਾ ਸਾਹਿਬ ਉੱਤੇ ਆਪਣਾ ਹੱਕ ਜਿਤਾਉਣਾ ਗੁਰਬਾਣੀ ਦੇ ਸਰਬ ਸਾਂਝੇ ਉਦੇਸ਼ ਤੋਂ ਉਲਟ ਹੈ। ਬਾਜਵਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀ.ਵੀ ਚੈਨਲ ਨਾਲ ਸਮਝੋਤੇ ਨੂੰ ਜਨਤਕ ਕਰਨ ਤਾਂ ਜੋ ਸਿੱਖ ਕੌਮ ਨੂੰ ਅਸਲੀਅਤ ਦਾ ਪਤਾ ਲੱਗ ਸਕੇ।

ਪੰਚ ਪ੍ਰਧਾਨੀ ਯੂਕੇ ਅਤੇ ਸਿੱਖ ਐਜੂਕੇਸ਼ਨਲ ਕੌਂਸਲ
ਪੰਚ ਪ੍ਰਧਾਨੀ ਯੂ.ਕੇ ਅਤੇ ਸਿੱਖ ਐਜੂਕੇਸ਼ਨਲ ਕੋਂਸਲ ਵੱਲੋਂ ਕਿਹਾ ਗਿਆ ਕਿ ਕੁਝ ਵਪਾਰੀ ਕਿਸਮ ਦੇ ਲੋਕ ਜੋ ਕਿ ਸਿੱਖ ਕੌਮ ਦੀ ਸਿਆਸਤ ਤੇ ਵੀ ਕਾਬਜ ਹੋਏ ਹੋਏ ਹਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਪਰਸਾਰਤ ਹੁੰਦੀ ਗੁਰੂ ਸਾਹਿਬ ਦੀ ਬਾਣੀ ਦਾ ਜੋ ਵਪਾਰੀਕਰਨ ਕੀਤਾ ਜਾ ਰਿਹਾ ਹੈ ਉਹ ਨਾ ਕੇਵਲ ਮੰਦਭਾਗਾ ਹੈ ਬਲਕਿ ਦੁਖਦਾਈ ਵੀ ਹੈ। 
ਪੰਚ ਪਰਧਾਨੀ ਯੂ.ਕੇ ਅਤੇ ਸਿੱਖ ਐਜੂਕੇਸ਼ਨਲ ਕੌਂਸਲ ਸਮਝਦੀ ਹੈ ਕਿ ਸੱਤਾ ਦੇ ਵਪਾਰੀਕਰਨ ਦਾ ਰੁਝਾਨ ਹੁਣ ਧਰਮ ਅਤੇ ਗੁਰਬਾਣੀ ਦੇ ਵਪਾਰੀਕਰਨ ਤੱਕ ਪਹੁੰਚ ਗਿਆ ਹੈ ਜੋ ਕਾਫੀ ਮੰਦਭਾਗਾ ਹੈ। ਜਿਹੜੇ ਸੱਜਣ ਇੱਕ ਨਿੱਜੀ ਪੰਜਾਬੀ ਚੈਨਲ ਚਲਾ ਰਹੇ ਹਨ ਉਹ ਪੰਜਾਬ ਅਤੇ ਸਿੱਖ ਪੰਥ ਵਿਚ ਕਾਫੀ ਮਹੱਤਵਪੂਰਨ ਥਾਂ ਰੱਖਦੇ ਹਨ ਇਸ ਲਈ ਇਨ੍ਹਾਂ ਸੱਜਣਾਂ ਨੂੰ ਚਾਹੀਦਾ ਹੈ ਕਿ, ਪੰਜਾਬ ਦੇ ਸਾਰੇ ਕੁਦਰਤੀ ਸਰੋਤਾਂ ਦਾ ਵਪਾਰੀਕਰਨ ਕਰਦੇ ਕਰਦੇ ਹੁਣ ਉਹ ਗੁਰਬਾਣੀ ਦਾ ਵਪਾਰੀਕਰਨ ਨਾ ਕਰਨ ਤਾਂ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਨਾਅ ਕਿਤੇ ਕਾਲੇ ਅੱਖਰਾਂ ਵਿਚ ਨਾ ਲਿਖਿਆ ਜਾਵੇ।

ਸੁਨੀਲ ਜਾਖੜ
ਦਰਬਾਰ ਸਾਹਿਬ ਤੋਂ ਉਚਾਰਣ ਕੀਤੀ ਜਾਂਦੀ ਗੁਰਬਾਣੀ ਤੇ ਕਿਸੇ ਨਿਜੀ ਚੈਨਲ ਦੀ ਅਜਾਰੇਦਾਰੀ ਤੇ ਸਵਾਲ ਕਰਦਿਆਂ ਇਸ ਨੂੰ ਸਿੱਖੀ ਸਿਧਾਂਤਾਂ ਦੇ ਖਿਲਾਫ ਦੱਸਦਿਆਂ ਸ਼ਨਿਚਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ, ਇਸ ਨਿੱਜੀ ਚੈਨਲ ਦਾ ਮਾਲਕ ਹੋਣ ਦੇ ਨਾਤੇ, ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ। ਕਿਸੇ ਫੇਸਬੁੱਕ ਪੰਨੇ ਤੇ ਸ੍ਰੀ ਹੁਕਮਨਾਮਾ ਸਾਹਿਬ ਸਾਂਝਾ ਕੀਤੇ ਜਾਣ ਤੋਂ ਰੋਕੇ ਜਾਣ ਦੀ ਘਟਨਾ ਦੀ ਉਨ੍ਹਾਂ ਨਿੰਦਾ ਕੀਤੀ ਤੇ ਇਸ ਨੂੰ ਮੰਦਭਾਗਾ ਦੱਸਿਆ। 

ਉਨ੍ਹਾ ਕਿਹਾ ਕਿ ਅਜਿਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ, ਜੋ ਕਿ ਇਸ ਚੈਨਲ ਦਾ ਸਭ ਕੁਝ ਹੈ, ਨੇ ਸਿੱਖੀ ਸਿਧਾਂਤ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਖਬੀਰ ਵੱਲੋਂ, ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੁੱਲ ਤੇ ਆਪਣੇ ਨਿੱਜੀ ਵਿੱਤੀ ਲਾਭ ਪੂਰਾ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਵਿਚ ਦਖਲ ਦੇਣਾ ਚਾਹੀਦਾ ਹੈ। ਉਨ੍ਹਾ ਇਹ ਵੀ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਐੱਸ ਜੀ ਪੀ ਸੀ ਜੋ ਕਿ ਸੁਖਬੀਰ ਦੇ ਸਿੱਧੇ ਗਲਬੇ ਹੇਠ ਹੈ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਚਾਰ ਦੇ ਸਾਰੇ ਹੱਕ ਇਕ ਨਿਗੁਣੀ ਕੀਮਤ ਤੇ ਇਕ ਨਿੱਜੀ ਚੈਨਲ ਨੂੰ ਦੇ ਦਿਤੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਆਪਣਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।