"ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ" ਸ਼ਬਦ ਮੇਰੀ ਸਰਕਾਰ 'ਤੇ ਵੀ ਢੁਕਦਾ: ਮੰਤਰੀ ਰੰਧਾਵਾ

ਬਟਾਲਾ: ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਦੇ ਸਮੂਹ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਅੱਜ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਿੰਡ ਧਾਰੋਵਾਲੀ ਵਿਖੇ ਉਹਨਾਂ ਦੇ ਘਰ ਬਾਹਰ ਧਰਨਾ ਲਾਇਆ ਗਿਆ। ਇਸ ਮੌਕੇ ਸਿੱਖ ਰਵਾਇਤੀ ਸਾਜ਼ਾਂ ਨਾਲ "ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੈ" ਸ਼ਬਦ ਦਾ ਗਾਇਨ ਕੀਤਾ ਗਿਆ। 

ਇਸ ਮੌਕੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸੰਗਤਾਂ ਵਿੱਚ ਆ ਕੇ ਬੈਠੇ ਤੇ ਉਹਨਾਂ ਦੇ ਮੂੰਹ 'ਤੇ ਸੰਗਤ ਨੇ ਇਹ ਸ਼ਬਦ ਦਾ ਗਾਇਨ ਕੀਤਾ। ਜ਼ਿਕਰਯੋਗ ਹੈ ਕਿ ਬਰਗਾੜੀ ਵਿਖੇ ਲੱਗੇ ਇਨਸਾਫ ਮੋਰਚੇ ਨੂੰ ਖਤਮ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਮੰਤਰੀ ਰੰਧਾਵਾ ਨੇ ਅਹਿਮ ਰੋਲ ਨਿਭਾਇਆ ਸੀ ਤੇ ਸਟੇਜ ਤੋਂ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਜਲਦ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। 

ਅੱਜ ਸੰਗਤਾਂ ਦੇ ਇਕੱਠ ਵਿੱਚ ਆਪਣੀ ਸਰਕਾਰ ਦੀ ਨਾਕਾਮੀ ਨੂੰ ਪ੍ਰਵਾਨ ਕਰਦਿਆਂ ਉਹਨਾਂ ਕਿਹਾ ਕਿ ਇਨਸਾਫ ਮਿਲਣ ਵਿੱਚ ਬਹੁਤ ਦੇਰ ਲੱਗ ਰਹੀ ਹੈ। ਉਹਨਾਂ ਮੰਨਿਆ ਕਿ ਇਹ ਸ਼ਬਦ ਉਹਨਾਂ ਦੀ ਸਰਕਾਰ ਲਈ ਵੀ ਬਿਲਕੁਲ ਸਹੀ ਢੁਕਦਾ ਹੈ। 

ਦੱਸ ਦਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਇਸੇ ਤਰ੍ਹਾਂ ਧਰਨੇ ਲਾਉਣ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਸੱਤਾ ਦੇ ਨਸ਼ੇ 'ਚ ਚੂਰ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ। 

ਅਲਾਇੰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਸੁਖਦੇਵ ਸਿੰਘ ਫਗਵਾੜਾ ਨੇ ਕੈਬਨਿਟ ਮੰਤਰੀ ਨੂੰ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਤੁਸੀਂ ਬਰਗਾੜੀ ਮੋਰਚੇ ਦੀ ਸਮਾਪਤੀ ਅਤੇ ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਚਾਰ ਕਰਨ ਲਈ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਜਜ਼ਬਾਤੀ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਅਸੀਂ ਆਪਣੀ ਸਰਕਾਰ ਵਿੱਚ ਰਹਿੰਦਿਆਂ ਬਹਿਬਲ ਕਲਾਂ ਅਤੇ ਬਰਗਾੜੀ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਤੇ ਉਨ੍ਹਾਂ ਦੀ ਰਹਿੰਦੀ ਉਮਰ ਜੇਲ੍ਹਾਂ ਵਿੱਚ ਗੁਜ਼ਰੇਗੀ ਅਤੇ ਵਿਸ਼ੇਸ਼ ਸੈਸ਼ਨ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਬਰਗਾੜੀ ਕੇਸ ਦੀ ਜਾਂਚ ਸੀਬੀਆਈ ਤੋਂ ਵਾਪਸ ਲਈ ਜਾਵੇਗੀ !

ਸੁਖਦੇਵ ਸਿੰਘ ਫਗਵਾੜਾ ਨੇ ਮੰਤਰੀ ਤੋਂ ਪੁੱਛਿਆ ਕਿ ਪਿਛਲੇ 16 ਮਹੀਨਿਆਂ ਵਿੱਚ ਤੁਸੀਂ ਕੋਈ ਇੱਕ ਵੀ ਕਦਮ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਪੁੱਟਿਆ ਹੈ ਤਾਂ ਦੱਸੋ ??
ਤੁਸੀਂ ਸਦਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਖਿਆ ਸੀ ਕਿ ਬਹਿਬਲ ਕਲਾਂ ਦੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਆਦਿ ਹਨ ਪਰ ਇਹ ਲੋਕ ਤੁਹਾਡੀ ਸਰਕਾਰ ਦੀ ਬਣਾਈ ਹੋਈ ਕਿਸੇ ਵੀ ਸਿੱਟ ਦੇ ਜਾਂਚ ਦੇ ਘੇਰੇ ਵਿੱਚ ਵੀ ਕਿਉਂ ਨਹੀਂ ਹਨ??
ਤੁਸੀਂ ਕਿਹਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਮਰਦੇ ਦਮ ਤੱਕ ਜੇਲ੍ਹਾਂ ਵਿੱਚ ਰਹਿਣਗੇ ਪਰ ਰਾਮ ਰਹੀਮ ਵਰਗੇ ਵੱਡੇ ਦੋਸ਼ੀਆਂ ਨੂੰ ਨਾਮਜ਼ਦ ਕਰਨਾ ਤਾਂ ਦੂਰ ,ਫੜੇ ਗਏ ਦੋਸ਼ੀ ਹਾਲਾਂਕਿ ਉਹ ਹੇਠਲੇ ਪੱਧਰ ਦੇ ਹੀ ਸਨ ਕੁਝ ਦਿਨਾਂ ਵਿੱਚ ਹੀ ਜ਼ਮਾਨਤਾਂ ਤੇ ਬਾਹਰ ਕਿਵੇਂ ਆ ਗਏ ??
ਮੌੜ ਬੰਬ ਧਮਾਕੇ ਦੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਦੋਸ਼ੀਆਂ ਦੀਆਂ ਬਰੂਹਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਵਾਪਸ ਮੁੜ ਜਾਂਚ ਠੱਪ ਕਰ ਕੇ ਕਿਉਂ ਬੈਠੀ ਹੋਈ ਹੈ ??
ਇਸ ਮੌਕੇ ਸੰਗਤਾਂ ਨੇ ਮੰਤਰੀ ਨੂੰ ਪੁੱਛਿਆ ਕਿ ਇਕ ਪਾਸੇ ਤੁਸੀਂ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ ਸ਼ਹੀਦੀ ਦੇ ਦਿੱਤੀ ਸੀ ,ਦੂਸਰੇ ਪਾਸੇ ਤੁਸੀਂ ਸਰਕਾਰ ਵਿੱਚ ਰਹਿੰਦਿਆਂ ਆਪਣੀ ਹੀ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦਾ ਦੇਖ ਵਜ਼ੀਰੀਆਂ ਮਾਨਣ ਲਈ ਚੁੱਪ ਬੈਠੇ ਹੋਏ ਹਨ !
ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਿੱਚ ਨਾ ਕਾਮਯਾਬ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ !ਉਨ੍ਹਾਂ ਇਨਸਾਫ ਹੋਣ ਵਿੱਚ ਹੋ ਰਹੀ ਦੇਰੀ ਲਈ ਸ਼ਰਮਿੰਦਗੀ ਮਹਿਸੂਸ ਕਰਦਿਆਂ ਕਿਹਾ ਕਿ ਉਹ ਜਲਦ ਮੁੱਖ ਮੰਤਰੀ ਨਾਲ ਮਿਲ ਕੇ ਇਨ੍ਹਾਂ ਕੇਸਾਂ ਵਿੱਚ ਇਨਸਾਫ਼ ਦੇਣ ਵਿੱਚ ਹੋ ਰਹੀ ਦੇਰੀ ਸਬੰਧੀ ਵਿਚਾਰ ਕਰਨਗੇ !
ਜਿਸ ਤੋਂ ਬਾਅਦ ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਵੱਲੋਂ ਜੇਲ ਮੰਤਰੀ ਨੂੰ ਉਨ੍ਹਾਂ ਦਾ ਬਰਗਾੜੀ ਮੋਰਚੇ ਵੇਲੇ ਦਿੱਤਾ ਭਾਸ਼ਣ ਮਾਈਕ ਤੇ ਦੁਬਾਰਾ ਸੁਣਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਹਾ ਸੀ ਕਿ "ਜੇ ਉਹ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਪਾਏ ਤਾਂ ਉਨ੍ਹਾਂ ਦਾ ਹਸ਼ਰ ਵੀ ਬਾਦਲਾਂ ਵਰਗਾ ਜਾਂ ਉਸ ਤੋਂ ਵੀ ਮਾੜਾ ਹੋਵੇ " ਅਤੇ ਯਾਦ ਕਰਵਾਇਆ ਗਿਆ ਕਿ ਤੁਸੀਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲੇ ਸਨ ਜੇ ਤੁਸੀਂ ਇਨਸਾਫ਼ ਨਾ ਦਿਵਾ ਪਾਏ ਤਾਂ ਅਸੀਂ ਚਾਹਾਂਗੇ ਕਿ ਤੁਹਾਡੇ ਇਹ ਸ਼ਬਦ ਪੂਰੇ ਹੋਣ !
ਅੰਤ ਵਿੱਚ ਜਥੇ ਵਿੱਚ ਸ਼ਾਮਲ ਸੰਗਤਾਂ ਨੇ ਹੱਥ ਵਿੱਚ ਫੜੇ ਪੋਸਟਰ ਜਿਨ੍ਹਾਂ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਦੇ ਇਨਸਾਫ਼ ਲਈ ਨਾਅਰੇ ਲਿਖੇ ਹੋਏ ਸਨ, ਉਹ ਜੇਲ ਮੰਤਰੀ ਨੂੰ ਸੌਂਪੇ ਅਤੇ ਜੇਲ੍ਹ ਮੰਤਰੀ ਨੇ ਵੀ ਕਿਹਾ ਕਿ ਉਹ ਇਹ ਪੋਸਟਰ ਜਲਦ ਜਾ ਕੇ ਮੁੱਖ ਮੰਤਰੀ ਨੂੰ ਦੇਣਗੇ !

ਇਸ ਜਥੇ ਵਿੱਚ ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਹੁਸ਼ਿਆਰਪੁਰ, ਮਨਜੀਤ ਸਿੰਘ ਕਰਤਾਰਪੁਰ ਤੋਂ ਇਲਾਵਾ ਅਲਾਇੰਸ ਨਾਲ ਸਬੰਧਤ ਜਥੇਬੰਦੀਆਂ ਦੇ ਆਗੂ ਗੁਰਸਾਹਿਬ ਸਿੰਘ ਲੁਧਿਆਣਾ , ਹਰਪ੍ਰੀਤ ਸਿੰਘ ਸੋਢੀ, ਸੁਖਜੀਤ ਸਿੰਘ ,ਸਿਮਰਨਜੀਤ ਸਿੰਘ, ਗੁਰਮੀਤ ਸਿੰਘ, ਸਰਬਜੋਤ ਸਿੰਘ ਹਰਿਆਣਾ ,ਅਮਰਜੀਤ ਸਿੰਘ ਸੁਰ ਸਿੰਘ ਨਵਜੋਧ ਸਿੰਘ ਹਰੀਕੇ, ਮਨਬੀਰ ਸਿੰਘ ਹਰੀਕੇ ,ਐਡਵੋਕੇਟ ਸੁਖਵਿੰਦਰ ਸਿੰਘ ਕਰਮਜੀਤ ਸਿੰਘ ,ਹਰਪ੍ਰੀਤ ਸਿੰਘ ਲੁਧਿਆਣਾ ,ਕਮਲਬੀਰ ਸਿੰਘ, ਕੁਲਦੀਪ ਸਿੰਘ , ਪ੍ਰਭਜੋਤ ਸਿੰਘ ,ਇੰਦਰਪ੍ਰੀਤ ਸਿੰਘ, ਕਰਮਜੀਤ ਸਿੰਘ ਆਦਿ ਸਿੰਘ ਹਾਜ਼ਰ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।